ਨਵਜੋਤ ਸਿੱਧੂ ਦੇ ਅਸਤੀਫੇ ਉੱਤੇ ਨੈਤਿਕ ਅਧਾਰਾਂ ਤੋਂ ਡਿੱਗਕੇ ਦੰਦੀਆਂ ਕੱਢਣ ਅਤੇ ਅਖੌਤੀ ਪੈਸੇ ਅਤੇ ਗਦਾਰੀਆਂ ਦੇ ਸਿਰ ‘ਤੇ ਰਾਜਨੀਤਕ ਕੁਰਸੀਆਂ ਹਥਿਆਕੇ ਪੰਜਾਬ ਨੂੰ ਲੁੱਟਣ ਤਬਾਹ ਕਰਨ ਵਾਲੇ ਉਨਾਂ ਸਾਰਿਆਂ ਜਨੌਰਾਂ ਦੇ ਮੂੰਹ ਉੱਤੇ ਨਵਜੋਤ ਸਿੱਧੂ ਦਾ ਅਸਤੀਫਾ ਕਰਾਰੀ ਚਪੇੜ ਏ ।
ਕਾਂਗਰਸ ਪਾਰਟੀ ਸਿੱਖ ਅਤੇ ਪੰਜਾਬ ਦੀ ਜਮਾਂਦਰੂ ਦੁਸ਼ਮਣ ਏਂ ਪਰ ਜੇ ਕੋਈ ਇਸ ਪਾਰਟੀ ਵਿੱਚ ਅਜੇ ਵੀ ਜਮੀਰ ਨੂੰ ਜਿੰਦਾ ਰੱਖਕੇ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਲਈ ਖੜ੍ਹਦਾ ਏ , ਮੇਰਾ ਉਸਨੂੰ ਸਲਾਮ ਏਂ ਭਾਵੇਂ ਉਹ ਕੋਈ ਵੀ ਹੋਵੇ ।
ਅੱਜ ਨਵਜੋਤ ਸਿੱਧੂ ਦਾ ਸਪਸ਼ਟੀਕਰਣ ਸੁਣਨ ਤੋਂ ਬਾਦ ਉਸਦੇ ਅਸਤੀਫੇ ਦਾ ਕਾਰਣ ਜਾਣਿਆਂ । “ ਸਿੱਧੂ ਦੀ ਸਟੇਟਮੈਂਟ , “ ਜੇ ਮਾਵਾਂ ਦੀਆਂ ਕੁੱਖਾਂ ਨੂੰ ਜਲਾਉਣ ਵਾਲ਼ੇ ਹੀ ਪਹਿਰੇਦਾਰ ਲਾਉਣੇ ਨੇ ਫਿਰ ਇਸ ਰੱਦੋਬਦਲ ਦਾ ਕੀ ਅਰਥ ? “
ਨਵਜੋਤ ਸਿੱਧੂ ਦਾ ਇਸ਼ਾਰਾ ਪੰਜਾਬ ਦੇ DGP ਅਤੇ AG ਵੱਲ ਏ ਕਿ ਇਹ ਅਫਸਰ ਤਾਂ ਬਾਦਲਾਂ ਨੂੰ ਕਲੀਨ ਚਿੱਟ ਅਤੇ ਸੁਮੇਧ ਸੈਣੀ ਵਰਗੇ ਦਰਿੰਦਿਆਂ ਨੂੰ ਬਚਾਉਣ ਵਾਲੇ ਨੇ , ਕੁੱਝ ਗੁਰਜੀਤ ਰਾਣੇ ਵਰਗੇ ਬਸਮਾਸ਼ਾਂ ਨੂੰ ਮਹਿਕਮੇ ਸੌਪਣੇ ਕਿਹੜੇ ਪੰਜਾਬ ਦੇ ਭਲੇ ਵਿੱਚ ਸਥਾਪਤ ਹੋਏ ਨਵੇਂ ਫੈਸਲੇ ਨੇ ?
ਹੈਰਾਨੀ ਦੀ ਗੱਲ ਏ ਕਿ , ਖੁੰਭਾਂ ਵਾਂਗੂੰ ਉੱਗੇ youtube ਚੈਨਲਾਂ ਦੇ ਅਨਾੜੀ ਐਂਕਰਾਂ ਦੇ ਸਵਾਲ ਵੀ ਰਾਜਨੀਤਕ ਮੁਲਾਂਕਣ ਅਤੇ ਗਲਤ ਨੀਤੀਆਂ ਦੇ ਅਸਿੱਧੇ ਪੱਖ ਵਿੱਚ ਬੋਲਕੇ ਪੱਤਰਕਾਰੀ ਦੇ ਮਿਆਰ ਦਾ ਭੱਠਾ ਬਿਠਾ ਰਹੇ ਹਨ। … ਨਾਂ ਕਿਸੇ ਨੂੰ ( ਕੁੱਝ ਇੱਕ ਅੱਧੇ ਨੂੰ ਛੱਡਕੇ ) ਰਾਜਨੀਤਕ ਵਿਸ਼ਲੇਸ਼ਣ ਦੀ ਸਮਝ ਏ , ਨਾਂ ਯੋਗਤਾ , ਛੋਟਾ ਜਿਹਾ ਜਨਰਲਿਜਮ ( Generalism) ਦਾ ਕੋਰਸ ਕਰੋ ਅਤੇ ਮਾਈਕ ਫੜ੍ਹਕੇ ਬੋਲੀ ਜਾਓ ਬਸ … ਕੀ ਬੋਲਦੇ ਹੋ , ਕਿਸ ਲਈ ਬੋਲਦੇ ਹੋ , ਕੁੱਝ ਨਹੀਂ ਪਤਾ । ਵੈਸੇ ਵੀ ਭਾਰਤ ਅੰਦਰਲੀ ਰਾਜਨੀਤੀ ਨੂੰ ਪਰਿਭਾਸ਼ਤ ਕਰਨਾ ਹੋਵੇ ਤਾਂ ਇੱਕ ਲਾਈਨ ਕਾਫੀ ਏ ……” ਜਿਹਨਾਂ ਨੂੰ ਸਾਈਕਲ ਠੀਕ ਤਰਾਂ ਚਲਾਉਣ ਦਾ ਚੱਜ ਨਹੀਂ ਉਹ ਪਾਰਲੀਮੈਂਟ ਅਤੇ ਅਸੈਂਬਲ਼ੀਆਂ ਵਿੱਚ ਦੇਸ ਚਲਾਉਣ ਦੀ ਸੇਵਾ ਕਰ ਰਹੇ ਨੇ ।”
ਚਰਨਜੀਤ ਚੰਨੀ ਨਵਾਂ ਮੁੱਖ ਮੰਤਰੀ ਬਣਾਇਆ ਏ ਪਰ ਇਸ ਕੁਰਸੀ ਦੀ ਪਾਵਰ ਦਾ ਰਿਮੋਟ ਤਾਂ ਦਰਬਾਰ ਸਾਹਿਬ ‘ਤੇ ਹਮਲੇ ਕਰਕੇ ਪੰਜਾਬ ਨੂੰ ਅੱਗ ਲਾਉਣ ਵਾਲ਼ੇ ਖਾਨਦਾਨ ਹੱਥ ਏ । ਫਿਰ ਤਾਰੋਤਾਜਾ ਮਹਿਕਮਿਆਂ ਦੀ ਵੰਡ ਨੇ ਚੰਨੀ ਦੇ ਦਿਮਾਗ ਅਤੇ ਸੋਚ ਨੂੰ ਸਪਸ਼ਟ ਕਰ ਦਿੱਤਾ ਏ … ਪਰ ਆਹ ਚੈਨਲਾਂ ਵਾਲੇ ਉਸਨੂੰ ਇਉਂ ਪੇਸ਼ ਕਰ ਰਹੇ ਹਨ ਜਿਵੇਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੇਸ਼ਕਾਰੀ ਕਰ ਰਹੇ ਹੋਣ … ਮੁੱਖ ਮੰਤਰੀ ਨੇ ਕਿਸਾਨ ਨੂੰ ਜੱਫੀ ਪਾ ਲਈ !! ਮੁੱਖ ਮੰਤਰੀ ਨੇ ਵਿਆਹ ਵਾਲੇ ਜੋੜੇ ਨੂੰ ਸ਼ਗਨ ਪਾ ਦਿੱਤਾ !!! ਅੱਜ ਮੁੱਖ ਮੰਤਰੀ ਨੇ ਇੱਕ ਗਰੀਬ ਮਾਤਾ ਦੇ ਪੈਰੀਂ ਹੱਥ ਲਾ ਦਿੱਤਾ !
ਇਹ ਕਿਹੜੀ ਯੋਗਤਾ ਏ ਜਿਸਨੂੰ ਬਿਆਨ ਕੀਤਾ ਜਾ ਰਿਹਾ ਏ ?
ਕੀ ਜੇਲ੍ਹਾਂ ਵਿੱਚ ਸੜ ਰਹੇ ਸਿੱਖ ਮਾਵਾਂ ਦੇ ਪੁੱਤ ਬਗੈਰ ਮਾਂ ਜੰਮ ਪਏ ਨੇ ? ਪੁਲਿਸ ਗੋਲੀਆਂ ਨਾਲ ਖਾਲੀ ਕੀਤੇ ਮਾਵਾਂ ਦੇ ਵਿਹੜੇ ਨਵੇਂ ਮੁੱਖ ਮੰਤਰੀ ਨੂੰ ਨਹੀਂ ਦਿੱਸਦੇ ?
ਪੰਜਾਬ ਵਾਲਿਓ ! ਜਾਗ ਪਓ , ਸ਼ਕਲੋਂ ਤਾਂ ਬਾਦਲ ਵੀ ਭੋਲ਼ਾ ਜਿਹਾ ਲੱਗਦਾ ਏ । ਲੋਕਾਂ ਸ਼ਕਲਾਂ ਅਤੇ ਸੁਭਾਅ ਨਹੀਂ ਦੇਖਣੇ , ਉਨਾਂ ਨੂੰ ਨਿਆਂ , ਰੁਜਗਾਰ , ਸਿਹਤ ਸਹੂਲਤਾਂ , ਵਿੱਦਿਆ ਅਤੇ ਸਿਰ ਉਤਾਂਹ ਕਰਕੇ ਤੁਰਨ ਦੀ ਇਸ ਖਿੱਤੇ ਲਈ ਅਜਾਦੀ ਚਾਹੀਦੀ ਏ ।। ਜਿਹੜਾ ਪੰਜਾਬ ਦੀ ਇਜਤ ਅਤੇ ਜਲਾਲ ਨਾਲ ਖਿਲਵਾੜ ਕਰਨ ਦਾ ਯਤਨ ਕਰੇਗਾ ਉਹ ਇਤਿਹਾਸ ਦੇ ਕੂੜੇ ਕਰਕਟ ਦੇ ਢੇਰ ਉੱਤੇ ਹੀ ਜਾਵੇਗਾ ।
ਪ੍ਰਵੀਨ ਕੌਰ ।
Author: Gurbhej Singh Anandpuri
ਮੁੱਖ ਸੰਪਾਦਕ