ਭੁਲੱਥ 22 ਅਕਤੂਬਰ (ਤਾਜੀਮਨੂਰ ਕੌਰ) ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ ਵਾਲਾ ਵਿਖੇ ਅੱਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਵੇਰ ਸਭਾ ਦਾ ਆਯੋਜਨ ਕੀਤਾ ਗਿਆ । ਸਭਾ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ‘ਧੰਨ ਧੰਨ ਰਾਮਦਾਸ ਗੁਰੁ’ ਗਾਇਨ ਕਰਕੇ ਕੀਤੀ ਗਈ। ਅੱਠਵੀਂ ਜਮਾਤ ਦੀ ਵਿਦਿਆਰਥਣ ਸਿਮਰਨਦੀਪ ਕੌਰ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਬਿਆਨ ਕਰਦੀ ਪੈਂਤੀ ਅੱਖਰੀ ਪੇਸ਼ ਕੀਤੀ ਗਈ । ਉਪਰੰਤ ਨੌਵੀਂ ਜਮਾਤ ਦੀ ਵਿਦਿਆਰਥਣ ਜਸਮੀਨ ਕੌਰ ਵੱਲੋਂ ਗੁਰਬਾਣੀ ਵਿਚਾਰ ਪੇਸ਼ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਤਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਨੇ ਬੱਚਿਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਜਮਾਤ ਅੱਠਵੀਂ ਅਤੇ ਸਤਵੀਂ ਦੇ ਵਿਦਿਆਰਥੀਆਂ ਵੱਲੋਂ ਗੁਰੂ ਰਾਮਦਾਸ ਜੀ ਦੇ ਜੀਵਨ ਦੀ ਸਾਖੀ ਨੂੰ ਨਾਟਕ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਅੰਤ ਵਿੱਚ ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਬੱਚਿਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਦੱਸੇ ਨਿਰਮਲਤਾ ਅਤੇ ਨਿਮਰਤਾ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ