ਮਿਸੀਸਾਗਾ/ ਕਨੇਡਾ 27 ਅਗਸਤ (ਭੁਪਿੰਦਰ ਸਿੰਘ ਮਾਹੀ) ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਮਿਸੀਸਾਗਾ ਕੈਨੇਡਾ ਵੱਲੋਂ ਕੌਮਾਂਤਰੀ ਪੱਧਰ ਤੇ ਆਨਲਾਈਨ ਸੰਗੀਤਕ ਮਹਿਫ਼ਿਲ ਵਿਰਸੇ ਦੀਆਂ ਮਿੱਠੀਆਂ ਯਾਦਾਂ (ਕਲਮਾਂ ਮੂੰਹੋਂ ਬੋਲਦੀਆਂ) ਦਾ ਸਫਲ ਆਯੋਜਨ ਓਵਰਸੀਜ਼ ਪ੍ਰੈਜ਼ੀਡੈਂਟ ਸ਼ਾਇਰਾ ਕੁਲਵੰਤ ਕੌਰ ਚੰਨ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਕੋਹਿਪ ਦੇ ਚੇਅਰਮੈਨ ਰੋਸ਼ਨ ਪਾਠਕ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦਕਿ ਡਾ ਕਮਲਜੀਤ ਸਿੰਘ ਟਿੱਬਾ ਪੰਜਾਬ ਚੈਪਟਰ ਪ੍ਰੈਜ਼ੀਡੈਂਟ ਅਤੇ ਕੋਹਿਪ ਦੇ ਕਨਵੀਨਰ ਡਾ. ਨਾਇਬ ਸਿੰਘ ਮੰਡੇਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।
ਕਲਮਾਂ ਮੂੰਹੋਂ ਬੋਲਦੀਆਂ ਸਮਾਗਮ ਦਾ ਆਗਾਜ਼ ਸ਼ਾਇਰਾ ਕੁਲਵੰਤ ਕੌਰ ਚੰਨ ਦੇ ਪ੍ਰਭਾਵਸ਼ਾਲੀ ਗੀਤ ਵਿਰਸੇ ਦੀਆਂ ਮਿੱਠੀਆਂ ਯਾਦਾਂ ਨਾਲ ਹੋਇਆ। ਸਮਾਗਮ ਦਾ ਸੰਚਾਲਨ ਪ੍ਰਿੰਸੀਪਲ ਰਸ਼ਮੀ ਸ਼ਰਮਾ ਅਤੇ ਪ੍ਰਿੰਸੀਪਲ ਮੋਨਿਕਾ ਮਲਹੋਤਰਾ ਨੇ ਸਾਂਝੇ ਤੌਰ ਤੇ ਬਾਖੂਬੀ ਅਦਾ ਕੀਤਾ।
ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਦੇ ਚੇਅਰਮੈਨ ਰੋਸ਼ਨ ਪਾਠਕ ਨੇ ਆਪਣੇ ਸੰਬੋਧਨ ਵਿਚ ਕਿਹਾ ਅਮੀਰ ਪੰਜਾਬੀ ਵਿਰਸੇ ਅਤੇ ਚੰਗੇਰੀ ਜੀਵਨ ਜਾਂਚ ਦੇ ਲਈ ਪੰਜਾਬੀ ਲੋਕ ਗੀਤਾਂ ਦਾ ਅਹਿਮ ਰੋਲ ਰਿਹਾ ਹੈ। ਲੋਕ ਗੀਤ ਸਾਡੇ ਪੰਜਾਬੀ ਵਿਰਸੇ ਦਾ ਵੱਡਾ ਖ਼ਜ਼ਾਨਾ ਹਨ। ਉਨ੍ਹਾਂ ਕਿਹਾ ਕਿ ਕੋਹਿਪ ਦਾ ਮੁੱਖ ਉਦੇਸ਼ ਪੰਜਾਬੀ ਸੱਭਿਆਚਾਰ ਅਤੇ ਕੌਮਾਂਤਰੀ ਪੱਧਰ ਤੇ ਸ਼ਾਂਤੀ ਦਾ ਪੈਗਾਮ ਦੇਣਾ ਹੈ। ਇਸੇ ਸੰਬੰਧ ਵਿਚ 21,22 ਅਤੇ 23 ਦਸੰਬਰ 2021 ਨੂੰ ਇੰਟਰਨੈਸ਼ਨਲ ਪੱਧਰ ਤੇ ਕੈਨੇਡਾ ਦੇ ਮਿਸੀਸਾਗਾ ਵਿੱਚ ਵਿਸ਼ਵ ਸ਼ਾਂਤੀ ਪੰਜਾਬੀ ਕਾਨਫ਼ਰੰਸ ਹੋਵੇਗੀ ।
ਸੰਗੀਤਕ ਮਹਿਫ਼ਿਲ ਵਿਚ ਪ੍ਰਸਿੱਧ ਸ਼ਾਇਰ ਤਰਲੋਚਨ ਲੋਚੀ ਨੇ ਬੇਟੀਆਂ ਨੂੰ ਸਮਰਪਿਤ ਨਿੱਕੇ ਨਿੱਕੇ ਹੱਥਾਂ ਨਾਲ ਅਤੇ ਘਰਾਂ ਵਿੱਚ ਰੌਸ਼ਨੀ ਹੁੰਦੇ ਹੋਏ ਵੀ ਆਦਿ ਆਪਣੀਆਂ ਗ਼ਜ਼ਲਾਂ ਦੇ ਸ਼ੇਅਰ ਪੇਸ਼ ਕਰਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮਹਿਫ਼ਿਲ ਵਿੱਚ ਬਿਕਰਮਜੀਤ ਸਿੰਘ ਨੂਰ ਨੇ ਅਸਲੀ ਤੇ ਪਰਦੇ ਪਾਉਣੇੈ , ਕੁਝ ਕਰਨ ਦੀ ਆਦਤ ਵੀ ਪਾ ਸੱਜਣਾ, ਮਮਤਾ ਮਹਿਰਾ ਨੇ ਜੇ ਮੈਂ ਹੁੰਦੀ ਢੋਲਣਾ ਸੋਨੇ ਦੀ ਤਵੀਤੜੀ ਅਤੇ ਡਾ ਹਰੀ ਸਿੰਘ ਜਾਚਕ ਨੇ ਕਵੀ ਵਿਰਸੇ ਦੀਆਂ ਬਾਤਾਂ ਪਾ ਰਹੇ ਹਨ, ਮੁਸਕਰਾਹਟ ਦੀ ਫ਼ਸਲ ਖੁੱਲ੍ਹੀਆਂ ਨਜ਼ਮਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ। ਸਰਦੂਲ ਸਿੰਘ ਭੱਲਾ ਨੇ ਬਹੁਤ ਹੀ ਸ਼ਾਨਦਾਰ ਵਿਅੰਗ ਕੀ ਰੱਖਿਆ ਏ ਨਾਂ ਦੇ ਅੰਦਰ ਅਤੇ ਜਸਵਿੰਦਰ ਕੌਰ ਜੱਸੀ ਨੇ ਕਸੂਤਾ ਫਸਿਆ ਵਿਅੰਗ ਪੇਸ਼ ਕਰਕੇ ਸਭ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਮੀਨਾ ਕੁਮਾਰੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਨੀ ਇੱਕ ਮੇਰੀ ਅੱਖ ਕਾਸ਼ਨੀ ਪੇਸ਼ ਕਰ ਕੇ ਸਭ ਨੂੰ ਮਹਿਫ਼ਿਲ ਨਾਲ ਜੋੜ ਲਿਆ।
ਹਿੰਦੀ ਸ਼ਾਇਰਾ ਮੋਨਿਕਾ ਠਾਕੁਰ ਨੇ ਤੇਰੇ ਹਮ ਤਲਬਦਾਰ ਹੈ, ਜੋਤ ਮੁਹਾਲੀ ਨੇ ਵਿਹੜੇ ਦੀਆਂ ਰੌਣਕਾਂ ਕਿੱਥੇ ਗੁੰਮ ਗਈਆਂ, ਤਰਵਿੰਦਰ ਕੌਰ ਚੰਡੋਕ ਕਿਤਾਬਾਂ ਵੀ ਬੋਲਦੀਆਂ ਨੇ, ਅਲੀ ਸਿੰਘ ਨੇ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਨਾ ਮੈਂ ਮੋਮਨ ਪ੍ਰਸਤੁਤ ਕਰਦਿਆਂ ਰੂਹਾਨੀ ਰੰਗ ਵਿਚ ਰੰਗ ਦਿੱਤਾ। ਬਟਾਲਾ ਜ਼ਿਲ੍ਹੇ ਦੇ ਪ੍ਰਧਾਨ ਗੁਰਮੀਤ ਸਿੰਘ ਡੀਗਰ ਨੇ ਆਪਣੇ ਵਿਅੰਗ ਰੂਪੀ ਟੱਪੇ ਪੇਸ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਪ੍ਰੋਫੈਸਰ ਗੁਰਵਿੰਦਰ ਕੌਰ ਗੁਰੀ , ਸ਼ਿਖਾ ਲਾਂਬਾ ਅਤੇ ਗਰੀਸ ਤੋਂ ਸ਼ਾਇਰਾਂ ਗੁਰਪ੍ਰੀਤ ਕੌਰ ਗੈਦੂ ਨੇ ਆਪਣੀਆਂ ਸ਼ਾਹਕਾਰ ਰਚਨਾਵਾਂ ਪੇਸ਼ ਕਰਕੇ ਸੰਗੀਤ ਮਹਿਫ਼ਿਲ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ।
ਇਸ ਮੌਕੇ ਪੰਜਾਬ ਚੈਪਟਰ ਦੇ ਪ੍ਰਧਾਨ ਡਾ ਕਮਲਜੀਤ ਸਿੰਘ ਟਿੱਬਾ ਨੇ ਸੰਗੀਤ, ਗੀਤਕਾਰੀ ਗਾਇਕੀ ਅਤੇ ਮਨੁੱਖੀ ਜ਼ਿੰਦਗੀ ਦੀ ਸੱਚਾਈ ਇਸ ਬਾਰੇ ਚਰਚਾ ਕੀਤੀ। ਕੋਹਿਪ ਦੇ ਕਨਵੀਨਰ ਡਾ ਨਾਇਬ ਸਿੰਘ ਮੰਡੇਰ ਨੇ ਕੋਹਿਪ ਵੱਲੋਂ ਆਰੰਭ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੌਂਸਲ ਵਲੋਂ ਜਿੱਥੇ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਤੇ ਪੰਜਾਬੀ ਵਿਰਸੇ ਦੇ ਪ੍ਰਚਾਰ ਪ੍ਰਸਾਰ ਬਾਰੇ ਸੰਗਠਨਾਤਮਕ ਕਾਰਜ ਕਰਨੇ ਹਨ ਉਥੇ ਹੀ ਕੌਮਾਂਤਰੀ ਪੱਧਰ ਤੇ ਸ਼ਾਂਤੀ ਦੀ ਅਹਿਮ ਲੋੜ ਦੇ ਮਕਸਦ ਨੂੰ ਵੀ ਪੂਰਾ ਕਰਨਾ ਹੈ। ਕਲਮਾਂ ਮੂੰਹੋਂ ਬੋਲਦੀਆਂ ਸੰਗੀਤਕ ਮਹਿਫ਼ਿਲ ਵਿਚ ਹੋਰਨਾਂ ਤੋਂ ਬਿਨਾਂ ਕੈਨੇਡਾ ਤੋਂ ਸੁੰਦਰਪਾਲ ਰਾਜਾਸਾਂਸੀ, ਵਾਈਸ ਪ੍ਰੈਜ਼ੀਡੈਂਟ ਪੰਜਾਬ ਬੀਨਾ ਰਾਣੀ ਬਟਾਲਾ, ਡਾ ਅਮਨਦੀਪ ਕੌਰ, ਉਪਕਾਰ ਸਿੰਘ, ਵਿਸ਼ਨੂੰ ਸੱਭਰਵਾਲ, ਰਣਜੀਤ ਸਿੰਘ ਟੌਹਡ਼ਾ ਜੰਮੂ, ਸੁਖਵਿੰਦਰ ਸਿੰਘ ਅਨਹਦ, ਸੁਦੇਸ਼ ਮੋਦਗਿੱਲ ਨੂਰ, ਰਣਜੀਤ ਸਿੰਘ ਲੋਟੇ , ਬਲਜੀਤ ਕੌਰ ਸੇਖੋਂ, ਦਰਸ਼ਨ ਕੌਰ ਕਾਲਾਂਵਾਲੀ , ਬਲਕਾਰ ਸਿੰਘ, ਭੁਪਿੰਦਰ ਸਿੰਘ ਮਾਹੀ, ਪ੍ਰਿੰਸੀਪਲ ਨੇਹਾ ਡੱਲ, ਹੁਸ਼ਿਆਰਪੁਰ ਤੋਂ ਪ੍ਰਧਾਨ ਕਰਨੈਲ ਸਿੰਘ ਅਮਰਸਮੇਤ ਵੱਡੀ ਗਿਣਤੀ ਵਿੱਚ ਫਰਾਂਸ, ਕੈਨੇਡਾ, ਅਮਰੀਕਾ , ਗਰੀਸ, ਆਸਟ੍ਰੇਲੀਆ, ਪੰਜਾਬ, ਹਰਿਅਾਣਾ ਜੰਮੂ ਕਸ਼ਮੀਰ ਤੋਂ ਵਿਦਵਾਨ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ