ਅੰਮ੍ਰਿਤਸਰ 30 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ)ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ‘ਚ 100 ਫੁੱਟੀ ਸੜਕ ‘ਤੇ ਸਥਿਤ ਰਾਮ ਮੰਦਰ ਨੂੰ ਜਾਣ ਵਾਲੇ ਰਸਤੇ ‘ਤੇ ਗੇਟ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ। ਸਿੱਧੂ ਨੇ ਟੱਕ ਲਾ ਕੇ ਗੇਟ ਦਾ ਨੀਂਹ ਪੱਥਰ ਰੱਖਿਆ ਪਰ ਮੀਡੀਆ ਕਰਮੀਆਂ ਨਾਲ ਨਵਜੋਤ ਸਿੱਧੂ ਨੇ ਗੱਲਬਾਤ ਨਹੀਂ ਕੀਤੀ।
ਇਸ ਦੌਰਾਨ ਨੀਂਹ ਪੱਥਰ ਵਾਲੇ ਸਥਾਨ ਨਜ਼ਦੀਕ ਨਵਜੋਤ ਸਿੱਧੂ ਦਾ ਸਥਾਨਕ ਕੁਝ ਦੁਕਾਨਦਾਰਾਂ ਵੱਲੋਂ ਵਿਰੋਧ ਕਰਦੇ ਹੋਏ ਸਿੱਧੂ ਖਿਲਾਫ ਨਾਅਰੇਬਾਜੀ ਕੀਤੀ ਗਈ। ਗੁਰਨਾਮ ਸਿੰਘ ਪੀਠੀ ਵਾਲਿਆਂ ਦੇ ਨਾਮ ‘ਤੇ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਦੋਸ਼ ਲਾਇਆ ਕਿ ਸਥਾਨਕ ਕੌਂਸਲਰ ਦਾ ਬੇਟਾ ਬੱਬਾ ਉਨ੍ਹਾਂ ਦੀ ਦੁਕਾਨ ‘ਤੇ ਕਬਜ਼ਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ। ਅਸੀਂ ਇਸ ਬਾਰੇ ਸਿੱਧੂ ਨਾਲ ਗੱਲਬਾਤ ਕੀਤੀ ਪਰ ਸਿੱਧੂ ਨੇ ਕਿਹਾ ਕਿ ਬੱਬਾ ਮੇਰਾ ਪੁੱਤਰ ਹੈ। ਇਸ ਕਰਕੇ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਤੇ ਅਸੀਂ ਵਿਰੋਧ ਕਰ ਰਹੇ ਹਾਂ।