ਜਲੰਧਰ 22 ਅਕਤੂਬਰ (ਨਜ਼ਰਾਨਾ ਬਿਉਰੋ ਰਿਪੋਰਟ) ਦੋਆਬਾ ਖੇਤਰ ਦੇ ਲੋਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ-ਪਠਾਨਕੋਟ ਫੋਰਲੇਨ ਹਾਈਵੇਅ ਹੋਣ ਦੇ ਬਾਵਜੂਦ ਛੋਟੇ ਸ਼ਹਿਰਾਂ ਦੇ ਅੰਦਰ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਜਲੰਧਰ-ਪਠਾਨਕੋਟ ਹਾਈਵੇਅ ਵਿਚਾਲੇ ਚਾਰ ਨਵੇਂ ਬਾਈਪਾਸ ਬਣਾਏ ਜਾਣਗੇ। ਇਸ ਦਾ ਨਿਰਮਾਣ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨ. ਐੱਚ. ਏ. ਆਈ) ਵੱਲੋਂ ਕਰਵਾਇਆ ਜਾਵੇਗਾ। ਇਹ ਬਾਈਪਾਸ ਭੋਗਪੁਰ, ਟਾਂਡਾ, ਦਸੂਹਾ ਅਤੇ ਮੁਕੇਰੀਆਂ ’ਚ ਬਣਾਏ ਜਾਣਗੇ। ਜ਼ਮੀਨ ਐਕਵਾਇਰ ਤੋਂ ਬਾਅਦ ਇਸ ਦੇ ਨਿਰਮਾਣ ਲਈ ਟੈਂਡਰ ਲਗਾਏ ਜਾਣਗੇ।
ਐੱਨ. ਐੱਚ. ਏ. ਆਈ. ਵੱਲੋਂ 4 ਨਵੇਂ ਬਾਈਪਾਸ ਬਣਾਏ ਜਾਣ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਐੱਨ. ਐੱਚ. ਏ. ਆਈ. ਜਲੰਧਰ ਪ੍ਰਾਜੈਕਟ ਡਾਇਰੈਕਟਰ ਦਫ਼ਤਰ ਦੇ ਮੁਤਾਬਕ ਚਾਲੂ ਵਿੱਤੀ ਸਾਲ ’ਚ ਵੀ ਜ਼ਮੀਨ ਐਕਵਾਇਰ ਦਾ ਕੰਮ ਨਿਪਟਾਉਣ ਤੋਂ ਬਾਅਦ ਨਿਰਮਾਣ ਸਬੰਧੀ ਟੈਂਡਰ ਖੋਲ੍ਹੇ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਇੰਨੇ ਹੈੱਕਟੇਅਰ ਤੱਕ ਜ਼ਮੀਨ ਕੀਤੀ ਜਾਵੇਗੀ ਐਕਵਾਇਰ
ਮਿਲੀ ਜਾਣਕਾਰੀ ਮੁਤਾਬਕ ਬਾਈਪਾਸ ਦੇ ਨਿਰਮਾਣ ਲਈ ਭੋਗਪੁਰ ’ਚ 55 ਹੈੱਕਟੇਅਰ, ਟਾਂਡਾ ’ਚ 130 ਹੈੱਕਟੇਅਰ, ਦਸੂਹਾ ਅਤੇ ਮੁਕੇਰੀਆਂ ’ਚ 70-70 ਹੈੱਕਟੇਅਰ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਭੋਗਪੁਰ ’ਚ ਮੌਜੂਦਾ ਹਾਈਵੇਅ ਤੋਂ ਖੱਬੇ ਪਾਸੇ ਟਾਂਡਾ ’ਚ ਰਿੰਗ ਰੋਡ, ਦਸੂਹਾ ਅਤੇ ਮੁਕੇਰੀਆਂ ’ਚ ਹਾਈਵੇਅ ਦੇ ਸੱਜੇ ਪਾਸੇ ਬਾਈਪਾਸ ਦਾ ਨਿਰਮਾਣ ਕੀਤਾ ਜਾਵੇਗਾ। ਚਾਰੋਂ ਪਾਸੇ ਬਾਈਪਾਸ ਦੇ ਨਿਰਮਾਣ ’ਤੇ ਲਗਭਗ 1000 ਕਰੋੜ ਰੁਪਏ ਖ਼ਰਚ ਆਉਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਜ਼ਮੀਨ ਐਕਵਾਇਰ ਦਾ ਖ਼ਰਚਾ ਵੱਖ ਤੋਂ ਹੋਵੇਗਾ।
ਭੋਗਪੁਰ, ਦਸੂਹਾ ਅਤੇ ਮੁਕੇਰੀਆਂ ਦੇ ਅੰਦਰੋਂ ਲੰਘ ਰਿਹੈ ਅਜੇ ਟ੍ਰੈਫਿਕ
ਇਥੇ ਦੱਸਣਯੋਗ ਹੈ ਕਿ ਮੌਜੂਦਾ ਸਮੇਂ ’ਚ ਭੋਗਪੁਰ, ਦਸੂਹਾ ਅਤੇ ਮੁਕੇਰੀਆਂ ਕ੍ਰਾਸ ਕਰਦੇ ਸਮੇਂ ਟ੍ਰੈਫਿਕ ਨੂੰ ਇਨ੍ਹਾਂ ਸ਼ਹਿਰਾਂ ਦੇ ਅੰਦਰੋਂ ਹੋ ਕੇ ਲੰਘਣਾ ਪੈਂਦਾ ਹੈ। ਭਾਰੀ ਟ੍ਰੈਫਿਕ ਦੇ ਕਾਰਨ ਅਕਸਰ ਇਨ੍ਹਾਂ ਤਿੰਨੋਂ ਥਾਵਾਂ ’ਤੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਬਾਈਪਾਸ ’ਚੋਂ ਲੰਘਣ ਤੋਂ ਬਾਅਦ ਵਾਹਨ ਦੋਬਾਰਾ ਪੁਰਾਣੇ ਚਾਰ ਲੇਨ ਹਾਈਵੇਅ ’ਤੇ ਐਂਟਰੀ ਕਰਨਗੇ। ਇਸ ਨਾਲ ਜਿੱਥੇ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਦੀ ਪਰੇਸ਼ਾਨੀ ਘੱਟ ਹੋਵੇਗੀ, ਉਥੇ ਹੀ ਚਾਲਕਾਂ ਨੂੰ ਵੀ ਰੁਕਾਵਟ ਰਹਿਤ ਮਾਰਗ ਮਿਲੇਗਾ।
Author: Gurbhej Singh Anandpuri
ਮੁੱਖ ਸੰਪਾਦਕ