Home » ਧਾਰਮਿਕ » ਇਤਿਹਾਸ » ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ,ਭਾਈ ਸੁਖਦੇਵ ਸਿੰਘ ਸੁੱਖਾ

ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ,ਭਾਈ ਸੁਖਦੇਵ ਸਿੰਘ ਸੁੱਖਾ

34 Views

10 ਅਗਸਤ 1986 -ਐਤਵਾਰ , ਸਵੇਰੇ 10 ਵਜੇ ਜਨਰਲ ਵੈਦਿਆ ਆਪਣੀ ਪਤਨੀ ਭਾਨੂਮਤੀ ਅਤੇ ਇੱਕ ਸਿਕਿਉਰਟੀ ਗਾਰਡ ਨਾਲ ਮਾਰੂਤੀ ਕਾਰ ਨੰਬਰ , DP-1437 ਨੂੰ ਖੁਦ ਆਪ ਚਲਾਉਂਦਾ ਹੋਇਆ , ਦਰਬਾਰ ਸਾਹਿਬ ਦੇ ਹਮਲੇ ਵਿੱਚ ਮਚਾਈ ਤਬਾਹੀ ਅਤੇ ਸਿੱਖ ਕੌਮ ਅਤੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਬਾਰੂਦ ਦਾ ਢੇਰ ਸੁੱਟ , ਅੱਗ ਦੇ ਭਾਂਬੜ ਬਾਲ਼ਕੇ ਬੜੀ ਬੇਫਿਕਰੀ ਦੇ ਆਲਮ ਵਿੱਚ ਬਜਾਰੋਂ ਘਰੇਲੂ ਖਰੀਦੋ -ਫਰੋਖਤ ਕਰਕੇ ਤਕਰੀਬਨ 11:30 ਵਜੇ ਵਾਪਸ ਆ ਰਿਹਾ ਸੀ । ਜਿਸ ਰੋਡ ਤੋਂ ਚੌਕ ਵਿੱਚ ਵੜਕੇ ਵੈਦਿਆ ਦੀ ਕਾਰ ਨੇ ਸੱਜੇ ਪਾਸੇ ‘ਅਭਿਮੰਨਿਊਂ ਰੋਡ 18 Queen’s ਵੱਲ ਮੋੜ ਮੁੜਨਾ ਸੀ , ਜਿਉਂ ਹੀ ਕਾਰ ਹੌਲੀ ਹੋਈ ਉਸੇ ਸਮੇਂ ਡਰਾਈਵਰ ਵਾਲੇ ਪਾਸਿਓਂ ਅੱਖ ਝਮੱਕਦਿਆਂ ਲਾਲ ਰੰਗ ਦੇ ਇੰਡੋ ਸਜੂਕੀ ਮੋਟਰ ਸਾਈਕਲ ਓਵਰਟੇਕ ਕਰਦਾ ਹੋਇਆ ਵੈਦਿਆ ਦੇ ਬਰਾਬਰ ਆਇਆ ਅਤੇ ਦੋ ਗੱਭਰੂ ਸਵਾਰਾਂ ਨੇ ਉਸਦੀ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਅਤੇ ਅਗਲੇ ਪਲ ਹੀ ਦਾਅੜ-ਟਿਊਂ , ਦਾਅੜ-ਟਿਊਂ , ਦਾਅੜ੍ਹ-ਟਿਊਂ ਕਰਦੀਆਂ ਚਾਰ ਗੋਲ਼ੀਆਂ ਵੈਦਿਆ ਦੀ ਪੁੜਪੁੜੀ ‘ਤੇ ਮਾਰੀਆਂ ਅਤੇ ਉਹ ਨਾਲ਼ ਬੈਠੀ ਆਪਣੀ ਪਤਨੀ ਦੇ ਮੋਢਿਆਂ ‘ਤੇ ਟੇਢਾ ਹੋ ਗਿਆ । ਪਤਨੀ ਡਰਦੀ ਮਾਰੀ ਗੁੰਮਸੁੰਮ ਹੋ ਗਈ ਅਤੇ ਪਿਛਲੀ ਸੀਟ ‘ਤੇ ਬੈਠਾ ਉਨਾਂ ਦਾ ਸਿਕਿਉਰਿਟੀ ਗਾਰਡ ਵੀ ਗੋਲ਼ੀਆਂ ਦੀ ਅਵਾਜ ਸੁਣਦਿਆਂ ਸਾਰ ਕਾਰ ਦੀ ਸੀਟ ਤੋਂ ਤਿਲਕਕੇ ਹੇਠਾਂ ਮੂਧੇ ਮੂੰਹ ਡਿੱਗਾ ਅਤੇ ਅੱਖਾਂ ਬੰਦ ਕਰਕੇ ਛੁੱਪ ਗਿਆ । ਇਸ ਘਟਨਾ ਨੂੰ ਅੰਜਾਮ ਦੇਣ ਵਾਲ਼ੇ ਮਹਾਨ ਨਾਇਕ ਅਤੇ ਸੂਰਬੀਰ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਜੀ ਸਨ । ਜਿੰਨਾਂ ਦੀ ਸਲਾਨਾ ਸ਼ਹੀਦੀ ਬਰਸੀ 9 ਅਕਤੂਬਰ ਨੂੰ ਹੈ । ਜਿਸ ਉਪਰ ਸਿੱਖ ਕੌਮ ਨੂੰ ਨਾਜ ਰਹੇਗਾ , ਫਖਰ ਰਹੇਗਾ , ਮਾਣ ਰਹੇਗਾ ਕਿਉਂਕਿ ਸਿੱਖਾਂ ਨੇ ਕਦੀ ਮਜਲੂਮਾਂ ਨੂੰ ਹਜੂਮਾਂ ਦਾ ਰੂਪ ਧਾਰਕੇ ਡਰਪੋਕ ਗਿੱਦੜਾਂ ਅਤੇ ਲੱਕੜਬੱਗਿਆਂ ਵਾਂਗ , ਨਿਹੱਥੇ ਅਤੇ ਨਿਰਦੋਸ਼ ਲੋਕਾਂ ਨੂੰ ਟਾਇਰ ਪਾਕੇ ਨਹੀਂ ਸਾੜਿਆ ਜਾਂ ਮਾਰਿਆ । ਇਹ ਸਾਡੀ ਵਿਰਾਸਤ ਹੈ ।
ਇਹ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਵਲੋਂ ਇੰਦਰਾ ਦੀ ਸੁਧਾਈ ਕਰਨ ਤੋਂ ਬਾਦ ਦੂਸਰਾ ਵੱਡਾ ਕਾਰਨਾਮਾ ਸੀ ਜਿਸਨੇ ਖਾਲਸੇ ਦੇ ਜਾਹੋਜਲਾਲ ਨੂੰ ਕਾਇਮ ਰੱਖਦਿਆਂ ਦੋ ਵੱਡੇ ਸੱਪਾਂ ਦਾ ਸਿਰ ਭੰਨਿਆਂ ਅਤੇ ਖਾਲਸਾਈ ਅਣਖਾਂ , ਗੈਰਤਾਂ , ਨੂੰ ਕਾਇਮ ਰੱਖਦਿਆਂ ਜੂਨ 1984 ਦੇ ਹਮਲੇ ਦੀ ਪਾਈ ਭਾਅਜੀ ਨੂੰ ਮੋੜਿਆ ਅਤੇ ਗੇਂਦ ਦੁਸ਼ਮਣ ਦੇ ਪਾਲ਼ੇ ਵੱਲ ਸੁੱਟ ਦਿੱਤੀ ।
ਇਹੋ ਜਿਹੇ ਦਲੇਰ ਜਾਂਬਾਜ ਸਪੂਤਾਂ ਤੇ ਨੇਕਦਿਲ ਕੁਰਬਾਨੀ ਕਰਨ ਵਾਲੀਆਂ ਰੂਹਾਂ ਬਾਰੇ ਲਿਖਣਾ ਬਹੁਤ ਕਠਿਨ ਹੁੰਦਾ ਏ , ਕਿਉਂਕਿ ਗੱਲ ਬਹੁਤ ਵੱਡੀ ਹੁੰਦੀ ਹੈ ਪਰ ਸ਼ਬਦ ਸੁੰਗੜ ਜਾਂਦੇ ਹਨ , ਬੇਵੱਸ ਹੋ ਜਾਂਦੇ ਹਨ , ਲਾਚਾਰ ਹੋ ਜਾਂਦੇ ਹਨ । ਸ਼ਬਦ ਇਹੋ ਜਿਹੇ ਸੂਰਬੀਰਾਂ ਅਤੇ ਸਿੱਖ ਕੌਮ ਦੇ ਮਹਾਨ ਨਾਇਕਾਂ ਨੂੰ ਵਰਣਿਤ ਕਰਦੇ ਹੋਏ ਵੀ ਕੰਬਦੇ ਨੇ ……ਜਿੰਨਾ ਨੇ ਫਾਂਸੀ ਖੁਦ ਹਾਸਲ ਕਰਨ ਲਈ ਆਪ ਇਕਬਾਲੀਆ ਬਿਆਨ ਦਿੱਤੇ ਹੋਣ ਕਿ ਕਿਤੇ ਸਾਨੂੰ ਹਲਕੀ ਜਿਹੀ ਸਜਾ ( ਸਨਮਾਨ ) ਦੇਕੇ ਬਰੀ ਨਾਂ ਕਰ ਦਿੱਤਾ ਜਾਵੇ ਕਿਉਂਕਿ ਮੌਤ ਦੀ ਸਜਾ ਵਾਸਤੇ ਇਸ ਪੂਨੇ ਦੀ ਅਦਾਲਤ ਨੂੰ ਇਹੋ ਜਿਹੇ ਪੁਖਤਾ ਸਬੂਤ ਇਨਾਂ ਯੋਧਿਆਂ ਖਿਲਾਫ ਨਹੀਂ ਮਿਲ਼ ਰਹੇ ਸਨ ਅਤੇ ਜੱਜ ਬਾਰ ਬਾਰ ਇੰਨਾ ਯੋਧਿਆਂ ਨੂੰ ਕਹਿ ਚੁੱਕਾ ਸੀ ਕਿ ਆਪਣਾ ਬਿਆਨ ਵਾਪਸ ਲੈ ਲਓ , ਮੈ ਸਜਾ ਕੁੱਝ ਸਾਲਾਂ ਵਿੱਚ ਬਦਲ ਦਿਆਂਗਾ । ਹੋਰ ਵੀ ਇਨਾਂ ਦੇ 7 ਸਾਥੀ ਅਦਾਲਤ ਬਰੀ ਕਰ ਚੁੱਕੀ ਸੀ ਜਿੰਨਾ ਵਿੱਚ ਨਿਰਮਲ ਸਿੰਘ ਨਿੰਮਾਂ ਅਤੇ ਦਲਜੀਤ ਸਿੰਘ ਬਿੱਟੂ ਵੀ ਸ਼ਾਮਲ ਸਨ ।
ਉਹ ਕਿਹੋ ਜਿਹੀਆਂ ਰੂਹਾਂ ਹੋਣਗੀਆਂ ਜਿਸਨੂੰ ਫਾਂਸੀ ਸੁਣਾਉਂਦੇ ਜੱਜ ਦੀਆਂ ਅੱਖਾਂ ਵੀ ਸਿੱਲ੍ਹੀਆਂ ਹੋ ਗਈਆਂ ਅਤੇ ਫਾਂਸੀ ਦੇ ਤਖਤੇ ਵੱਲ ਅੰਮ੍ਰਿਤ ਵੇਲੇ ਦੇ 4 ਵਜੇ ਲਿਜਾਏ ਜਾ ਰਹੇ ਦੋ ਸੂਰਬੀਰਾਂ ਦੇ ਅਕਾਸ਼ ਗੁੰਜਾਊ “ ਖਾਲਸਤਾਨ ਜਿੰਦਾਬਾਦ “ ਦੇ ਨਾਹਰਿਆਂ ਦਾ ਜਵਾਬ ਸਾਰੇ ਕੈਦੀ , ਬਿਨਾਂ ਕਿਸੇ ਜਾਤ ਪਾਤ ਅਤੇ ਧਾਰਮਿਕ ਵਿਖਰੇਵਿਆਂ ਤੋਂ ਉਪਰ ਉੱਠ , ਜੇਲ੍ਹ ਦੀਆਂ ਸੀਖਾਂ ਵਿੱਚੋਂ ਬਾਹਾਂ ਬਾਹਰ ਕੱਢ ਕੱਢ ਦਿੰਦੇ ਹੋਏ ਵੀ ਰੋ ਰਹੇ ਹੋਣ ! ……ਅਤੇ ਜਦੋਂ ਗਲ਼ ਵਿੱਚ ਰੱਸਾ ਪਾਉਣ ਵਾਲ਼ੇ ਜਲਾਦ ਵੀ ਇੱਕ ਹੱਥ ਨਾਲ਼ ਅੱਖਾਂ ਪੂੰਝਦੇ ਹੋਏ ਕਹਿ ਰਹੇ ਹੋਣ ਜਿੰਦੇ ! ਸੁੱਖੇ ! ਯਾਰ ਮੈਨੂੰ ਮਾਫ ਕਰ ਦੇਵੀਂ ! ……ਉਹ ਕਿਹੋ ਜਿਹਾ ਮੰਜਰ ਹੋਵੇਗਾ ? …ਕੀ ਇਹ ਛੋਟੀ ਜਿਹੀ ਘਟਨਾ ਸੀ ? ਕੀ ਅਸੀ ਦੁਨੀਆਂ ਨੂੰ ਦੱਸ ਪਾਵਾਂਗੇ ਕਿ ਸਾਡੇ ਪੰਜਾਬ ਦੀ ਜਰਖੇਜ ਧਰਤੀ ਨੇ ਫਸਲਾਂ ਹੀ ਨਹੀ ਸੂਰਬੀਰ ਦੇਵਤੇ ਵੀ ਪੈਦਾ ਕਰਦੀ ਏ , ਜਿੰਨਾਂ ਨੂੰ ਨਿੰਦਣ ਲਈ ਅੱਤਵਾਦੀ ਵਰਗੇ ਸ਼ਬਦਾਂ ਨਾਲ ਗਰਦਾਨਦੀ ਇਹ ਹਾਕਮ ਸ਼੍ਰੇਣੀ ਭੋਰਾ ਸ਼ਰਮ ਨਹੀਂ ਕਰਦੀ ।
ਪਾਠਕੋ ਯਕੀਨ ਮੰਨਣਾ, ਮੇਰੇ ਕੋਲੋਂ ਸੱਚਮੁੱਚ ਨਹੀਂ ਲਿਖਿਆ ਜਾ ਰਿਹਾ , ਮੈਂ ਬਾਰ ਬਾਰ ਆਪਣੀਆਂ ਅੱਖਾਂ ਸਾਫ ਕਰਦੀ ਰੁੱਕ ਜਾਂਦੀ ਆਂ ।
ਮੇਰੇ ਵਰਗੀ ਕਮੀਨੀ ਰੂਹ ਕਿਵੇਂ ਉਨਾਂ ਮਹਾਨ ਸ਼ਹੀਦਾਂ ਦੇ ਸਨਮਾਨ ਹਿੱਤ ਲਿਖ ਸਕਦੀ ਏ । ਮੈਨੂੰ ਤਾਂ ਇੰਜ ਮਹਿਸੂਸ ਹੋ ਰਿਹਾ ਏ ਜਿਵੇਂ ਕਿਸੇ ਸ਼ਹੀਦ ਨੇ ਮੇਰੇ ਹੱਥ ਫੜ੍ਹ ਲਏ ਹੋਣ ਕਿ ਭੈਣੇ !! ਆਹ ਕੀ ਲਿਖ ਰਹੀ ਏਂ ਤੂੰ । ਤੂੰ ਦੱਸ ਬ੍ਰਹਿਮੰਡ ਨੂੰ ਕਲ਼ਾਵੇ ਵਿੱਚ ਕਿਵੇਂ ਲੈ ਲਵੇਂਗੀ ?
ਮੈਂ ਹਰਜਿੰਦਰ ਸਿੰਘ ਜੀ ਵਲੋਂ ਫਾਂਸੀ ਤੋਂ ਇੱਕ ਦਿਨ ਪਹਿਲਾਂ 8 ਅਕਤੂਬਰ 1992 ਨੂੰ ਲਿਖੇ ਦੋ ਸ਼ਬਦ ਉਸ ਮਹਾਨ ਸ਼ਹੀਦ ਦੇ ਕੌਮ ਦੇ ਕੰਨਾਂ ਵਿੱਚ ਗੁੰਜਾਉਣ ਲਈ ਹੂਬਹੂ ਲਿਖਕੇ ਲੇਖ ਦੀ ਸਮਾਪਤ ਕਰਦੀ ਆਂ । ਜੋ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੇ ਪੰਥ ਦੇ ਨਾਮ ਲਿਖੇ ਹਨ ।
——————————————
“ ਆਪਣੀ ਕੌਮ ਨੂੰ ਯਾਦ ਕਰ ਰਹੇ ਹਾਂ । ਅਸੀਂ ਚਾਹੁੰਦੇ ਹਾਂ ਕਿ ਹਰ ਸਿੱਖ ਅੰਮ੍ਰਿਤਧਾਰੀ ਹੋਵੇ । ਸ਼ਸ਼ਤਰਧਾਰੀ ਹੋਕੇ ਖਾਲਸਾ ਪੰਥ ਦੀ ਸੇਵਾ ਕਰੇ । ਆਪਣੀ ਸਾਰੀ ਸਰੀਰਕ ਅਤੇ ਰੂਹਾਨੀ ਸ਼ਕਤੀ ਨੂੰ ਦਿੱਲੀ ਦਰਬਾਰ ਵਿਰੁੱਧ ਕੇਂਦਰਤ ਕਰਕੇ , ਆਪਣੀ ਰਾਜਸੀ ਚੇਤਨਾ ਨੂੰ ਇੱਕ ਬੁਲੰਦੀ ਤੇ ਪਹੁੰਚਾਕੇ , ਸਾਰਾ ਸੰਸਾਰ ਖਾਲਸਾ ਪੰਥ ਅਤੇ ਅਕਾਲ ਤਖਤ ਤੋਂ ਅਗਵਾਈ ਲੈਣ ਲਈ ਬਿਹਬਲ ਅਤੇ ਉਤਾਵਲਾ ਹੋ ਉੱਠੇ । “
ਪ੍ਰਵੀਨ ਕੌਰ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?