ਖੰਨਾ, 23 ਅਗਸਤ (ਲਾਲ ਸਿੰਘ ਮਾਂਗਟ)-ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਨੇੜਲੇ ਇਤਿਹਾਸਿਕ ਪਿੰਡ ਈਸੜੂ ਵਿਖੇ ਪੁਰਤਗਾਲੀਆਂ ਦੇ ਭਾਰਤ ਕਬਜੇ ਵਿਰੁੱਧ ਗੋਆ ਦੀ ਅਜਾਦੀ ਸੰਘਰਸ਼ ਵਿਚ 15 ਅਗਸਤ 1955 ਨੂੰ ਆਪਣੀ ਜਾਨ ਦੀ ਆਹੂਤੀ ਦੇਣ ਵਾਲੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਉਸਦੇ ਪਰਿਵਾਰਕ ਮੈਂਬਰਾਂ ਅਤੇ ਸਾਂਝਾ ਵਿਰਸਾ ਮੀਡੀਆ ਕਨੇਡਾ ਦੇ ਸੰਚਾਲਕ ਹਰਜੀਤ ਜੰਜੂਆ ਵਲੋਂ ਵਣ ਮਹਾਉਤਸਵ ਮਹਿੰਮ ਤਹਿਤ ਇਕ ਸਮਾਗਮ ਸ਼ਹੀਦ ਕਰਨੈਲ ਸਿੰਘ ਯਾਦਗਾਰੀ ਸ.ਸ.ਸ.ਸ.ਸ. ਈਸੜੂ ਵਿਖੇ ਕਰਵਾਇਆ ਗਿਆ। ਜਿਸ ਵਿਚ ਸਕੂਲ ਦੇ ਚੌਗਿਰਦੇ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਬੂਟੇ ਲਾਏ ਗਏ। ਇਹ ਕਾਰਜ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਯਾਦਗਾਰੀ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਬਲਵਿੰਦਰ ਕੌਰ ਦੀ ਪਹਿਲ ‘ਤੇ ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਅਤੇ ਸਕੂਲ ਪਿ੍ੰਸੀਪਲ ਨਿਰਮਲ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦ ਈਸੜੂ ਦੀ ਭਤੀਜੀ ਸ੍ਰੀਮਤੀ ਨਰਿੰਦਰ ਕੌਰ ਨੇ ਆਖਿਆ ਕਿ ਸਾਡੀ ਦਾਦੀ ਜੀ ਦੇ ਸਮੇਂ ਤੱਕ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਵਰਗੀ ਗਿਆਨੀ ਜ਼ੈਲ ਸਿੰਘ ਜੀ ਤੱਕ ਪਰਿਵਾਰ ਦੀ ਪੁਛ ਪ੍ਰਤੀਤ ਹੁੰਦੀ ਰਹੀ ਪਰ ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ 15 ਅਗਸਤ ਨੂੰ ਸਿਆਸੀ ਰੈਲੀਆਂ ਵਿਚ ਕੀਤੇ ਭਾਸ਼ਨਾਂ ਤੋਂ ਇਲਾਵਾ ਪਰਿਵਾਰ ਦੀਆਂ ਲੋੜਾਂ ਅਤੇ ਮਜਬੂਰੀਆਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਇਸੇ ਕਰਕੇ ਸਹੀਦ ਦੇ ਪਰਿਵਾਰਕਿ ਮੈਂਬਰ ਨੂੰ ਕਦੇ ਕੋਈ ਨੌਕਰੀ ਨਹੀਂ ਮਿਲ ਸਕੀ।
ਉਨ੍ਹਾਂ ਦੀ ਦੂਜੀ ਭਤੀਜੀ ਅਤੇ ਸ਼ਹੀਦ ਕਰਨੈਲ ਸਿੰਘ ਯਾਦਗਾਰੀ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਬਲਵਿੰਦਰ ਕੌਰ ਨੇ ਆਖਿਆ ਕਿ ਅਸੀਂ ਸਰਕਾਰਾਂ ਦੀ ਅਣਦੇਖੀ ਦੇ ਬਾਵਜੂਦ ਸਮੂਹ ਪਰਿਵਾਰ ਵਲੋਂ ਸ਼ਹੀਦ ਈਸੜੂ ਦੀ ਵਿਰਾਸਤ ਨੂੰ ਸੰਭਾਲਾਂਗੇ, ਜਿੰਦਾ ਰੱਖਾਂਗੇ ਅਤੇ ਅਗਲੀਆਂ ਪੀੜ੍ਹੀਆਂ ਤੱਕ ਲਿਜਾਣ ਦੇ ਭਰਭੂਰ ਯਤਨ ਕਰਾਂਗੇ। ਪਰਿਵਾਰ ਉਨਹਾਂ ਦੀ ਢੁਕਵੀਂ ਯਾਦਗਾਰ ਸਥਾਪਤ ਕਰਨ ਲਈ ਵੀ ਯਤਨਸ਼ੀਲ ਹੈ। ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਜੋ ਪੀ.ਟੀ.ਏ. ਕਮੇਟੀ ਦੇ ਚੇਅਰਮੈਨ ਵੀ ਹਨ, ਹੁਰਾਂ ਕਿਹਾ ਕਿ ਸ਼ਹੀਦ ਕਰਨੈਲ ਸਿੰਘ ਜੀ ਦੀ ਕੁਰਬਾਨੀ ‘ਤੇ ਸਾਡੇ ਪਿੰਡ ਨੂੰ ਹੀ ਨਹੀਂ ਸਗੋਂ ਪੂਰੇ ਇਲਾਕੇ ਨੂੰ ਮਾਣ ਹੈ। ਉਨਹਾਂ ਆਖਿਆ ਕਿ ਸਰਕਾਰਾਂ ਜੋ ਵਾਅਦੇ ਇਸ ਇਤਿਹਾਸਿਕ ਨਗਰ ਨਾਲ ਕਰਦੀਆਂ ਰਹੀਆਂ ਹਨ ਉਨਹਾਂ ਵਿਚੋਂ 25 ਪ੍ਰਤੀਸ਼ਤ ਵਾਅਦੇ ਵੀ ਪੂਰੇ ਨਹੀਂ ਕੀਤੇ। ਉਨਹਾਂ ਦੱਸਿਆ ਕਿ ਸਕੂਲ ਦੇ ਵਿਕਾਸ ਲਈ 12 ਲੱਖ ਦੀ ਗ੍ਰਾਂਟ ਮਨਜੂਰ ਹੋਈ ਪਈ ਹੈ ਜੋ ਜਲਦੀ ਖਰਚ ਕੀਤੀ ਜਾਵੇਗੀ। ਸਕੂਲ ਪਿ੍ੰਸੀਪਲ ਨਿਰਮਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਕਾਸ ਅਤੇ ਜਰੂਰੀ ਲੋੜਾਂ ਪੂਰੀਆਂ ਕਰਨ ਲਈ ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਜੀ ਦਾ ਬੁਹਤ ਯੋਗਦਾਨ ਹੈ ਜਿਨ੍ਹਾਂ ਨੇ ਸਕੂਲ ਦੇ ਵਿਕਾਸ ਦੀ ਹਰ ਲੋੜ ਪੂਰੀ ਕਰਵਾਈ ਹੈ। ਉਨਾ ਸ਼ਹੀਦ ਪਰਿਵਾਰ ਦੇ ਸਮੂਹ ਮੈਂਬਰਾਂ, ਸਾਝਾਂ ਵਿਰਸਾ ਰੇਡੀਓ ਕਨੇਡਾ ਦਾ ਵੀ ਉਚੇਚਾ ਧੰਨਵਾਦ ਕੀਤਾ। ਅੰਤਰਰਾਸ਼ਟਰੀ ਪੱਤਰਕਾਰ ਪਰਮਜੀਤ ਸਿੰਘ ਬਾਗੜੀਆ ਦੇ ਦੱਸਿਆ ਕਿ ਸ. ਜੰਜੂਆ ਨੇ ਸਹਿਮਤੀ ਦਿੱਤੀ ਹੈ ਕਿ ਉਹ ਪਰਿਵਾਰ ਵਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ ਹਰ ਗਤੀਵਿਧੀ ਵਿਚ ਸਹਿਯੋਗ ਕਰਨਗੇ। ਨਾਲ ਹੀ ਵਣ ਰੇਂਜ ਅਫਸਰ ਸ. ਜਸਵੀਰ ਸਿੰਘ ਰਾਏ ਮਹਿਕਮਾ ਜੰਗਲਾਤ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸ਼ਹੀਦ ਪਰਿਵਾਰ ਦੇ ਮੈਂਬਰ ਕਮਲਪ੍ਰੀਤ ਸਿੰਘ, ਜਸਵਿੰਦਰ ਕੌਰ, ਕੁਲਰਾਜਵੀਰ ਸਿੰਘ, ਗੁਰਕਮਲਜੋਤ ਸਿੰਘ ਗਰੇਵਾਲ ਅਤੇ ਕੈਪਟਨ ਰਮਿੰਦਰ ਸਿੰਘ ਸਾਬਕਾ ਪ੍ਰਧਾਨ ਪੀ ਟੀ ਏ ਕਮੇਟੀ, ਪੰਚ ਪ੍ਰਮਿੰਦਰ ਸਿੰਘ ਵੀ ਹਾਜਰ ਸਨ। ਸਾਂਝਾ ਵਿਰਸਾ ਮੀਡੀਆ ਹਰਜੀਤ ਜੰਜੂਆ ਦੇ ਪਿੰਡ ਮਾਜਰੀ ਮੰਨਾ ਸਿੰਘ ਵਾਲੀ ਤੋਂ ਸ਼ਮਸ਼ੇਰ ਸਿੰਘ, ਪੱਤਰਕਾਰ ਗੁਰਚਰਨ ਸਿੰਘ ਜੰਜੂਆ, ਸੁਖਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਸਮੇਤ ਪੱਤਰਕਾਰ ਜਗਮੀਤ ਭਾਮੀਆ ਅਤੇ ਗੋਪਾਲ ਜਮਾਲਪੁਰੀ ਵੀ ਹਾਜਰ ਸਨ। ਅੰਤ ਵਿਚ ਸਕੂਲ ਪਿ੍ੰਸੀਪਲ ਅਤੇ ਸ਼ਹੀਦ ਮਾ. ਕਰਨੈਲ ਸਿੰਘ ਯਾਦਗਾਰੀ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਬਲਵਿੰਦਰ ਕੌਰ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ