Home » ਸੰਪਾਦਕੀ » “ਵੈਣ”— ਕਸ਼ਮੀਰ ਵਿਚ ਮੋਈ ਭੈਣ ਦੇ ਨਾਮ …

“ਵੈਣ”— ਕਸ਼ਮੀਰ ਵਿਚ ਮੋਈ ਭੈਣ ਦੇ ਨਾਮ …

58 Views

ਭੈਣ ਸੁਪਿੰਦਰ ਕੌਰ , ਇਕ ਸੜਕ ਤੇ ਤੇਰੀ ਲਾਸ਼ ਪਈ ਵੇਖੀ ਸੁਣਿਆਂ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ ,ਤੇਰੀ ਮੌਤ ਦਾ ਕਾਰਨ ਇਕ ਸਿੱਖ ਹੋਣਾ ਹੈ ,ਭਾਰਤ ਵਿਚ ਘੱਟ ਗਿਣਤੀ ਦੀ ਇਕ ਨਾਗਰਿਕ, ਅਕਸਰ ਸਰਕਾਰਾਂ ਲੋਕਾਂ ਦਾ ਧਿਆਨ ਫੇਰਨ ਲਈ ਐਸੀਆਂ ਸਾਜਿਸ਼ਾਂ ਕਰਦੀਆਂ ਹੀ ਨੇ ,ਤੈਨੂੰ ਤਾਂ ਪਤਾ ਹੋਣਾ ਪਹਿਲਾਂ ਵੀ ਛੱਤੀਸਿੰਘ ਪੂਰਾ ਵਿਚ 36 ਸਿੱਖਾਂ ਦੀ ਮੌਤ ਐਸੀ ਦੀ ਇਕ ਸਾਜਿਸ਼ ਕਾਰਨ ਹੋਈ ਸੀ , ਹਕੂਮਤਾਂ ਦੀ ਸਲਾਮਤੀ ਲਈ ਹਾਕਮ ਐਸੀਆਂ ਕੋਝੀਆਂ ਸਾਜਿਸ਼ਾਂ ਕਰਦੇ ਹੀ ਹੁੰਦੇ ਨੇ ,ਭੈਣੇ ਮਨਮਰਜੀ ਦੀ ਕਤਲੋਗਾਰਤ ਕਰਕੇ ਵੀ ਹਾਕਮ ਕਦੀ ਅੱਤਵਾਦੀ ਨਹੀਂ ਹੁੰਦੇ, ਸੁਣਿਆਂ ਤੂੰ ਬਹੁਤ ਨੇਕ ਗੁਰਸਿੱਖ ਸੀ ,ਗੁਰੂ ਨਾਨਕ ਦੇ ਆਸ਼ੇ ਤੇ ਸਮਾਜ ਦੀ ਸੇਵਾ ਕਰਦੀ ਸੀ ,ਆਪਣੀ ਅੱਧੀ ਤਨਖਾਹ ਨਾਲ ਗਰੀਬਾਂ ਲੋੜਵੰਦਾਂ ਦੀ ਸੇਵਾ ਕਰਦੀ ਸੀ, ਤੂੰ ਇਕ ਮੁਸਲਮਾਨ ਧੀ ਦਾ ਆਖਰੀ ਸਹਾਰਾ ਸੀ , ਇਹ ਸਭ ਤੇਰੇ ਲੋਕ ਸੁਖੀਏ ਪਰਲੋਕ ਸੁਹੇਲੇ ਲਈ ਤਾਂ ਠੀਕ ਹੈ ਪਰ ਤੇਰੀ ਬਦਕਿਸਮਤੀ ਹੈ ਕਿ ਤੂੰ ਜਿਸ ਦੇਸ਼ ਵਿਚ ਪੈਦਾ ਹੋਈ ਉਸ ਵਿਚ ਗਾਂ ਦੀ ਤਾਂ ਕਦਰ ਹੈ ਪਰ ਕਿਸੇ ਮਾਂ ਦੀ ਕਦਰ ਨਹੀਂ ਹੈ , ਕਿਸੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੂੰ ਕਿੰਨੀ ਸੇਵਾ ਕਰਦੀ ਸੀ , ਇਸ ਦੇਸ਼ ਦੀ ਧਰਤੀ ਲਈ ਤੇਰੇ ਗੁਰੂਆਂ ਨੇ ਸਰਬੰਸ ਨਿਸ਼ਾਵਰ ਕਰ ਦਿੱਤਾ ਪਰ ਦੇਸ਼ ਨੇ ਤੇਰੀ ਕੌਮ ਨੂੰ ਅਤਵਾਦੀ ਬਣਾ ਦਿੱਤਾ, ਜਿਵੇਂ ਸਿੱਖ ਹੋਣਾ ਤੇਰਾ ਮਦਦਗਾਰ ਸੇਵਾਦਾਰ ਹੋਣਾ ਹੈ ,ਇੰਜ ਹੀ ਇਸ ਦੇਸ਼ ਵਿਚ ਤੇਰਾ ਸਿੱਖ ਹੋਣਾ ਹੀ ਤੇਰੀ ਮੌਤ ਹੈ, ਦੇਸ਼ ਦਾ ਬੁਜਦਿਲ ਹਾਕਮ ਸਿੱਖ ਕੌਮ ਦੇ ਸਾਮਹਣੇ ਲੜਾਈ ਲੜਨ ਜੋਗਾ ਨਹੀਂ ਹੈ ਇੱਸੇ ਲਈ ਉਹ ਲੁੱਕਕੇ ਪਿੱਠ ਪਿੱਛੇ ਵਾਰ ਕਰਦਾ ਹੈ ਨਾਲੇ ਅਕਸਰ ਹੀ ਇਸ ਦੇਸ਼ ਦੇ ਹਾਕਮ ਬਹੁਗਿਣਤੀ ਨੂੰ ਖੁਸ਼ ਕਰਕੇ ਵੋਟਾਂ ਲੈਣ ਲਈ ਘੱਟ ਗਿਣਤੀਆਂ ਨੂੰ ਕੁਚਲ ਕੇ ਰਾਜ ਕਰਦੇ ਹਨ, ਜਾਂ ਫਿਰ ਘੱਟਗਿਣਤੀਆਂ ਵਿਚ ਪਾੜਾ ਵਧਾਉਣ ਲਈ ਤੇਰੇ ਜਹੇ ਮਾਸੂਮਾਂ ਦੀ ਬਲੀ ਦਿੱਤੀ ਜਾਂਦੀ ਹੈ ,ਦੇਸ਼ ਦੀ ਅਜਾਦੀ ਖਾਤਰ 80% ਕੁਰਬਾਨੀਆਂ ਦੇ ਕੇ ਵੀ ਤੇਰੀ ਕੌਮ 75 ਸਾਲ ਤੋਂ ਸਰਕਾਰੀ ਸਾਜਿਸ਼ਾਂ ,ਸਰਕਾਰੀ ਅੱਤਵਾਦ ,ਸਰਕਾਰੀ ਕਤਲੇਆਮ ਨਾਲ ਜੂਝ ਰਹੀ ਹੈ ,ਤੇਰੀ ਕੁਰਬਾਨੀ ਭਾਵੇਂ ਮਾਮੂਲੀ ਜਾਣਕੇ ਭੁਲਾ ਦਿੱਤੀ ਜਾਵੇਗੀ ਪਰ ਤੇਰੀ ਲਾਸ਼ ਅੱਜ ਮੇਰੀ ਕੌਮ ਦੇ ਭਵਿੱਖ ਨੂੰ ਸੁਨੇਹਾਂ ਦੇ ਗਈ ਕਿ ਜਾਗ ਜਾਓ ਨਹੀਂ ਤਾਂ ਕੌਮੀਂ ਮੌਤ ਯਕੀਨੀ ਹੈ .
ਇਕ ਆਖਰੀ ਗੱਲ ,ਦੁਸ਼ਮਣ ਹਾਕਮ ਤਾਂ ਜ਼ੁਲਮ ਕਰੇਗਾ ਹੀ ਪਰ ਤੇਰੀ ਮੌਤ ਉੱਤੇ ਮੈਂ ਆਪਣੀ ਪੂਰੀ ਕੌਮ ਵਲੋਂ ਤੇਰੇ ਤੋਂ ਮਾਫੀ ਮੰਗਦਾ ਹਾਂ ਕਿਉਂਕਿ ਕਲ ਤਕ ਜਿਸ ਕੌਮ ਦੇ ਆਗੂ ਬੇਗਾਨੀ ਕੌਮ ਦੀਆਂ ਧੀਆਂ ਨੂੰ ਇਨਸਾਫ ਦੇਣ ਲਈ ਜਾਂਨਾਂ ਵਾਰਦੇ ਸੀ ਅੱਜ ਦੁਸ਼ਮਣ ਹਾਕਮ ਦੇ ਕੰਧੇੜੇ ਚੜ੍ਹਕੇ ਆਪਣੀ ਕੌਮ ਦੇ ਬਾਸ਼ਿੰਦਿਆਂ ਦੀ ਜਾਨ ਦੀ ਰਾਖੀ ਨਹੀਂ ਕਰਨ ਜੋਗੇ ,ਗੋਲਕਾਂ ਦੇ ਖਰਬਾਂ ਰੁਪਈਆਂ ਦੀ ਰਾਖੀ ਲਈ ਜੂਝਦੇ ਪੰਥ ਦੇ ਠੇਕੇਦਾਰਾਂ ਤੋਂ ਕੌਮ ਲਈ ਜੂਝਣ ਦਾ ਸਮਾਂ ਨਹੀਂ ਬਚਿਆ , ਲੀਰਾਂ ਹੋਈ ਆਗੂ ਵਿਹੂਣੀ ਕੌਮ ਸਰਕਾਰੀ ਰਹਿਮ ਦੇ ਵੈਂਟੀਲੇਟਰ ਤੇ ਸਾਹ ਲੈ ਰਹੀ , ਏਨੀ ਤਾਕਤ ਨਹੀਂ ਰਹੀ ਕਿ ਆਪਣੇ ਗੁਰੂ ਦਾ ਸਰੂਪ ਬੇਅਦਬੀ ਤੋਂ ਬਚਾਅ ਸਕਣ ਤੇਰੇ ਜਹੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਦਾ ਖਿਆਲ ਵੀ ਕਿਸਨੂੰ ਹੈ , ਤੇਰੀ ਕੌਮ ਦੇ ਅਜੋਕੇ ਆਹਲੂਵਾਲੀਏ ,ਫੂਲਾ ਸਿੰਘ ,ਨਲੂਏ ਸਰਦਾਰ ਨਖਿੱਧ ਹੋ ਚੁੱਕੇ ਹਨ ਬੱਸ ਅਖਬਾਰੀ ਨੱਖੇਦੀਆਂ ਕਰਨ ਜੋਗੇ ਹਨ , ਅੱਜ ਵੱਸ ਵੀ ਨਹੀਂ ਹੈ ਅਜੋਕੇ ਆਗੂਆਂ ਦੇ ਅਸਲ ਵਿਚ ਸਾਡਾ ਕੌਮੀਂ ਕਿਰਦਾਰ ਹੀ ਗੁਰੂ ਨਾਲੋਂ ਟੁੱਟ ਗਿਆ ,ਸਾਡੀ ਕੌਮ ਨੂੰ ਫਰਜਾਂ ਨਾਲੋਂ ਗਰਜ਼ਾਂ ਪਿਆਰੀਆਂ ਹੋ ਗਈਆਂ , ਤੇ ਗਰਜ਼ਾਂ ਮਾਰੀ ਕੌਮ ਨੇ ਆਗੂ ਵੀ ਗਰਜ਼ਾਂ ਮਾਰੇ ਗਿਰਝਾਂ ਵਰਗੇ ਹੀ ਚੁਣ ਲਏ ਨੇ ਜੋ ਦਹਾਕਿਆਂ ਤੋਂ ਕੌਮ ਦਾ ਮਾਸ ਨੋਚ ਨੋਚ ਕੇ ਵੇਚ ਰਹੇ,
ਪਰ ਮੇਰੀਏ ਭੈਣੇ ਤੂੰ ਕਲਗੀਆਂ ਵਾਲੇ ਦੇ ਖੂਨ ਤੇ ਭਰੋਸਾ ਰੱਖੀਂ , ਬੋਤਾ ਸਿੰਘ ਗਰਜਾ ਸਿੰਘ ਦੇ ਵਾਰਿਸ ਹਰ ਸਦੀ ਵਿਚ ਜਾਲਮ ਜ਼ਕਰੀਏ ਨੂੰ ਪਿੱਠਾਂ ਜੋੜਕੇ ਹਿੱਕਾਂ ਡਾਹਕੇ ਮੂੰਹ ਤੋੜ ਜੁਆਬ ਦੇਣਗੇ , ਜੇ ਕੁਝ ਲੰਗਰ ਖਾਣੇ ਦੁਨੀਚੰਦ ਵਰਗੇ ਆਗੂ ਕੌਮ ਨੂੰ ਪਿੱਠ ਦਿਖਾਉਣਗੇ ਤਾਂ ਕਾਲਗੀਆਂਵਾਲਾ ਪ੍ਰੀਤਮ ਕਿਸੇ ਬਚਿੱਤਰ ਸਿੰਘ ਦੀ ਝੋਲੀ ਨਾਗਣੀ ਬਰਸ਼ਾ ਜਰੂਰ ਦੇਵੇਗਾ, ਜਿਸ ਧਰਤੀ ਤੇ ਤੇਰੀ ਲਾਸ਼ ਪਈ ਸੀ ਉਸ ਉੱਤੇ ਕਦੀ ਤੇਰੇ ਪੁਰਖੇ ਰਾਜ ਕਰਦੇ ਸੀ ,ਆਸ ਰੱਖੀਂ ,ਗੁਰੂ ਵੱਲ ਮੁੱਖ ਕਰਕੇ ਨਲੂਏ ਦੇ ਵਾਰਿਸ ਫੇਰ ਆਉਣਗੇ,
ਪਰਮਪਾਲ ਸਿੰਘ ਸਭਰਾਅ
981499 1699

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?