ਖਿਡਾਰੀਆਂ ਦੀ ਜੋੜੀ ਨਵਜੋਤ ਸਿੰਘ ਤੇ ਪਰਗਟ ਸਿੰਘ :-ਪ੍ਰਿੰ. ਸਰਵਣ ਸਿੰਘ

28


ਖੇਡਾਂ ਖਿਡਾਰੀਆਂ ਬਾਰੇ ਲਿਖਣਾ ਮੇਰਾ ਸ਼ੌਕ ਹੈ। ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਐ ਖੇਡਾਂ ਖਿਡਾਰੀਆਂ ਬਾਰੇ ਲਿਖਦੇ ਨੂੰ। ਸਿਆਸੀ ਨੇਤਾਵਾਂ ਨਾਲ ਮੇਰਾ ਕੋਈ ਲਾਗਾ ਦੇਗਾ ਨਹੀਂ। ਖ਼ੁਸ਼ਾਮਦ ਨਾ ਕਦੇ ਕੀਤੀ ਹੈ ਨਾ ਕਰਨੀ ਹੈ ਪਰ ਬਣਦੀ ਪਰਸੰਸਾ ਕੀਤੇ ਬਿਨਾਂ ਰਿਹਾ ਵੀ ਨਹੀਂ ਜਾਂਦਾ। ਸੰਸਕ੍ਰਿਤ ਦੇ ਇਕ ਸ਼ਲੋਕ ਦਾ ਅਰਥ ਹੈ: ਕਾਦਰ ਨੇ ਜ਼ਬਾਨ ਤੇ ਕਲਮ ਇਸ ਲਈ ਦਿੱਤੀ ਹੈ ਕਿ ਯੋਗ ਲੋਕਾਂ ਦੀ ਪਰਸੰਸਾ ਕੀਤੀ ਜਾਵੇ ਨਹੀਂ ਤਾਂ ਕਾਦਰ ਜ਼ਬਾਨ ਤੇ ਕਲਮ ਵਾਪਸ ਲੈ ਸਕਦੈ। ਖ਼ਬਰ ਆਈ ਹੈ ਕਿ ਨਵਜੋਤ ਸਿੰਘ ਨੇ ਪ੍ਰਧਾਨ ਬਣਨ ਪਿੱਛੋਂ ਪਰਗਟ ਸਿੰਘ ਨੂੰ ਜਨਰਲ ਸਕੱਤਰ ਥਾਪ ਲਿਐ। ਖੇਡ ਜਗਤ ਵੱਲੋਂ ਦੋਹਾਂ ਨੂੰ ਮੁਬਾਰਕਾਂ!
ਦੋਹੇਂ ਵਿਸ਼ਵ ਪੱਧਰ ਦੇ ਨਾਮਵਰ ਖਿਡਾਰੀ ਰਹੇ ਹਨ। ਉਹਨਾਂ ਦੀ ਟੀਮ ਖੇਡਾਂ, ਸਿਹਤ, ਯੁਵਕਾਂ, ਉਸਾਰੂ ਮਨੋਰੰਜਨ, ਸਿੱਖਿਆ, ਰੁਜ਼ਗਾਰ, ਆਰਥਿਕ ਖੁਸ਼ਹਾਲੀ, ਅਮਨ ਚੈਨ, ਭ੍ਰਿਸ਼ਟਾਚਾਰ ਮੁਕਤ ਈਮਾਨਦਾਰ ਪ੍ਰਸਾਸ਼ਨ, ਪੰਜਾਬ ਦੇ ਹਿਤਾਂ ਦੀ ਰਾਖੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਦੀਆਂ ਗੱਲਾਂ ਕਾਫੀ ਦੇਰ ਤੋਂ ਕਰਦੀ ਆ ਰਹੀ ਹੈ, ਹੁਣ ਅਮਲ ਕਰ ਕਰਵਾ ਸਕਣ ਤਾਂ ਕਿਆ ਬਾਤਾਂ! ਪੰਜਾਬ ਦਾ ਸੰਕਟ ਸਿਆਸੀ ਨੇਤਾਵਾਂ ਦਾ ਖ਼ੁਦਗਰਜ਼ੀ ਵਿਚ ਗ੍ਰਸੇ ਹੋਣ ਤੇ ਖੁਦਪ੍ਰਸਤ ਹੋਣ ਦਾ ਹੈ। ਮਨ ਹੋਰ ਮੁਖ ਹੋਰ ਹੋਣ ਦਾ। ਲੁੱਟ ਖਸੁੱਟ ਦਾ ਤੇ ਮਾਰ ਧਾੜ ਦਾ। ਭਾਈ ਲਾਲੋਆਂ ਦੇ ਹੱਕ ਮਾਰਨ ਤੇ ਮਲਕ ਭਾਗੋਆਂ ਦੀਆਂ ਤਜੌਰੀਆਂ ਭਰਨ ਦਾ। ਈਮਾਨਦਾਰੀ ਦੀ ਥਾਂ ਬੇਈਮਾਨੀ ਦਾ ਅਤੇ ਕਰਨੀ ਦੀ ਥਾਂ ਕਹਿਣੀ ਦੇ ਝੂਠ ਤੂਫ਼ਾਨ ਦਾ ਹੈ। ਮੈਂ ਕਿਸੇ ਦੇ ਢਿੱਡ `ਚ ਤਾਂ ਨਹੀਂ ਵੜਿਆ ਪਰ ਉਮਰ ਦੇ 82ਵੇਂ ਸਾਲ `ਚ ਵਿਚਰਦਿਆਂ ਏਨਾ ਕੁ ਅਨੁਭਵ ਰੱਖਦਾ ਹਾਂ ਕਿ ਵਿਸ਼ਵ ਪੱਧਰ ਦੇ ਖਿਡਾਰੀ, ਸਖ਼ਤ ਮਿਹਨਤ, ਅਨੁਸਾਸ਼ਨ, ਟੀਮ ਭਾਵਨਾ, ਹਾਰ ਸਹਿਣ ਤੇ ਜਿੱਤ ਪਚਾਉਣ ਦਾ ਜੇਰਾ ਜ਼ਰੂਰ ਰੱਖਦੇ ਹੁੰਦੇ ਹਨ। ਵੱਡੇ ਜੇਰੇ ਬਿਨਾਂ ਉਹ ਵੱਡੇ ਖਿਡਾਰੀ ਨਹੀਂ ਬਣ ਸਕਦੇ।
ਰਹੀ ਗੱਲ ਈਮਾਨਦਾਰੀ ਦੀ। 2016 ਵਿਚ ਪਰਗਟ ਸਿੰਘ ਨੂੰ ਬਾਦਲ ਸਰਕਾਰ ਨੇ ਮੁੱਖ ਸੰਸਦੀ ਸਕੱਤਰ ਬਣਾਉਣ ਦਾ ਚੋਗਾ ਪਾਇਆ ਸੀ ਜੋ ਉਸ ਨੇ ਨਹੀਂ ਸੀ ਚੁਗਿਆ। ਉਦੋਂ ਪਰਗਟ, ਪਰਗਟ ਹੀ ਰਿਹਾ ਸੀ। ਬਾਦਲ ਦਲ ਨੇ ਉਸ ਨੂੰ ਬਿਨਾਂ ਵਜ੍ਹਾ ਪਾਰਟੀ `ਚੋਂ ਕੱਢ ਮਾਰਿਆ ਸੀ। ਫਿਰ ਚੰਗੀ ਭਲੀ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਵਾਲੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਪਰਗਟ ਤੇ ਬੈਂਸ ਭਰਾਵਾਂ ਨੇ ਆਵਾਜ਼ੇ ਪੰਜਾਬ ਮੋਰਚਾ ਬਣਾਉਂਦਿਆਂ ਸੁਰਜੀਤ ਪਾਤਰ ਦੇ ਇਹ ਸ਼ਬਦ ਮੁੱਖ ਰੱਖੇ ਸਨ:
ਕੀ ਹੋਇਆ ਜੇ ਪਤਝੜ ਆਈ ਤੂੰ ਅਗਲੀ ਰੁੱਤ ਵਿਚ ਯਕੀਨ ਰੱਖੀਂ
ਮੈਂ ਲੱਭ ਕੇ ਲਿਆਉਨਾਂ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਫਿਰ ਨਵਜੋਤ ਸਿੱਧੂ ਤੇ ਪਰਗਟ ਹੋਰੀਂ ਕਾਫੀ ਦੇਰ ਦਲੀਲਾਂ ਵਿਚ ਪਏ ਰਹੇ ਪਈ ‘ਆਪ’ ਤੇ ‘ਕਾਂਗਰਸ’ ਦੀਆਂ ਟੀਮਾਂ `ਚੋਂ ਕੀਹਦੇ ਵੱਲੋਂ ਖੇਡੀਏ? ਟੀਮ ਦਾ ਕਪਤਾਨ/ਉਪ ਕਪਤਾਨ ਬਣਾਉਣ ਦੀ ਗੱਲ ਚੱਲੀ। ਜਿਵੇਂ ਖੇਡ ਲੀਗਾਂ ਲਈ ਕ੍ਰਿਕਟ ਤੇ ਹਾਕੀ ਦੇ ਖਿਡਾਰੀ ਖਿੱਚੇ ਜਾਂਦੇ ਹਨ ਉਵੇਂ ਨਵਜੋਤ ਤੇ ਪਰਗਟ ਵੀ ਕਾਂਗਰਸ ਦੀ ਟੀਮ ਵੱਲ ਖਿੱਚੇ ਗਏ। ਫਿਰ ਉਨ੍ਹਾਂ ਨੇ ਉਹੀ ਕੁਝ ਕਰ ਵਿਖਾਇਆ ਜਿਹਦੀ ਆਸ ਰੱਖੀ ਸੀ। ਨਵਜੋਤ ਦੇ ਛੱਕੇ ਤੇ ਪਰਗਟ ਦੇ ਪੈਨਲਟੀ ਕਾਰਨਰਾਂ ਨੇ ਕਾਂਗਰਸ ਦੀ ਟੀਮ ਨੂੰ ਤਕੜੀ ਜਿੱਤ ਦਿਵਾਈ।
ਪਰਗਟ ਨੇ ਹਾਕੀ ਦੇ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ `ਚੋਂ 168 ਮੈਚਾਂ ਚ ਉਹ ਭਾਰਤੀ ਟੀਮਾਂ ਦਾ ਕਪਤਾਨ ਰਿਹਾ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਬਣਿਆ। ਓਲੰਪਿਕ ਖੇਡਾਂ ਵਿਚ ਦੋ ਵਾਰ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਰਿਹਾ ਜੋ ਨਿਆਰਾ ਰਿਕਾਰਡ ਹੈ। ਉਹ ਅਰਜਨਾ ਅਵਾਰਡੀ ਅਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡੀ ਹੈ ਤੇ ਉਸ ਨੂੰ ਪਦਮ ਸ਼੍ਰੀ ਦਾ ਪੁਰਸਕਾਰ ਵੀ ਮਿਲਿਆ ਹੋਇਐ। ਉਹ ਪੰਜਾਬ ਦਾ ਸਪੋਰਟਸ ਡਾਇਰੈਕਟਰ ਵੀ ਰਿਹਾ ਅਤੇ ਲਗਾਤਾਰ ਹਾਕੀ ਦੀ ਖੇਡ ਨਾਲ ਜੁੜਿਆ ਆ ਰਿਹੈ। ਟੋਕੀਓ ਓਲੰਪਿਕਸ ਵਿਚ ਭਾਰਤੀ ਹਾਕੀ ਦੀ ਬਹਾਲੀ ਵਿਚ ਵੀ ਉਸ ਦਾ ਹੱਥ ਹੈ। ਨਵਜੋਤ ਸਿੱਧੂ ਦੀਆਂ ਕ੍ਰਿਕਟ ਦੀ ਖੇਡ ਵਿਚ ਮਾਰੀਆਂ ਮੱਲਾਂ ਦਾ ਵੀ ਅੰਤ ਨਹੀਂ ਜਿਨ੍ਹਾਂ ਕਰਕੇ ਇਮਰਾਨ ਖਾਨ ਨਾਲ ਦੋਸਤੀ ਹੋਈ ਤੇ ਬਾਬੇ ਨਾਨਕ ਦੇ ਦਰ ਕਰਤਾਰਪੁਰ ਸਾਹਿਬ ਦਾ ਲਾਂਘਾ ਮਿਲਿਆ। ਕੋਈ ਕੁਝ ਕਹੀ ਜਾਵੇ, ਇਹ ਲਾਂਘਾ ਨਵਜੋਤ ਸਿੱਧੂ ਦੇ ਇਮਰਾਨ ਖਾਨ ਨੂੰ ਮਿਲਣ ਨਾਲ ਹੀ ਮਿਲਿਆ।
5 ਮਾਰਚ 1965 ਨੂੰ ਮਿੱਠਾਪੁਰ ਵਿਚ ਪਰਗਟ ਦਾ ਜਨਮ ਹੋਇਆ। 2005 ਵਿਚ ਉਹ ਪੁਲਿਸ ਕਪਤਾਨੀ ਛੱਡ ਕੇ ਪੰਜਾਬ ਦਾ ਖੇਡ ਡਾਇਰੈਕਟਰ ਬਣਿਆ। ਪੁਲਿਸ ਵਿਚ ਰਹਿੰਦਾ ਤਾਂ ਹੁਣ ਨੂੰ ਆਈ ਜੀ ਦੇ ਅਹੁਦੇ `ਤੇ ਪੁੱਜਿਆ ਹੁੰਦਾ। 2010 ਵਿਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਹੋਇਆ ਤਾਂ ਮੈਨੂੰ ਉਸ ਨਾਲ ਵਿਚਰਨ ਦਾ ਮੌਕਾ ਮਿਲਿਆ। ਉਦੋਂ ਮੈਂ ਉਸ ਨੂੰ ਨੇੜਿਓਂ ਜਾਣਿਆਂ। ਉਹ ਡਿਸਿਪਲਿਨ ਦਾ ਪੱਕਾ ਸੀ। ਕਬੱਡੀ ਦਾ ਸੁਧਾਰ ਕਰਨ ਲਈ ਉਸ ਨੇ ਖਿਡਾਰੀਆਂ ਦੇ ਡੋਪ ਟੈੱਸਟ ਕਰਾਉਣ ਦੀ ਸਲਾਹੁੁਣਯੋਗ ਭੂਮਿਕਾ ਨਿਭਾਈ। ਸਾਡੀ ਕੁਮੈਂਟੇਟਰਾਂ ਦੀ ਟੀਮ ਵਿਚ ਭਗਵੰਤ ਮਾਨ ਵੀ ਸ਼ਾਮਲ ਸੀ।
ਸਿਆਸਤ ਵਿਚ ਭਾਵੇਂ ਉਹਨੂੰ ਮਜਬੂਰੀ ਬਸ ਲਿਆਂਦਾ ਗਿਆ ਸੀ ਪਰ ਸਮੇਂ ਨਾਲ ਉਹ ਸਿਆਸਤ ਦਾ ਵੀ ਤਕੜਾ ਖਿਡਾਰੀ ਬਣ ਗਿਆ ਹੈ। ਬਾਦਲ ਦਲ ਵਾਲੇ ਉਹਦੇ ਕੋਲੋਂ ਨੌਜੁਆਨਾਂ ਨੂੰ ਨਸ਼ੇ ਛੁਡਾ ਕੇ ਵਧੀਆ ਖਿਡਾਰੀ ਬਣਾਉਣ ਦਾ ਕੋਈ ਕੰਮ ਨਾ ਲੈ ਸਕੇ। ਨਾ ਹੀ ਬਾਅਦ ਵਿਚ ਕਾਂਗਰਸੀ ਲੈ ਸਕੇ। ਕੈਪਟਨ ਸਰਕਾਰ ਤੋਂ ਆਸ ਸੀ ਕਿ ਉਹ ਓਲੰਪੀਅਨ ਪਰਗਟ ਸਿੰਘ ਨੂੰ ਖੇਡਾਂ ਤੇ ਨੌਜੁਆਨਾਂ ਦੀ ਭਲਾਈ ਦਾ ਕੋਈ ਕਾਰਜ ਸੌਂਪੇਗੀ ਪਰ ਉਹ ਤਾਂ ਉਸ ਨੂੰ ‘ਬੰਦਾ ਬਣ ਜਾ’ ਦੀਆਂ ਧਮਕੀਆਂ ਨਾਲ ‘ਠੋਕਣ’ ਦੇ ਰਾਹ ਪੈ ਗਈ ਸੀ। ਅੱਗੋਂ ਪਰਗਟ ਕਿਹੜਾ ਘੱਟ ਸੀ? ਆਖ਼ਰ ਖੇਡ ਮੈਦਾਨਾਂ ਦਾ ਜੁਝਾਰੂ ਜੋਧਾ ਸੀ। ਨਾਲ ਨਵਜੋਤ ਸਿੱਧੂ ਹੈ ਜਿਸ ਨੂੰ ਉਹਤੋਂ ਵੀ ਪਹਿਲਾਂ ‘ਠੋਕਣ’ ਦੀਆਂ ਸਾਜਿ਼ਸ਼ਾਂ ਹੋ ਚੁੱਕੀਆਂ ਹਨ। ਅਣਖੀਲੇ ਬੰਦੇ ਅਜਿਹਾ ਵਤੀਰਾ ਨਹੀਂ ਜਰ ਸਕਦੇ। ਜਬੀ ਬਾਣ ਲਾਗੇ ਤਬੀ ਰੋਸ ਜਾਗੇ। ਕਦੇ ਅਸੀਂ ਕਿਹਾ ਸੀ, ‘ਪਰਗਟ, ਤੂੰ ਪਰਗਟ ਹੀ ਰਹੀਂ’। ਸ਼ੁਕਰ ਕੀਤਾ, ‘ਪਰਗਟ, ਪਰਗਟ ਹੀ ਰਿਹਾ’! ਹੁਣ ਕਹਿੰਦੇ ਹਾਂ, ‘ਪਰਗਟ ਫਿਰ ਹੋਇਆ ਪਰਗਟ’। ਇਹੋ ਗੱਲ ਅਸੀਂ ਨਵਜੋਤ ਸਿੱਧੂ ਨੂੰ ਕਹਿੰਦੇ ਆ ਰਹੇ ਹਾਂ: ਮਿੱਤਰਾ, ਨਿਰੀ ਠੋਕੋ ਤਾੜੀ ਨਾਲ ਨਹੀਂ ਸਰਨਾ। ਖ਼ੁਦਗਰਜ਼, ਬੇਈਮਾਨ, ਲੋਟੂ, ਨਸਿ਼ਆਂ ਦੇ ਸਮੱਗਲਰ ਤੇ ਹਰ ਤਰ੍ਹਾਂ ਦੇ ਮਾਫ਼ੀਏ ਗੈਂਗਾਂ ਨੂੰ ਠੋਕੇ ਬਿਨਾਂ ਨਹੀਂ ਸਰਨਾ। ਜਿਹੜਾ ਵੀ ਪੰਜਾਬ ਦੇ ਦੋਖੀਆਂ ਨੂੰ ਠੋਕਣ ਦੀ ਹਿੰਮਤ ਕਰੇਗਾ, ਖੇਡ ਜਗਤ ਹੀ ਨਹੀਂ, ਸਾਰਾ ਪੰਜਾਬ ਉਹਦੇ ਨਾਲ ਖੜ੍ਹੇਗਾ।
ਉਂਜ ਸਾਨੂੰ ਪਤਾ ਹੈ ਪਈ ਪਰਗਟ ਦਾ ਪਰਗਟ ਹੋਏ ਬਿਨਾਂ ਨਹੀਂ ਸਰਨਾ! ਅਤੇ ਨਵਜੋਤ ਤੋਂ ਨਵੀਂ ਜੋਤ ਵਾਂਗ ਜਗੇ ਬਿਨਾਂ ਵੀ ਨਹੀਂ ਰਿਹਾ ਜਾਣਾ। ਵੇਖਦੇ ਹਾਂ 2022 ਦਾ ਮੈਚ ਕੌਣ ਜਿੱਤਦਾ ਤੇ ਕੌਣ ਹਾਰਦਾ?

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?