ਮੋਗਾ/ਬਾਘਾ ਪੁਰਾਣਾ,12 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਸਥਾਨਕ ਸ਼ਹਿਰ ਦੀ ਨਗਰ ਕੌਸਲ ਦੀ ਨਿਕੰਮੀ ਕਾਰਗੁਜਾਰੀ ਜਿਸ ਨੂੰ ਲੈ ਕੇ ਉਹ ਕਈ ਵਾਰ ਸਥਾਨਕ ਅਧਿਕਾਰੀਆਂ ਨੂੰ ਜੁਬਾਨੀ ਅਤੇ ਅਖਬਾਰੀ ਅਪੀਲਾ ਕਰ ਚੁੱਕੇ ਹਨ ਪਰ ਉਹ ਟੱਸ ਤੋਂ ਮੱਸ ਨਹੀਂ ਹੋ ਰਹੇ ਜਿਸ ਕਰਕੇ ਅੱਜ ਉਨ੍ਹਾਂ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦੇਣਾ ਪਿਆ ।ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਵਾਂਦਰ ਅਤੇ ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਨੇ ਡੀਸੀ ਮੋਗਾ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਸਫਾਈ ਵਿਵਸਥਾ ਦਾ ਇਨ੍ਹਾਂ ਮਾੜਾ ਹਾਲ ਹੈ ਕਿ ਉਸ ਗੰਦਗੀ ਤੋਂ ਪੈਦਾ ਹੋਣ ਵਾਲੇ ਮੱਛਰ ਨਾਲ ਲੋਕ ਡੇਂਗੂ ਦੀ ਲਪੇਟ ‘ਚ ਆ ਰਹੇ ਹਨ।
ਸੁਖਵਿੰਦਰ ਸਿੰਘ ਵਾਂਦਰ ਨੇ ਕਿਹਾ ਕਿ ਅੱਜ ਕੱਲ ਡੇਂਗੂ ਦਾ ਪ੍ਰਕੋਪ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਸਥਾਨਕ ਸ਼ਹਿਰ ਦੇ ਨਾਲੇ-ਨਾਲੀਆਂ ਅਤੇ ਖਾਲੀ ਪਲਾਟ ਗਾਰ ਅਤੇ ਗੰਦ ਨਾਲ ਭਰੇ ਪਏ ਹਨ। ਲੋਕ ਡੇਂਗੂ ਦੀ ਬੀਮਾਰੀ ਤੋਂ ਪੀਡ਼ਤ ਹੋ ਰਹੇ ਹਨ। ਪ੍ਰੰਤੂ ਨਗਰ ਕੌਂਸਲ ਬਾਘਾ ਪੁਰਾਣਾ ਦਾ ਇਸ ਪਾਸੇ ਕੋਈ ਧਿਆਨ ਨਹੀਂ।ਉਨ੍ਹਾਂ ਕਿਹਾ ਕਿ ਨਗਰ ਕੌਸਲ ਕੇਂਦਰ ਸਰਕਾਰ ਸਵੱਛ ਭਾਰਤ ਮੁਹਿੰਮ ਨੂੰ ਵੀ ਮੁੰਹ ਚਿੜਾ ਰਹੀ ਹੈ ਦੂਸਰੇ ਪਾਸੇ ਨਗਰ ਕੌਂਸਲ ਪੂਰੀ ਤਰ੍ਹਾਂ ਅਵੇਸਲੀ ਵਿਖਾਈ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਸਥਾਨਕ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਲੋਕ, ਰਾਹਗੀਰ, ਵਾਹਨ ਚਾਲਕ, ਟ੍ਰੈਫਿਕ ਜਾਮ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸਵਾਸ਼ ਹੈ ਕਿ ਡਿਪਟੀ ਕਮਿਸ਼ਨਰ ਸਾਹਿਬ ਸਖਤ ਹਦਾਇਤਾਂ ਕਰਕੇ ਲੋਕਾਂ ਦੀ ਜਾਨ ਨਾਲ ਖੇਡ ਰਹੀ ਨਗਰ ਕੌਸਲ ਨੂੰ ਆਪਣੇ ਕੰਮਾਂ ਪ੍ਰਤੀ ਪਾਬੰਦ ਕਰਨਗੇ।
Author: Gurbhej Singh Anandpuri
ਮੁੱਖ ਸੰਪਾਦਕ