ਮੀਂਹ ਜਾਵੇ ਜਾਂ ਹਨੇਰੀ..ਨਿੱਕੀ ਜਿਹੀ ਉਹ ਕੁੜੀ..ਆਪਣੇ ਬੂਹੇ ਦੇ ਉੱਪਰ ਬਨੇਰੇ ਤੇ ਚੜ ਸਾਰਾ-ਸਾਰਾ ਦਿਨ ਗਲੀ ਦੇ ਮੋੜ ਵੱਲ ਨੂੰ ਹੀ ਤੱਕਦੀ ਰਹਿੰਦੀ..!
ਜਦੋਂ ਵੀ ਰੋਂਦੀਆਂ ਤੇ ਵੈਣ ਪਾਉਂਦੀਆਂ ਔਰਤਾਂ ਦਾ ਕੋਈ ਝੁੰਡ ਆਪਣੇ ਘਰ ਵੱਲ ਨੂੰ ਮੁੜਦਾ ਵੇਖਦੀ ਤਾਂ ਛੇਤੀ ਨਾਲ ਥੱਲੇ ਉੱਤਰ ਬਾਰ ਦੀ ਦੋਹਰੀ ਕੁੰਡੀ ਲਾ ਦਿਆ ਕਰਦੀ..!
ਫੇਰ ਜਦੋਂ ਉਹ ਝੁੰਡ ਬੂਹੇ ਅੱਗੇ ਆ ਕੇ ਖਲੋ ਜਾਂਦਾ ਤਾਂ ਕਿਸੇ ਸਿਆਣੇ ਨੂੰ ਉਸ ਨਿੱਕੀ ਕੁੜੀ ਨੂੰ ਜਬਰਦਸਤੀ ਪਰੇ ਹਟਾ ਕੇ ਬੂਹਾ ਖੋਲ੍ਹਣਾ ਪੈਂਦਾ..!
ਮਗਰੋਂ ਰੋਣ ਧੋਣ ਦਾ ਨਾ ਮੁੱਕਣ ਵਾਲਾ ਲੰਮਾ ਸਿਲਸਿਲਾ ਜਿਹਾ ਸ਼ੁਰੂ ਹੋ ਜਾਂਦਾ..!
ਮੁੜਕੇ ਜਹਾਨੋਂ ਚਲੇ ਗਏ ਉਸਦੇ ਪਿਓ ਨੂੰ ਯਾਦ ਕਰਦੀ ਉਸਦੀ ਮਾਂ ਕਿੰਨਾ ਕਿੰਨਾ ਚਿਰ ਬੇਸੁੱਧ ਪਈ ਰਹਿੰਦੀ..!
ਉਹ ਆਪਣੀ ਮਾਂ ਵਾਸਤੇ ਪਾਣੀ ਦਾ ਗਲਾਸ ਲਿਆਉਂਦੀ..ਹੱਥ ਪੈਰ ਘੁੱਟਦੀ..ਕਦੀ ਮੱਥਾ ਚੁੰਮਦੀ..ਹੋਰ ਵੀ ਕਿੰਨੇ ਸਾਰੇ ਅਹੁੜ-ਪੌੜ ਕਰਦੀ..!
ਫੇਰ ਜਦੋਂ ਥੋੜਾ ਹੋਸ਼ ਕਰਦੀ ਤਾਂ ਇੱਕ ਵਾਰ ਫੇਰ ਬਾਹਰ ਆ ਕੇ ਓਸੇ ਬਨੇਰੇ ਤੇ ਆਣ ਬੈਠਦੀ..!
ਇੱਕ ਦਿਨ ਸਿਖਰ ਦੁਪਹਿਰ ਵੇਲੇ ਥੋੜੀ ਬਹੁਤ ਰੋਟੀ ਖਾ ਕੇ ਮਾਂ ਦੀ ਅਜੇ ਅੱਖ ਲੱਗੀ ਹੀ ਸੀ ਕੇ ਬੂਹੇ ਤੇ ਇੱਕ ਵੇਰ ਦਸਤਕ ਹੋਈ..ਔਰਤਾਂ ਦਾ ਵੱਡਾ ਝੁੰਡ ਸੀ..!
ਅੱਜ ਉਸਨੇ ਸਬ ਤੋਂ ਪਹਿਲੋਂ ਖੁਦ ਹੀ ਕੁੰਡੀ ਖੋਲੀ..ਫੇਰ ਐਨ ਵਿਚਕਾਰ ਰਸਤਾ ਰੋਕ ਕੇ ਖਲੋ ਗਈ ਤੇ ਆਖਣ ਲੱਗੀ..ਤੁਸੀਂ ਬਾਅਦ ਵਿਚ ਆਇਓ..ਮਾਂ ਅਜੇ ਸੁੱਤੀ ਪਈ ਏ..ਉਹ ਹੈ ਵੀ ਬਿਮਾਰ..ਉਸ ਕੋਲੋਂ ਰੋਇਆ ਨਹੀਂ ਜਾਣਾ!
ਉਸਦੀ ਜ਼ਿਦ ਕਾਰਨ ਸਾਰੀਆਂ ਨੂੰ ਬਿਨਾ ਅੰਦਰ ਵੜੇ ਬਾਹਰੋਂ ਹੀ ਘਰੋਂ ਘਰੀ ਪਰਤਣਾ ਪਿਆ..!
ਵਾਪਿਸ ਤੁਰੀਆਂ ਜਾਂਦੀਆਂ ਗੱਲਾਂ ਕਰ ਰਹੀਆਂ ਸਨ..
ਕਿੰਨੀਂ ਬਦਤਮੀਜ਼ ਏ..ਕੁਲਹਿਣੀ ਵੀ..ਪਿਓ ਨੂੰ ਵੀ ਖਾ ਗਈ..ਉਸ ਦਿਨ ਇਸੇ ਲਈ ਹੀ ਤਾਂ ਸਮੋਸੇ ਲੈਣ ਜਾਂਦਾ ਹੋਇਆ ਟਰੱਕ ਹੇਠ ਆ ਗਿਆ ਸੀ..ਡੈਨ ਨਾ ਹੋਵੇ ਕਿਸੇ ਥਾਂ ਦੀ..!
ਪਰ ਦੂਜੇ ਪਾਸੇ ਬੂਹੇ ਨੂੰ ਦੋਹਰੀ ਕੁੰਡੀ ਲਾ ਕੇ ਵਾਪਿਸ ਮੁੜਦੀ ਹੋਈ ਉਹ ਹੁਣ ਬਹੁਤ ਹੀ ਖੁਸ਼ ਸੀ..!
ਬਾਹਰ ਹੁੰਦੀ ਗੱਲਬਾਤ ਵਿਚੋਂ ਮਿਲ ਗਏ ਕਿੰਨੇ ਸਾਰੇ ਵੱਡੇ ਵੱਡੇ ਖਿਤਾਬ ਭਾਵੇਂ ਉਸਦੀ ਸਮਝ ਵਿਚ ਪੂਰੀ ਤਰਾਂ ਨਹੀਂ ਸਨ ਪਏ ਪਰ ਉਸਨੇ ਕਿੰਨੇ ਦਿਨਾਂ ਮਗਰੋਂ ਅੱਜ ਪਹਿਲੀ ਵਾਰ ਗੂੜੀ ਨੀਂਦਰ ਸੁੱਤੀ ਪਈ ਆਪਣੀ ਮਾਂ ਨੂੰ ਇੱਕ ਵਾਰ ਫੇਰ ਦੁਖਾਂ ਦੇ ਸਮੁੰਦਰ ਵਿਚ ਡੁੱਬਣੋਂ ਬਚਾ ਜਰੂਰ ਲਿਆ ਸੀ..!
ਦੋਸਤੋ ਹਮਦਰਦੀ ਸਿਰਫ ਉੱਚੀ-ਉੱਚੀ ਰੋ-ਪਿੱਟ ਕੇ ਹੀ ਨਹੀਂ ਪ੍ਰਗਟਾਈ ਜਾ ਸਕਦੀ ਏ..ਸਗੋਂ ਕਿਸੇ ਮਾਨਸਿਕ ਤੌਰ ਤੇ ਬੁਰੀ ਤਰਾਂ ਟੁੱਟ ਚੁੱਕੇ ਦਾ ਸਿਰ ਪਿਆਰ ਨਾਲ ਪਲੋਸ ਆਪਣੀ ਬੁੱਕਲ ਵਿਚ ਲੈ ਕੇ ਉਸਨੂੰ ਦੋ ਘੜੀਆਂ ਦਾ ਚੈਨ ਮੁੱਹਈਆ ਕਰ ਦੇਣਾ ਵੀ ਉਪਰਲੀ ਦਰਗਾਹ ਵਿਚ ਪਹਾੜ ਜਿੱਡਾ ਪੁੰਨ ਗਿਣਿਆਂ ਜਾਂਦਾ!
ਹਰਪ੍ਰੀਤ ਸਿੰਘ ਜਵੰਦਾ
Author: Gurbhej Singh Anandpuri
ਮੁੱਖ ਸੰਪਾਦਕ