1959 ਦੀ ਗੱਲ ਹੈ ਅਮਰੀਕਾ ਦੇਸ਼ ਵਿੱਚ 9 ਸਾਲ ਦਾ ਕਾਲੇ ਰੰਗ ਦਾ ਬੱਚਾ ਲਾਇਬਰੇਰੀ ਵਿੱਚੋਂ ਕੁਝ ਕਿਤਾਬਾਂ ਪੜ੍ਹਨ ਵਾਸਤੇ ਲੈ ਕੇ ਜਾਣਾ ਚਾਹੁੰਦਾ ਪਰ ਉਹਨੂੰ ਜਵਾਬ ਦੇ ਦਿੱਤਾ ਜਾਂਦਾ ਕਿ ਤੂੰ ਕਿਤਾਬਾਂ ਲੈ ਕੇ ਨਹੀਂ ਜਾ ਸਕਦਾ ਪਰ ਜਦੋਂ ਉਹ ਜਿਦ ਕਰਦਾ ਕਿ ਮੈ ਕਿਤਾਬਾਂ ਤੋਂ ਵਗੈਰ ਨਹੀਂ ਜਾਣਾ ਤਾਂ ਲਾਇਬ੍ਰੇਰੀਅਨ ਵੱਲੋਂ ਪੁਲੀਸ ਸੱਦ ਲਈ ਜਾਂਦੀ ਹੈ !
ਇਸ ਬੱਚੇ ਦਾ ਨਾਮ ਸੀ ਰੌਨਾਲਡ ਮਕਨੇਅਰ ! ਜਿਸ ਨੇ ਅੱਗੇ ਚੱਲ ਕੇ ਫਜਿਕਸ ਦੀ ਪੀ ਐਚ ਡੀ ਕੀਤੀ ਤੇ ਐਸਟਰੋਨਾਟ ਬਣਿਆ ! ਉਹਦੀ ਮੌਤ ਅਕਾਸ਼ ਵਿੱਚ ਚੈਲੰਜਰ ਸ਼ਟਲ ਫਟਣ ਨਾਲ ਹੋ ਗਈ ਸੀ ! ਤੇ ਬਾਅਦ ਵਿੱਚ ਜਿਸ ਲਾਇਬਰੇਰੀ ਤੋਂ ਉਹਨੂੰ ਕਿਤਾਬ ਦੇਣ ਤੋਂ ਮਨਾ ਕੀਤਾ ਸੀ ਉਸੇ ਲਾਇਬ੍ਰੇਰੀ ਦਾ ਨਾਮ ਉਹਦੇ ਨਾ ਤੇ ਰੱਖਿਆ ਗਿਆ !
ਮੈ ਰਾਹਾਂ ਤੇ ਨਹੀਂ ਤੁਰਦਾ ਮੈ ਤੁਰਦਾ ਹਾਂ ਤਾਂ ਰਾਹ ਬਣਦੇ ! ਸੁਰਜੀਤ ਪਾਤਰ ਨੇ ਇਹ ਦੋ ਲਾਈਨਾਂ ਪੰਜਾਬੀ ਵਿੱਚ ਲਿਖੀਆਂ ਪਰ ਇਹ ਦੋ ਲਾਈਨਾਂ ਦੂਜੇ ਢੰਗ ਨਾਲ ਅਮਰੀਕਾ ਵਿੱਚ ਇਕ ਸੰਤ ਰੂਪੀ ਲਿਖਾਰੀ ਹੋਇਆ ਜਿਸ ਦਾ ਨਾਮ ਸੀ ਰੈਲਫ ਵਾਲਡੋ ਏਮਰਸਨ ! ਜਿਹਦੇ ਵਾਰੇ ਪ੍ਰੋ ਪੂਰਨ ਸਿੰਘ ਜੀ ਨੇ ਬਹੁਤ ਕੁਝ ਲਿਖਿਆ ਤੇ ਉਹਦੀ ਕਿਤਾਬ In tune with infinite ਦਾ ਪੰਜਾਬੀ ਤਰਜਮਾ ਕੀਤਾ ਜਿਸ ਦਾ ਨਾਮ ਰੱਖਿਆ ਸੀ ਅਬਿਚਲ ਜੋਤ ! ਏਮਰਸਨ ਨੇ 100 ਸਾਲ ਪਹਿਲਾਂ ਇਹੀ ਦੋ ਲਾਈਨਾਂ ਲਿਖੀਆਂ ਸੀ ਕਿ ਉਨਾਂ ਰਾਹਾਂ ਤੇ ਨਾ ਤੁਰੋ ਜੋ ਕਿਤੇ ਜਾ ਰਹੇ ਹੋਣ ਸਗੋਂ ਉਥੇ ਜਾਉ ਜਿਥੇ ਪਹਿਲਾਂ ਕੋਈ ਨਹੀ ਗਿਆ ਤੇ ਪਿਛੇ ਡੰਡੀ ਬਣਾ ਕੇ ਜਾਉ !
( Do not go where the path may lead, go instead where there is no path and leave a trail.)
ਕਦੀ ਸਰਹੰਦ ਦੇ ਅੰਦਰ ਹਕੂਮਤ ਦੇ ਦਰਬਾਰੀ ਫੈਸਲੇ ਕਰ ਰਹੇ ਹੋਣੇ ਨੇ ! ਕਿੱਡੀ ਤਾਕਤ ਸੀ ਅੰਦਰ ਤੇ ਰਾਜ ਦਾ ਨਸ਼ਾ ! ਕਦੀ ਸੋਚਿਆ ਵੀ ਨਹੀ ਹੋਣਾ ਕਿ ਇਹ ਨਿੱਕੇ ਨਿੱਕੇ ਬਾਲ ਵੀ ਕੋਈ ਡੰਡੀ ਪਾ ਸਕਦੇ ਹਨ ਜਿਥੇ ਕਦੀ ਉਹ ਰਾਹ ਬਣ ਜਾਣਾ ਜਿਥੋ ਦੀ ਇਕ ਨਹੀ ਦੋ ਨਹੀ ਲੱਖਾਂ ਕਰੋੜਾਂ ਦੀ ਭੀੜ ਮਗਰ ਤੁਰੀ ਆਵੇਗੀ !
ਗੁਰੂ ਸਾਰਾ ਪਰਿਵਾਰ ਵਾਰ ਕੇ ਨੰਗੇ ਪੈਰੀਂ ਤੁਰ ਰਿਹਾ ਤੇ ਉਹ ਸਾਰਾ ਬਿਰਤਾਂਤ ਸਾਰੇ ਜਾਣਦੇ ਹਨ ਕਿਵੇਂ ਉਹ ਨੰਦੇੜ ਪਹੁੰਚੇ ਤੇ ਉਹ ਰਾਹ ਕੌਣ ਜਾਣਦਾ ਸੀ ਤੇ ਅੱਜ ਉਸ ਰਾਹ ਦਾ ਨਾਮ ਹਰ ਇਕ ਦੀ ਜ਼ੁਬਾਨ ਤੇ ਹੈ !
ਜੋ ਰਾਹ ਗੁਰੂ ਨੇ ਬਣਾਇਆ ਉਸ ਰਾਹ ਤੇ ਪਹਿਲਾਂ ਕੋਈ ਨਹੀਂ ਤੁਰਿਆ ਤੇ ਕਦੀ ਹੋਰ ਕੋਈ ਇਹੋ ਜਿਹੇ ਰਾਹ ਤੇ ਤੁਰ ਵੀ ਨਹੀਂ ਸਕਣਾ !
ਭਗਤ ਪੂਰਨ ਸਿੰਘ ਹਿੰਦੂਆਂ ਦਾ ਮੁੰਡਾ ! ਮਨ ਵਿੱਚ ਗੁਰੂ ਦਾ ਪਿਆਰ ਜਾਗਿਆ ! ਸਾਰੀ ਜ਼ਿੰਦਗੀ ਕੋਹੜੀਆਂ ਪਿੰਗਲਿਆਂ ਦੇ ਲੇਖੇ ਲਾ ਦਿੱਤੀ ! ਅੱਜ ਉਹ ਰਾਹ ਵਿੱਚ ਹਜ਼ਾਰਾਂ ਪਿੰਗਲੇ ਪਏ ਹਨ ਜਿਨਾ ਦੀ ਦੇਖ-ਭਾਲ਼ ਵਾਲੇ ਹਜ਼ਾਰਾਂ ਹੀ ਇਸ ਰਸਤੇ ਤੇ ਆ ਗਏ ਹਨ !
ਗੁਰੂ ਕਹਿੰਦਾ ਭੁੱਖਿਆਂ ਨੂੰ ਰਜਾਉ ! ਇਕ ਨੌਜੁਆਨ ਇੰਗਲੈਂਡ ਤੋਂ ਹੌਸਲਾ ਕਰਕੇ ਤੁਰ ਪੈਂਦਾ ਤੇ ਖਾਲਸਾ ਏਡ ਦੀ ਸ਼ੁਰੂਆਤ ਹੁੰਦੀ ਹੈ ਜੋ ਦੁਨੀਆ ਭਰ ਵਿੱਚ ਲੋੜਵੰਦਾਂ ਦਾ ਸਹਾਰਾ ਬਣਦੇ ਹਨ !
ਇਹੋ ਜਹੇ ਰਾਹ ਬਣਾਉਣ ਵਾਲੇ ਹਰ ਦੇਸ਼ ਵਿੱਚ ਹਰ ਕੌਮ ਵਿੱਚ ਹਰ ਸਮੇਂ ਹੁੰਦੇ ਆਏ ਹਨ ਤੇ ਆਉਂਦੇ ਰਹਿਣਗੇ !
ਆਉ ਅਸੀਂ ਵੀ ਕੋਈ ਰਾਹ ਲੱਭੀਏ ਤੇ ਨਵੀਂ ਪਿਰਤ ਪਾਈਏ ! ਨਹੀਂ ਤਾਂ ਜੋ ਰਾਹ ਸਾਡੇ ਵਡੇਰੇ ਦੱਸ ਗਏ ਹਨ ਉਨਾਂ ਤੇ ਤਾਂ ਤੁਰੀਏ !!! ਜੇ ਤੁਰਨਾ ਹੀ ਹੈ ਫੇਰ ਸਹੀ ਸੋਚ ਲੈ ਕੇ ਤੁਰਨਾ ਚਾਹੀਦਾ ! ਸਰਬੱਤ ਦੇ ਭਲੇ ਦੀ ਸੋਚ ਨੂੰ
ਲੈ ਕੇ ! ਗਲਤ ਰਾਹ ਤੇ ਤੁਰਨ ਨਾਲ਼ੋਂ ਘਰੇ ਰਹਿਣਾ ਲੱਖ ਚੰਗਾ !
ਰਾਹ ਤਾਂ ਭੀੜ ਵੀ ਬਣਾ ਦਿੰਦੀ ਹੈ ! ਪਰ ਉਨਾਂ ਰਾਹਾਂ ਤੇ ਦੁਬਾਰਾ ਕੋਈ ਨਹੀਂ ਤੁਰਦਾ ! ਗਲਤ ਰਾਹ ਦਾ ਕਿਤੇ ਨੇ ਕਿਤੇ ਜਾ ਕੇ ਅੰਤ ਹੋ ਜਾਂਦਾ ਤੇ ਸਹੀ ਰਾਹ ਅਨੰਤ ਦੇ ਵਿੱਚ ਸਮਾ ਜਾਂਦਾ ! ਜਿਵੇਂ ਰੋਨਾਲਡ ਅਕਾਸ਼ ਵਿੱਚ ਸਮਾ ਗਿਆ !
ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਫਤਹਿ ਸਿੰਘ ਅਕਾਲ ਵਿੱਚ ਸਮਾ ਗਏ !
ਮਹਿਮਾਨ ਸੰਪਾਦਕੀ (ਸ਼ੋਸ਼ਲ ਮੀਡੀਆ ਤੋਂ ਧੰਨਵਾਦ ਸਹਿਤ)
Author: Gurbhej Singh Anandpuri
ਮੁੱਖ ਸੰਪਾਦਕ