ਸੁਲਤਾਨਪੁਰ ਲੋਧੀ-5 ਜਨਵਰੀ ( ਤਾਜੀਮਨੂਰ ਕੌਰ) ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਖ਼ੁਦਕੁਸ਼ੀ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਜਾਂਚ ’ਚ ਲੱਗੀਆਂ ਕਪੂਰਥਲਾ ਪੁਲਸ ਦੀਆਂ ਟੀਮਾਂ ਵੱਲੋਂ ਪੂਰੀ ਤਰ੍ਹਾਂ ਤਫ਼ਤੀਸ਼ ਕਰਨ ਤੋਂ ਬਾਅਦ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਅਤੇ ਮੁਨਸ਼ੀ ਖ਼ਿਲਾਫ਼ ਮਾਣਯੋਗ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ। ਹੁਣ ਅਦਲਾਤ ਵੱਲੋਂ ਢਿੱਲੋਂ ਬ੍ਰਦਰਜ਼ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਅਤੇ ਮੁਨਸ਼ੀ ਨੂੰ 31 ਜਨਵਰੀ 2025 ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਵੱਲੋਂ ਆਪਣੇ-ਆਪਣੇ ਪੱਖ ਅਤੇ ਸਬੂਤ ਪੇਸ਼ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਇਕ ਸਿੱਟ ਬਿਠਾਈ ਗਈ ਸੀ। ਹਾਈਕੋਰਟ ਨੇ ਸਿੱਟ ਨੂੰ ਮਾਮਲੇ ’ਚ 31 ਦਸੰਬਰ 2024 ਤਕ ਆਪਣੀ ਤਫ਼ਤੀਸ਼ ਮੁਕੰਮਲ ਕਰਨ ਦੇ ਹੁਕਮ ਦਿੱਤੇ ਸਨ। ਸਿੱਟ ਵੱਲੋਂ ਚੰਗੀ ਤਰ੍ਹਾਂ ਤਫ਼ਤੀਸ਼ ਕਰਨ ਤੋਂ ਬਾਅਦ ਹੀ ਮਾਣਯੋਗ ਅਦਾਲਤ ਵਿਚ ਚਲਾਨ ਪੇਸ਼ ਕੀਤਾ ਹੈ। ਉਧਰ, ਮਾਮਲੇ ’ਚ ਮ੍ਰਿਤਕ ਦੀ ਡੀ. ਐੱਨ. ਏ. ਰਿਪਰੋਟ ਆਉਣੀ ਬਾਕੀ ਹੈ। ਪਹਿਲੀ ਰਿਪੋਰਟ ਲਾਸ਼ ਜ਼ਿਆਦਾ ਗਲੀ ਸੜੀ ਹੋਣ ਕਾਰਨ ਸਹੀ ਨਹੀਂ ਆ ਸਕੀ ਸੀ, ਇਸ ਲਈ ਕਪੂਰਥਲਾ ਪੁਲਸ ਵੱਲੋਂ ਡੀ. ਐੱਨ. ਏ. ਲੈ ਕੇ ਦੋਬਾਰਾ ਜਾਂਚ ਲਈ ਭੇਜਿਆ ਸੀ।
ਕੀ ਹੈ ਸਾਰਾ ਮਾਮਲਾ..?
ਜ਼ਿਕਰਯੋਗ ਹੈ ਕਿ 16 ਅਗਸਤ 2023 ਨੂੰ ਪਤੀ-ਪਤਨੀ ਦੇ ਘਰੇਲੂ ਝਗੜੇ ਨੂੰ ਹੱਲ ਕਰਨ ਲਈ ਦੋਵੇਂ ਧਿਰਾਂ ਜਲੰਧਰ ਦੇ ਥਾਣਾ ਨੰ. 1 ’ਚ ਇੱਕਠੀਆਂ ਹੋਈਆਂ ਸਨ। ਦੋਵਾਂ ਧਿਰਾਂ ਵਿਚ ਤੂੰ-ਤੂੰ, ਮੈਂ-ਮੈਂ ਹੋਈ। ਇਸ ਦੌਰਾਨ ਲੜਕੀ ਧਿਰ ਵੱਲੋਂ ਆਪਣੇ ਦੋਸਤ ਮਾਨਵਦੀਪ ਉੱਪਲ ਨਾਲ ਆਏ ਮਾਨਵਜੀਤ ਸਿੰਘ ਢਿੱਲੋਂ ’ਤੇ ਪੁਲਸ ਨੇ 107/51 ਦਾ ਕੇਸ ਦਰਜ ਕਰ ਦਿੱਤਾ। ਮਾਨਵਜੀਤ ਸਿੰਘ ਢਿੱਲੋਂ ਨੂੰ ਕਥਿਤ ਤੌਰ ’ਤੇ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਨੇ ਕਾਫ਼ੀ ਜਲੀਲ ਕੀਤਾ ਅਤੇ ਕੁੱਟਮਾਰ ਕਰਦੇ ਹੋਏ ਉਸ ਦੀ ਪੱਗ ਉਤਾਰ ਦਿੱਤੀ ਸੀ। ਇਸ ਬਾਰੇ ਜਦੋਂ ਮਾਨਵਜੀਤ ਸਿੰਘ ਢਿੱਲੋਂ ਦੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਨੂੰ ਪਤਾ ਲੱਗਦਾ ਹੈ ਤਾਂ ਉਹ ਇਹ ਸਭ ਕੁੱਝ ਸਹਾਰ ਨਾ ਸਕਿਆ। ਉਸ ਨੇ ਗੋਇੰਦਵਾਲ ਸਾਹਿਬ ਦੇ ਪੁੱਲ ਤੋਂ ਦਰਿਆ ਬਿਆਸ ਵਿਚ ਛਾਲ ਮਾਰ ਦਿੱਤੀ, ਜਿਸ ਦੇ ਮਗਰ ਹੀ ਮਾਨਵਜੀਤ ਸਿੰਘ ਢਿੱਲੋਂ ਨੇ ਛਾਲ ਮਾਰ ਦਿੱਤੀ। ਕਪੂਰਥਲਾ ਪੁਲਸ ਨੂੰ ਕਾਫ਼ੀ ਦਿਨਾਂ ਬਾਅਦ ਸਖਤ ਮਿਹਨਤ ਤੋਂ ਬਾਅਦ ਜਸ਼ਨਵੀਰ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਕਰ ਲਈ ਸੀ। ਇਸ ਦੌਰਾਨ ਜਸ਼ਨਵੀਰ ਸਿੰਘ ਢਿੱਲੋਂ ਦੀ ਲਾਸ਼ ਮਿਲਣ ਉਪਰੰਤ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਵਿਰੁੱਧ ਆਈ. ਪੀ. ਸੀ. ਦੀ ਧਾਰਾ 306, 506 ਅਤੇ 343 ਤਹਿਤ ਮਾਮਲਾ ਦਰਜ ਕੀਤਾ ਸੀ।
ਪਰਿਵਾਰ ਮੈਂਬਰ ਬੋਲੇ : ਆਖਿਰ ਇਨਸਾਫ਼ ਦੀ ਕਿਰਨ ਆਈ ਨਜ਼ਰ, ਮਾਣਯੋਗ ਅਦਾਲਤ ’ਤੇ ਪੂਰਨ ਭਰੋਸਾ
ਭਾਵੁਕ ਹੁੰਦਿਆਂ ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਆਖਿਰ ਉਨ੍ਹਾਂ ਨੂੰ ਇਨਸਾਫ਼ ਦੀ ਕਿਰਨ ਨਜ਼ਰ ਆਈ ਹੈ। ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਉਣ ਲਈ ਉਨ੍ਹਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਦਿਨ-ਰਾਤ ਦਰ-ਦਰ ਠੋਕਰਾਂ ਖਾਦੀਆਂ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਅਦਾਲਤ ’ਤੇ ਉਨ੍ਹਾਂ ਨੂੰ ਪੂਰਨ ਭਰੋਸਾ ਹੈ। ਉਮੀਦ ਹੈ ਕਿ ਮਾਮਲੇ ’ਚ ਸੱਚਾਈ ਦੀ ਜਿੱਤ ਹੋਵੇਗੀ। ਉਨ੍ਹਾਂ ਦੇ ਲੜਕਿਆਂ ਦੀ ਮੌਤ ਦੇ ਜ਼ਿੰਮੇਵਾਰ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਉਣ ਲਈ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਬਚਾਉਣ ਲਈ ਸਿਆਸੀ ਲੀਡਰਾਂ ਅਤੇ ਪੁਲਸ ਦੀ ਕਈ ਉੱਚ ਅਧਿਕਾਰੀਆਂ ਨੇ ਪੂਰੀ ਵਾਹ ਲਗਾ ਦਿੱਤੀ ਪਰ ਸੱਚਾਈ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ ’ਚ ਜੋ ਕੁੱਝ ਹੋਇਆ ਅਤੇ ਜੋ ਰੌਲਾ ਪਿਆ ਮੈਨੂੰ ਸਾਰਾ ਕੁਝ ਪਤਾ ਹੈ।
Author: Gurbhej Singh Anandpuri
ਮੁੱਖ ਸੰਪਾਦਕ