ਦੋਰਾਹਾ/ਪਾਇਲ, 30 ਅਗਸਤ (ਲਾਲ ਸਿੰਘ ਮਾਂਗਟ)-ਜਿਵੇ ਕੇਂਦਰ ਦੀ ਭਾਜਪਾ ਸਰਕਾਰ ਬਿਨਾ ਮੰਗ ਦੇ ਕਿਸਾਨਾ ਲਈ ਧੱਕੇ ਨਾਲ ਕਾਨੂੰਨ ਬਣਾ ਰਹੀ ਹੈ, ਉਵੇ ਦੇ ਨਕਸ਼ੇ ਕਦਮਾਂ ਤੇ ਚਲਦਿਆ ਆਮ ਆਦਮੀ ਪਾਰਟੀ ਦੇ ਆਗੂ ਵੀ ਬਿਨਾਂ ਮੰਗੇ ਮੁਆਵਜਾ ਦਿਵਾਉਣ ਦੇ ਅਡੰਬਰ ਨਾਲ ਭੁੱਖ ਹੜਤਾਲ ਰੱਖ ਕੇ ਸਿਆਸੀ ਰੋਟੀਆਂ ਸੇਕੀਆਂ। ‘ਆਪ’ ਦੀ ਭੁੱਖ ਹੜਤਾਲ ਦੇ ਫਲਾਪ ਸ਼ੋਅ ਲਈ ਕੌਣ ਜਿੰਮੇਵਾਰ ਹੈ, ਕਿਉਕਿ ਪੀੜਤ ਕਿਸਾਨਾ ਵਲੋਂ ਆਮ ਆਦਮੀ ਪਾਰਟੀ ਨੂੰ ਭੁੱਖ ਹੜਤਾਲ ਕਰਨ ਲਈ ਕੋਈ ਸੰਪਰਕ ਨਹੀ ਕੀਤਾ ਅਤੇ ਨਾ ਹੀ ਇਸ ਅਡੰਬਰ ਵਿੱਚ ਸ਼ਾਮਿਲ ਹੋਏ। ਜਿਕਰਯੋਗ ਹੈ ਕਿ ਪਿਛਲੇ ਦਿਨੀ ਪਿੰਡ ਬੇਰ ਕਲਾਂ ਵਿਖੇ ਮੂੰਹ ਖੁਰ ਦੀ ਨਾ ਮੁਰਾਦ ਬਿਮਾਰੀ ਕਾਰਨ ਕਿਸਾਨਾ ਦੇ ਪਸ਼ੂ ਧਨ ਦਾ ਭਾਰੀ ਨੁਕਸਾਨ ਹੋ ਗਿਆ ਸੀ, ਜਿਸ ਕਾਰਨ ਪਿੰਡ ਦੇ ਕਿਸਾਨਾ ਵਿੱਚ ਸਰਕਾਰ ਅਤੇ ਪ੍ਰਸ਼ਾਸ਼ਨ ਪ੍ਰਤੀ ਭਾਰੀ ਰੋਹ ਸੀ। ਪੀੜਤ ਕਿਸਾਨਾ ਨੂੰ ਪਸ਼ੂ ਧੰਨ ਦਾ ਮੁਆਵਜਾ ਦਿਵਾਉਣ ਲਈ ਆਮ ਆਦਮੀ ਪਾਰਟੀ ਦੇ ਆਗੂ ਵਲੋ 25 ਅਗਸਤ ਤੋ ਸ਼ੁਰੂ ਕੀਤੀ ਭੁੱਖ ਹੜਤਾਲ 27 ਅਗਸਤ ਦੀ ਸ਼ਾਮ ਨੂੰ ਖਤਮ ਕਰ ਦਿੱਤੀ ਗਈ। ਲੋਕ ‘ਆਪ’ ਦੀ ਹਾਈਕਮਾਨ ਤੋਂ ਸਵਾਲ ਪੁੱਛਦੇ ਹਨ ਕਿ ਕੀ ਤਿੰਨ ਦਿਨਾ ਵਿੱਚ ਕਿਸਾਨਾ ਨੂੰ ਮੁਆਵਜਾ ਦਿਵਾ ਦਿੱਤਾ ਗਿਆ ਜਾਂ ਭੁੱਖ ਹੜਤਾਲ ਦਾ ਕੋਈ ਹੋਰ ਮਕਸਦ ਸੀ। ‘ਆਪ’ ਆਗੂਆਂ ਵਲੋਂ ਸ਼ੋਸ਼ਲ ਮੀਡੀਆ ਉਪਰ ‘ਆਪ’ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ, ਵਿਧਾਇਕ ਬੀਬੀ ਸਰਨਜੀਤ ਕੌਰ ਮਾਣੂੰਕੇ ਸਮੇਤ ਹੋਰ ਹਾਈ ਕਮਾਨ ਦੇ ਆਗੂਆਂ ਨੇ ਭੁੱਖ ਹੜਤਾਲ ਦਾ ਸਮਰਥਨ ਕਰਨ ਲਈ ਆਉਣ ਦਾ ਜੋਰ ਸ਼ੋਰ ਨਾਲ ਰੋਲਾ ਪਾਇਆ ਗਿਆ, ਪਰ ਗਿਆਸਪੁਰਾ ਦੀ ਭੁੱਖ ਹੜਤਾਲ ਦਾ ਸਮਰਥਨ ਕਰਨ ਲਈ ਆਪ ਦੀ ਹਾਈਕਮਾਨ ਵਲੋਂ ਅਣਦੇਖੀ ਕਰਦਿਆਂ ਨਾ ਆਉਣਾ ਸਿਆਸੀ ਮੰਚ ਲਈ ਵੱਡੇ ਸਵਾਲ ਪੈਦਾ ਕਰ ਗਿਆ। ਜਿਨ੍ਹਾਂ ਦਾ ਜੁਆਬ ਲੋਕ ਅਗਾਮੀ ਵਿਧਾਨ ਸਭਾ ਚੋਣਾਂ ਜਰੂਰ ਮੰਗਣਗੇ।
ਸ਼ਾਮ ਸਾਢੇ 6 ਵਜੇ ਭੁੱਖ ਹੜਤਾਲ ਸਥਾਨ ਤੇ ਪੁੱਜੇ ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਹਿਲਾ ਐਸਡੀਐਮ ਮਨਕੰਵਲ ਸਿੰਘ ਪਾਇਲ ਨਾਲ ਮੀਟਿੰਗ ਕੀਤੀ, ਜਿਨ੍ਹਾ ਉਕਤ ਮਾਮਲੇ ਬਾਰੇ ਸ. ਸੰਧਵਾਂ ਨੂੰ ਜਾਣਕਾਰੀ ਦਿੱਤੀ। ਪਾਰਟੀ ਦੀ ਪੱਤ ਰੱਖਣ ਲਈ ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਗਿਆਸਪੁਰਾ ਦੀ ਭੁੱਖ ਹੜਤਾਲ ਖਤਮ ਕਰਵਾਈ। ਪਾਇਲ ਹਲਕੇ ਦੇ ਇੰਚਾਰਜ ਗਿਆਸਪੁਰਾ ਦੀ ਟਿਕਟ ਪੱਕੀ ਹੋਣ ਬਾਰੇ ਪੁੱਛੇ ਜਾਣ ਤੇ ਸੰਧਵਾਂ ਨੇ ਕਿਹਾ ਕਿ ਟਿਕਟ ਦਾ ਫੈਸਲਾ ਪਾਰਟੀ ਹਾਈ ਕਮਾਨ ਤੇ ਨਿਰਭਰ ਕਰਦਾ ਹੈ। ਹਲਕਾ ਇਚਾਰਜ ਤੋ ਨਰਾਜ ਹੋ ਕੇ ਘਰ ਬੈਠੇ ਟਕਸਾਲੀ ਵਰਕਰਾਂ ਬਾਰੇ ਉਨ੍ਹਾਂ ਕਿਹਾ ਕਿ ਸਮਾਂ ਆਉਣ ਤੇ ਸਾਰਿਆ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ, ਜੋ ਤਰਕ ਸੰਗਤ ਨਹੀ ਹੈ, ਕਿਉਕਿ ਚੋਣਾਂ ਸਿਰ ‘ਤੇ ਹੋਣ ਦੇ ਬਾਵਜੂਦ ਆਪ ਦੇ ਆਗੂ ਕਿਸ ਦਾ ਇਤਜਾਰ ਕਰ ਰਹੇ ਹਨ। ਰਾਤ ਦੇ ਹਨੇਰੇ ਵਿੱਚ ਭੁੱਖ ਹੜਤਾਲ ਖਤਮ ਕਰਨ ਸਮੇਂ ਲੀਡਰ ਉਚੀ ਆਵਾਜ ਵਿੱਚ ਤਹਿਸੀਲ ਦੀਆਂ ਕੰਧਾਂ ਨੂੰ ਭਾਸ਼ਣ ਝਾੜ ਕੇ ਤੁਰਦੇ ਬਣੇ, ਜਿਸ ਨੂੰ ਕਿਸੇ ਕਿਸਾਨ ਜਾ ਸ਼ਹਿਰ ਵਾਸੀ ਨੇ ਨਹੀ ਸੁਣਿਆ। ਸਿਆਸੀ ਪੰਡਿਤਾਂ ਦੇ ਗਲਿਆਂਰਿਆਂ ਵਿੱਚ ਚਰਚਾਵਾਂ ਦਾ ਦੌਰ ਹੈ ਕਿ ਇਹ ਭੁੱਖ ਹੜਤਾਲ ਇੱਕ ਹਾਈ ਵੋਲਟੇਜ ਸਟੰਟ ਸੀ, ਕਿਉਕਿ ਆਪ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਰਬਜੀਤ ਸਿੰਘ ਸੀ.ਆਰ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਸਰਬਜੀਤ ਸਿੰਘ ਸੀ.ਆਰ ਪਿਛਲੇ ਦਿਨੀ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਗਿਆਸਪੁਰਾ ਨੂੰ ਮਾਨਯੋਗ ਹਾਈਕੋਰਟ ਵਲੋ ਵੀ ਕੋਈ ਰਾਹਤ ਨਹੀ ਮਿਲੀ। ਹੁਣ ਪੁਲਿਸ ਨੇ ‘ਆਪ’ ਦੇ ਭੁੱਖ ਹੜਤਾਲੀ ਗਿਆਸਪੁਰਾ ਨੂੰ ਗ੍ਰਿਫਤਾਰ ਕਰਨਾ ਸੀ, ਜਿਸ ਕਰਕੇ ਗ੍ਰਿਫਤਾਰੀ ਤੋ ਬਚਣ ਲਈ ਭੁੱਖ ਹੜਤਾਲ ਦਾ ਅਡੰਬਰ ਰਚਿਆ ਗਿਆ ਜਾਪਦਾ ਹੈ, ਜੋ ਫਲਾਪ ਸ਼ੋਅ ਹੋ ਨਿਬੜਿਆ।
Author: Gurbhej Singh Anandpuri
ਮੁੱਖ ਸੰਪਾਦਕ