ਪ੍ਰਮੋਸ਼ਨ ਉਪਰੰਤ ਪਹਿਲੀ ਨਿਯੁਕਤੀ ਜੱਦੀ ਜਿਲੇ ਵਿਚ ਹੋਈ..
ਇੱਕ ਵੇਰ ਲੋਰ ਜਿਹਾ ਆਇਆ..ਬਿਨਾ ਗੰਨਮੈਨਾਂ ਤੋਂ ਅੱਡੇ ਕੋਲ ਓਸੇ ਪੂਰਾਣੇ ਢਾਬੇ ਤੇ ਅੱਪੜ ਗਿਆ!
ਕੁਝ ਵੀ ਤਾਂ ਨਹੀਂ ਸੀ ਬਦਲਿਆ..ਸਿਵਾਏ ਸਟਾਫ ਦੇ..ਓਹੀ ਟੇਬਲ..ਓਹੀ ਤੰਦੂਰ ਓਹੀ ਟੁੱਟੇ ਹੋਏ ਟੇਬਲ..ਪਾਣੀ ਦੀ ਟੂਟੀ..ਅਤੇ ਕਿੰਨੇ ਸਾਰੇ ਗ੍ਰਾਹਕ!
ਵਾਜ ਮਾਰੀ..ਨਿੱਕਾ ਮੁੰਡਾ ਕੋਲ ਆਇਆ..ਆਖਿਆ ਸਮੋਸਿਆਂ ਦੀਂ ਪਲੇਟ ਲੈ ਕੇ ਆਵੇ..!
ਮੈਂ ਨਾਲ ਹੀ ਅਤੀਤ ਦੇ ਸਮੁੰਦਰ ਵਿਚ ਜਾ ਡੁੱਬਾ..ਸਕੂਲੋਂ ਛੁੱਟੀ ਮਗਰੋਂ ਇਸੇ ਢਾਬੇ ਵਿਚ ਦੇਰ ਰਾਤ ਤੱਕ ਕੰਮ ਕਰ ਕੇ ਘਰੇ ਅੱਪੜਿਆ ਕਰਦਾ ਸਾਂ!
ਇੱਕ ਵੇਰ ਇੱਕਠੇ ਪੰਜ ਗਲਾਸ ਟੁੱਟ ਗਏ..ਬੜੀ ਕੁੱਟ ਪਈ!
ਕੋਲ ਰੋਟੀ ਖਾਣ ਬੈਠੇ ਸਰਦਾਰ ਜੀ ਨੱਸੇ ਨੱਸੇ ਆਏ..ਛੁਡਾ ਲਿਆ..ਆਖਣ ਲੱਗੇ ਨੁਕਸਾਨ ਮੇਰੇ ਖਾਤੇ ਪਾ ਦਿਓ..ਪਰ ਇਸ ਨੂੰ ਕੁਝ ਨੀ ਆਖਣਾ!
ਫੇਰ ਆਪਣੀ ਕੋਠੀ ਲੈ ਗਏ..ਆਖਣ ਲੱਗੇ ਸਚੋ ਸੱਚ ਦੱਸ..ਪੜਨਾ ਏ ਕੇ ਕੰਮ ਕਰਨਾ?
ਅੱਗੋਂ ਆਖ ਦਿੱਤਾ ਜੀ ਪੜਨਾ ਏ..ਵੱਡਾ ਇਨਸਾਨ ਬਣਨਾ ਏ..ਬਾਪੂ ਜੀ ਦੀ ਖਵਾਇਸ਼ ਸੀ!
ਮੇਰੀਆਂ ਅੱਖੀਆਂ ਵਿਚ ਗਹੁ ਨਾਲ ਵੇਖਿਆ..ਫੇਰ ਘਰੇ ਮਾਂ ਨਾਲ ਗੱਲ ਕਰ ਸਕੂਲੇ ਪਾ ਦਿੱਤਾ..ਫੀਸਾਂ..ਕਿਤਾਬਾਂ..ਬੂਟ ਜੁਰਾਬਾਂ..ਅਤੇ ਹੋਰ ਸਾਰਾ ਕੁਝ ਸਰਦਾਰ ਜੀ ਵੱਲੋਂ!
ਜਦੋਂ ਸਿਵਿਲ ਸਰਵਿਸਜ਼ ਵਾਲੀ ਆਖਰੀ ਇੰਟਰਵਿਯੂ ਦੀਂ ਕਾਲ ਆਈ ਤਾਂ ਨਾਲ ਹੀ ਸਰਦਾਰ ਜੀ ਵੱਲੋਂ ਵੀ ਪਤਾ ਲੱਗ ਗਿਆ..!
ਮੈਂ ਬੜਾ ਰੋਇਆ..ਇੰਟਰਵਿਊ ਤੇ ਜਾਣ ਨੂੰ ਜੀ ਨਾ ਕਰੇ..!
ਫੇਰ ਓਹਨਾ ਦੇ ਆਖੇ ਬੋਲ ਚੇਤੇ ਆ ਗਏ..ਪੁੱਤਰ ਜੇ ਮੈਂ ਜਿਉਂਦਾ ਰਿਹਾ ਤਾਂ ਤੈਨੂੰ ਵੱਡਾ ਇਨਸਾਨ ਬਣੇ ਨੂੰ ਵੇਖ ਗਲ਼ ਨਾਲ ਲਵਾਂਗਾ ਤੇ ਜੇ ਨਾ ਵੀ ਰਿਹਾ ਤਾਂ ਵੀ ਮੇਰੀ ਰੂਹ ਤੈਨੂੰ ਅਕਸਰ ਹੀ ਇਥੇ ਆ ਕਲਾਵੇ ਵਿਚ ਜਰੂਰ ਲਿਆ ਕਰੂ..!
ਸੂਰਤ ਵਰਤਮਾਨ ਵੱਲ ਪਰਤੀ..ਤੁਰਨ ਲੱਗਾ ਤਾਂ ਵੇਖਿਆ ਐਨ ਮੇਰੇ ਵਾਲੀ ਥਾਂ ਤੇ ਓਹੀ ਨਿੱਕਾ ਜਿਹਾ ਮੁੰਡਾ ਬੈਠਾ ਭਾਂਡੇ ਧੋ ਰਿਹਾ ਸੀ..!
ਕੋਲ ਹੀ ਪਏ ਉਸਦੇ ਬਸਤੇ ਨੂੰ ਵੇਖ ਦਿਮਾਗ ਸੁੰਨ ਹੋ ਗਿਆ..ਅਗਾਂਹ ਨੂੰ ਉਲਾਂਗ ਪੁੱਟਾਂ..ਪਰ ਪੁੱਟੀ ਨਾ ਜਾਵੇ..!
ਫੇਰ ਨਿੱਕੇ ਹੁੰਦਿਆਂ ਕੁੱਟ ਤੋਂ ਬਚਾਉਂਦੇ ਹੋਏ ਸਰਦਾਰ ਹੂਰੀ ਸਾਮਣੇ ਆਣ ਖਲੋਤੇ..ਕਲਾਵੇ ਵਿਚ ਲੈ ਆਖਣਾ ਸ਼ੁਰੂ ਕਰ ਦਿੱਤਾ..ਪੁੱਤਰਾ ਹਰ ਵੇਲੇ ਚੜੇ ਹੋਏ ਕਰਜੇ ਨੂੰ ਲਹੁਣ ਦੀ ਗੱਲ ਕਰਿਆ ਕਰਦਾ ਸੈਂ ਨਾ..ਆਹ ਵੇਖ ਲੈ ਵੇਲਾ ਆ ਗਿਆ ਈ ਅੱਜ ਓਸੇ ਦੀ ਪਹਿਲੀ ਕਿਸ਼ਤ ਮੋੜਨ ਦਾ..ਉਹ ਵੀ ਸਣੇ ਵਿਆਜ..ਬਾਕੀ ਦਾ ਰਹਿ ਗਿਆ ਮੋੜਨ ਲਈ ਅਜੇ ਤੇਰੀ ਸਾਰੀ ਨੌਕਰੀ ਪਈ ਏ”!
ਕੁਝ ਦਿਨ ਮਗਰੋਂ ਉਸ ਮੁੰਡੇ ਨੂੰ ਸਕੂਲ ਜਾਂਦੇ ਨੂੰ ਵੇਖ ਇੰਝ ਲੱਗਿਆ ਜਿੱਦਾਂ ਸਾਨੂੰ ਦੋਹਾਂ ਨੂੰ ਵੇਖਣ ਆਈ ਸਰਦਾਰ ਹੁਰਾਂ ਦੀ ਰੂਹ ਖੁਸ਼ੀ ਦੇ ਹੰਝੂ ਵਹਾ ਰਹੀ ਹੋਵੇ!
ਸੋ ਦੋਸਤੋ ਜਿੰਦਗੀ ਵਿਚ ਭਾਵੇਂ ਕੋਈ ਕਰਜਾ ਚੁੱਕਿਆ ਹੈ ਜਾਂ ਨਹੀਂ..ਪਰ ਕਿਸ਼ਤਾਂ ਮੋੜਨ ਦਾ ਮੌਕਾ ਕਦੇ ਵੀ ਨਾ ਖੁੰਝਾਇਆ ਜਾਵੇ..!
ਕਿਓੰਕੇ ਸਰਦਾਰ ਹੂਰੀ ਅਕਸਰ ਹੀ ਆਖਿਆ ਕਰਦੇ ਸਨ ਕੇ ਇੰਝ ਮੋੜੀਆਂ ਹੋਈਆਂ ਕਿਸ਼ਤਾਂ ਉੱਪਰਲੇ ਬੈੰਕ ਵਿਚ ਅਡਵਾਂਸ ਦੇ ਰੂਪ ਵਿਚ ਇਕੱਠੀਆਂ ਹੋਈ ਜਾਂਦੀਆਂ ਨੇ..ਓਹੀ ਅਡਵਾਂਸ ਜਿਹੜਾ ਭੀੜ ਵੇਲੇ ਸਾਡੇ ਵੀ ਕੰਮ ਆਉਂਦਾ ਤੇ ਸਾਡੀਆਂ ਅਗਲੀਆਂ ਪੀੜੀਆਂ ਦੇ ਵੀ!
ਹਰਪ੍ਰੀਤ ਸਿੰਘ ਜਵੰਦਾ
Author: Gurbhej Singh Anandpuri
ਮੁੱਖ ਸੰਪਾਦਕ