ਸਰੀ 1 ਸਤੰਬਰ (ਰਮਨਪ੍ਰੀਤ ਸਿੰਘ ਮਾਲਚੱਕੀਆ) ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਖ਼ਿਲਾਫ਼ ਰੋਸ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ, ਜਦੋਂ ਕੈਨੇਡਾ ਦੇ ਫੀਲਡ ਹਾਕੀ ਦੇ ਖਿਡਾਰੀ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਟੀ ਸ਼ਰਟਾਂ ਪਾ ਕੇ ਖੇਡੇ। ਇਨ੍ਹਾਂ ਟੀ ਸ਼ਰਟਾਂ ‘ਤੇ ਲੋਗੋ ਕਿਸਾਨਾਂ ਦੀ ਹਮਾਇਤ ਦੇ ਲੱਗੇ ਹੋਣ ਕਾਰਨ, ਲੋਕਾਂ ਨੇ ਭਰਪੂਰ ਹੌਸਲਾ ਅਫਜ਼ਾਈ ਕੀਤੀ ਅਤੇ ਖਿਡਾਰੀਆਂ ਨੇ ਆਪਣੀ ਭਾਵਨਾਤਮਕ ਸ਼ਾਂਝ ਕਿਸਾਨਾਂ ਦੀ ਸੰਘਰਸ਼ ਨਾਲ ਪ੍ਰਗਟਾਈ। ਫੀਲਡ ਹਾਕੀ ਦੇ ਇਹ ਸ਼ਾਨਦਾਰ ਟੂਰਨਾਮੈਂਟ ਸਰੀ ਦੇ ਟਮਾਨਾਵਿਸ ਗਰਾਊਂਡ ਵਿੱਚ ਇੰਡੀਆ ਫੀਲਡ ਹਾਕੀ ਕਲੱਬ ਵਲੋਂ ਕਰਵਾਏ ਗਏ। ਟੂਰਨਾਮੈਂਟ ਸ਼ਾਮਲ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੱਲਾਂ ਮਾਰੀਆਂ ਗਈਆਂ। ਫਾੲੀਨਲ ਮੈਚ ਬੜਾ ਫਸਵਾਂ ਰਿਹਾ, ਜਿਸ ਦੇ ਵਿਚ ਗੋਬਿੰਦ ਸਰਵਰ ਦੀ ਟੀਮ ਨੇ ਬਿਹਤਰੀਨ ਖੇਡ ਨਾਲ ਜਿੱਤ ਹਾਸਲ ਕੀਤੀ ਅਤੇ ਜੇਤੂਆਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਇਸ ਟੀਮ ਦੀ ਸੂਝ ਬੂਝ ਨਾਲ ਅਗਵਾਈ ਕਰਨ ਵਾਲੇ ਮਿਹਨਤੀ ਕੋਚ ਗੁਰਜੀਤ ਸਿੰਘ ਸਿੱਧੂ ਸਮੇਤ ਸਾਰੇ ਵਲੰਟੀਅਰ, ਮਾਪੇ ਅਤੇ ਵਿਸ਼ੇਸ਼ ਤੌਰ ‘ਤੇ ਬਹੁਤ ਹੀ ਜਾਨ ਲਾ ਕੇ ਖੇਡਣ ਵਾਲੇ ਬਿਹਤਰੀਨ ਖਿਡਾਰੀ ਵਧਾਈ ਦੇ ਪਾਤਰ ਹਨ।
ਮਾਣ ਵਾਲੀ ਗੱਲ ਹੈ ਕਿ ਬੱਚੇ ਖੇਡਾਂ ਵਿੱਚ ਆਪਣਾ ਉਤਸ਼ਾਹ ਦਿਖਾ ਰਹੇ ਹਨ। ਹੁਣ ਇਸ ਟੂਰਨਾਮੈਂਟ ਦੇ ਜੇਤੂ ਖਿਡਾਰੀ ਕੈਲਗਰੀ ਵਿਖੇ ਤਿੱਨ ਤੋਂ ਪੰਜ ਸਤੰਬਰ ਤੱਕ ਹੋ ਰਹੇ ਫੀਲਡ ਹਾਕੀ ਟੂਰਨਾਮੈਂਟ ‘ਚ ਹਿੱਸਾ ਲੈਣ ਜਾ ਰਹੇ ਹਨ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਸ਼ੁਭਕਾਮਨਾਵਾਂ।