ਰਾਜ ਭਵਨ ‘ਚ ਚਰਨਜੀਤ ਸਿੰਘ ਚੰਨੀ ਵੱਲੋਂ ਬਤੌਰ (Charanjit Singh Channi) ਮੁੱਖ ਮੰਤਰੀ ਹਲਫ਼ ਲੈਣ ਤੋਂ ਬਾਅਦ ਉਹ ਪੰਜਾਬ ਸਕੱਤਰੇਤ ਪਹੁੰਚੇ ਅਤੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਗੁਰਜੀਤ ਸਿੰਘ ਔਜਲਾ, ਸ਼ਮਸ਼ੇਰ ਸਿੰਘ ਦੂਲੋ ਤੋਂ ਇਲਾਵਾ ਕਈ ਵਿਧਾਇਕ ਮੌਜੂਦ ਸਨ। ਇਸ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਮੂਹ ਮੁੱਖ ਮੰਤਰੀ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੂੰ ਇਹ ਮਾਣ ਬੂਖਸ਼ਿਆ। ਕਾਲੇ ਖੇਤੀ ਕਾਨੂੰਨ ਲੈਣ ਵਾਸਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਡੁੱਬੀ ਤਾਂ ਪੰਜਾਬ ਡੁੱਬ ਜਾਵੇਗਾ। ਕਿਸਾਨ ਦੇ ਨਾਲ ਅਰਥ ਵਿਵਸਥਾ ਜੁੜੀ ਹੋਈ ਹੈ। ਇਸ ਦਾ ਅਸਰ ਪੰਜਾਬ ਸਰਕਾਰ ਤੇ ਆਮ ਆਦਮੀ ‘ਤੇ ਪੈਂਦਾ ਹੈ। ਪੰਜਾਬ ਸਰਕਾਰ ਕਿਸਾਨਾਂ ਦੇ ਸੰਘਰਸ਼ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਉਹ ਅਮੀਰਾ ਦੇ ਨੁਮਾਇੰਦੇ ਨਹੀਂ ਹਨ। ਜਿਹੜਾ ਕੰਮ ਕਰਨਾ ਚਾਹੁੰਦਾ ਹੈ ਸਿਰਫ਼ ਉਹੀ ਉਨ੍ਹਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਦੀ ਸੋਚ ਰੱਖਣ ਵਾਲਿਆਂ ਦੇ ਨਾਲ ਹਨ। ਹੁਣ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਲੋਕਾਂ ਦੀ ਸਰਕਾਰ ਹੈ। ਪਿੰਡਾਂ ‘ਚ ਰਹਿੰਦੇ ਗ਼ਰੀਬ ਲੋਕਾਂ ਦਾ ਪਾਣੀ ਦਾ ਬਿੱਲ ਮਾਫ਼ ਹੋਵੇਗਾ। ਪਿਛਲੇ 5 ਸਾਲਾਂ ਦਾ ਬਿੱਲ ਵੀ ਮਾਫ਼ ਹੋਵੇਗਾ। ਕਿਸੇ ਗ਼ਰੀਬ ਦਾ ਪਾਣੀ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਸ਼ਹਿਰ ਵਾਸੀਆਂ ਲਈ ਵੀ ਸੋਚਣ ਦਾ ਵਾਅਦਾ ਕੀਤਾ।ਪੰਜਾਬ ਦੇ ਲੋਕਾਂ ਨੂੰ ਪਾਰਦਰਸ਼ੀ ਸਰਕਾਰ ਮਿਲੇਗੀ। ਕੋਈ ਥਾਣੇਦਾਰ ਕਿਸੇ ਨੂੰ ਨਾਜਾਇਜ਼ ਤੰਗ ਨਹੀਂ ਕਰੇਗਾ। ਕਿਸੇ ਦੇ ਨਾਲ ਵੀ ਕੁਝ ਗ਼ਲਤ ਨਹੀਂ ਹੋਵੇਗਾ। ਬਿਜਲੀ ਦੇ ਰੇਟ ਘਟਣਗੇ। ਕੇਂਦਰ ਸਰਕਾਰ ਵੱਲੋਂ ਦਿੱਤੇ 18 ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਹੀ ਰੇਤ ਮਾਫ਼ੀਆ ਦੇ ਮਸਲੇ ‘ਤੇ ਵੀ ਗੱਲ ਹੋਵੇਗੀ। ਜਿਹੜੇ ਵਾਅਦੇ ਅਜੇ ਪੂਰੇ ਨਹੀਂ ਹੋਏ ਪੂਰੇ ਕਰਾਂਗੇ, ਬਸ ਮੈਨੂੰ ਥੋੜ੍ਹਾ ਸਮਾਂ ਦੇ ਦਿਉ। ਪ੍ਰੈੱਸ ਕਾਨਫਰੰਸ ਤੋਂ ਬਾਅਦ ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀ ਯੋਜਨਾ ਹੈ।