ਬਾਘਾਪੁਰਾਣਾ,22 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਜੀ. ਟੀ. ਬੀ. ਗੜ੍ਹ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ, ਬੰਗਾਲ ਤੇ ਅਸਾਮ ਦੀਆਂ ਕੌਮਾਂਤਰੀ ਸਰਹੱਦਾਂ ਤੋਂ 50 ਕਿਲੋਮੀਟਰ ਅੰਦਰ ਤੱਕ ਵਧਾਏ ਗਏ ਘੇਰੇ ਖਿਲਾਫ ਰੋਸ ਰੈਲੀ ਕੀਤੀ ਗਈ ਅਤੇ 26 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੇਂਦਰ ਦੇ ਇਸ ਫੈਸਲੇ ਖਿਲਾਫ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਕਮਲ ਬਾਘਾ ਪੁਰਾਣਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੰਘੀ ਢਾਂਚੇ ਦੀ ਸੰਘੀ ਘੁੱਟਦਿਆਂ ਸੱਤ੍ਹਾ ਦਾ ਕੇਂਦਰੀਕਰਨ ਕਰਨ ਵਿਚ ਲੱਗੀ ਹੋਈ ਹੈ। ਜਿੱਥੇ ਖੇਤੀ ਵਿਰੋਧੀ ਕਾਨੂੰਨ ਆਰਥਿਕਤਾ ਨੂੰ ਕਾਰਪੋਰੇਟਾਂ ਦੇ ਹੱਥਾਂ ‘ਚ ਕੇਂਦਰਿਤ ਕਰਨ ਲਈ ਹੈ,ਉਸੇ ਤਰ੍ਹਾਂ ਸੱਤ੍ਹਾ ਦਾ ਕੇਂਦਰੀਕਰਨ ਕਰਨ ਲਈ ਕੇਂਦਰ ਦੇ ਫੈਸਲਿਆਂ ਨੂੰ ਦੇਖਿਆ ਜਾ ਸਕਦਾ ਹੈ। ਕਸ਼ਮੀਰ ‘ਚ ਧਾਰਾ 370 ਤੋੜਨਾ ਤੇ ਉਥੇ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣਾ ਤੇ ਹੁਣ ਪੰਜਾਬ ਬੰਗਾਲ ਤੇ ਅਸਾਮ ਦੀਆਂ ਸਰਹੱਦਾਂ ਤੋਂ 50 ਕਿਲੋਮੀਟਰ ਅੰਦਰ ਤੱਕ ਫੌਜ ਨੂੰ ਵੱਧ ਅਧਿਕਾਰ ਦੇਣਾ,ਇਹ ਸਭ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਤੇ ‘ਇੱਕ ਦੇਸ਼ ਇੱਕ ਸੱਤ੍ਹਾ’ ਦੇ ਨਾਅਰੇ ਨੂੰ ਸਥਾਪਿਤ ਕਰਨ ਵੱਲ ਵਧਣਾ ਹੈ। ਪਿਛਲੇ ਦਿਨੀਂ ਭਾਜਪਾ ਵਿੱਚ ਸੰਘ ਦੇ ਨੁਮਾਇੰਦੇ ਰਾਜ ਮਾਧਵ ਦਾ ਬਿਆਨ ਆਉਂਦਾ ਹੈ ਕਿ ਅੱਜਕਲ੍ਹ ਦੁਨੀਆਂ ਵਿੱਚ ਮਜ਼ਬੂਤ ਸਰਕਾਰਾਂ ਦਾ ਦੌਰ ਹੈ ਅਤੇ ਭਾਰਤ ਵਿਚ ਮਜ਼ਬੂਤ ਸਰਕਾਰ ਕੇਵਲ ਭਾਜਪਾ ਦੇ ਸਕਦੀ ਹੈ ਅਤੇ ਇਹ ਬਿਨਾਂ ਚੋਣ ਕਰਵਾਏ ਵੀ ਸੱਤਾ ਵਿਚ ਰਹਿ ਸਕਦੀ ਹੈ ਤਾਂ ਇੱਥੇ ਸਾਨੂੰ ਕੇਂਦਰ ਦੀ ਭਾਜਪਾ ਸਰਕਾਰ ਦਾ ਤਾਨਾਸ਼ਾਹੀ ਕਿਰਦਾਰ ਬਾਖ਼ੂਬੀ ਸਮਝ ਆਉਂਦਾ ਹੈ ਤੇ ਇਸ ਤਾਨਾਸ਼ਾਹੀ ਨੂੰ ਨਹੀਂ ਝੱਲਿਆ ਜਾਵੇਗਾ।ਇਸ ਮੌਕੇ ਕਾਲਜ ਇਕਾਈ ਦੇ ਉਦੈ ਸਿੰਘ ਉੱਗੋਕੇ, ਪੂਜਾ, ਮੁਸਕਾਨ, ਮਨਦੀਪ ਕੌਰ, ਅਨੂ, ਕਿਰਨਜੀਤ ਕੌਰ ਨੱਥੂਵਾਲਾ, ਕਰਮਜੀਤ ਕੌਰ ਸਮਾਲਸਰ, ਸ਼ਰਨਜੀਤ ਕੌਰ, ਵਿਸ਼ਵਦੀਪ ਸਿੰਘ ਲੰਗਿਆਣਾ, ਜਸਪ੍ਰੀਤ ਸਿੰਘ ਲੰਗਿਆਣਾ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ