ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਲ ਨੂੰ 5 ਵੱਡੇ ਫ਼ੈਸਲੇ ਲੈਂਦਿਆਂ ਜਿੱਥੇ ਵਿਰੋਧੀਆਂ ਪਾਰਟੀਆਂ ਤੋਂ ਕਈ ਮੁੱਦੇ ਖੋਹੇ ਉੱਥੇ ਨਰਾਜ਼ ਚੱਲ ਰਹੇ ਪੰਜਾਬ ਕਾਂਗਰਸ ਦੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਖੁਸ਼ ਕਰ ਦਿੱਤਾ।
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ੇ ਦੇਣ ਤੋਂ ਬਾਅਦ ਸਿੱਧੂ ਨੇ ਅਸਤੀਫ਼ਾ ਵਾਪਸ ਹੀ ਨਹੀਂ ਲਿਆ ਸਗੋਂ ਉਹ ਚਰਨਜੀਤ ਸਿੰਘ ਚੰਨੀ ਨਾਲ ਪ੍ਰੈਸ ਕਾਨਫਰੰਸ ਵਿਚ ਆਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਸਭ ਤੋਂ ਪਹਿਲਾ ਤੇ ਵੱਡਾ ਫੈਸਲਾ ਪੰਜਾਬ ਵਿੱਚ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਕੀਤਾ ਗਿਆ ਹੈ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਕਾਰ ਇਸ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਏਗੀ।
ਇਹ ਉਹ ਮੁਲਾਜ਼ਮ ਹਨ ਜੋ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਹਨ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ‘ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013’ ਨੂੰ ਰੱਦ ਕਰਨ ਦਾ ਫ਼ੈਸਲਾ ਵੀ ਲਿਆ ਗਿਆ।
ਪੰਜਾਬ ਸਰਕਾਰ ਵੱਲੋਂ ‘ਮਿਨੀਮਮ ਵੇਜ’ ਨੂੰ 415.89 ਰੁਪਏ ਵਧਾਉਣ ਦਾ ਫ਼ੈਸਲਾ ਵੀ ਲਿਆ ਗਿਆ ਹੈ। ਇਸ ਨਾਲ ਹੁਨਰਮੰਦ ਕਰਮਚਾਰੀਆਂ ਦੀ ਹੁਣ ਘੱਟੋ -ਘੱਟ ਤਨਖ਼ਾਹ 8776 ਰੁਪਏ ਤੋਂ ਵਧ ਕੇ 9192 ਰੁਪਏ ਹੋ ਜਾਵੇਗੀ।
ਚਰਨਜੀਤ ਸਿੰਘ ਚੰਨੀ ਜਦੋਂ ਇਹ ਐਲਾਨ ਕਰ ਰਹੇ ਸੀ ਤਾਂ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ 11 ਤਰੀਕ ਨੂੰ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਬਿਜਲੀ ਸਮਝੌਤਿਆਂ ਬਾਰੇ, ਬੀਐੱਸਐੱਫ ਦੀ ਹੱਦ 50 ਕਿਲੋਮੀਟਰ ਵਧਾਉਣ ਦੇ ਖਿਲਾਫ਼ ਮਤੇ ਲਿਆਏ ਜਾਣਗੇ।
ਚਰਨਜੀਤ ਸਿੰਘ ਚੰਨੀ ਦੇ ਹੋਰ ਮੁੱਖ ਐਲਾਨ
ਪੰਜਾਬ ਵਿੱਚ ਮਿਨੀਮਮ ਵੇਜ ਨੂੰ ਵਧਾਉਣ ਦਾ ਐਲਾਨ ਕੀਤਾ ਹੈ।
ਹੁਣ ਸਰਕਾਰੀ ਰੇਤਾ 5.50 ਰੁਪਏ ਪ੍ਰਤੀ ਫੁੱਟ ਵਿੱਚ ਵਿਕੇਗਾ।
ਜਿੰਮੀਦਾਰ ਹੁਣ ਆਪਣੀ ਜ਼ਮੀਨ ਚੋਂ ਤਿੰਨ ਫੁੱਟ ਤੱਕ ਮਿੱਟੀ ਪੁੱਟ ਸਕਦਾ ਹੈ।
ਭੱਠਿਆ ਨੂੰ ਮਾਇਨਿੰਗ ਦੇ ਦਾਇਰੇ ਵਿਚੋਂ ਬਾਹਰ ਕੱਢਿਆ, ਕਿਤੋਂ ਵੀ ਖਰੀਦ ਸਕਣਗੇ ਮਿੱਟੀ
ਪੰਜਾਬ ਇੰਸਟੀਚਿਊਸ਼ਨਲ ਟੈਕਸ ਜੋ 2011 ਤੋਂ ਲਾਗੂ ਸੀ, ਉਸ ਨੂੰ ਮਾਫ ਕਰ ਦਿੱਤਾ ਗਿਆ ਹੈ।
ਪੰਜਾਬ ਕੈਬਨਿਟ ਨੇ ਏਪੀਐੱਸ ਦਿਓਲ ਦਾ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।