Home » ਧਾਰਮਿਕ » ਇਤਿਹਾਸ » “ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ” ਇਸਤਰੀ ਅਕਾਲੀ ਦਲ ਦੀ ਮੁੱਖ ਸਲਾਹਕਾਰ ਨੇ ਦਿੱਤਾ ਸਾਰੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ

“ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ” ਇਸਤਰੀ ਅਕਾਲੀ ਦਲ ਦੀ ਮੁੱਖ ਸਲਾਹਕਾਰ ਨੇ ਦਿੱਤਾ ਸਾਰੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ

38 Views

ਨਜ਼ਰਾਨਾ ਨਿਊਜ਼ ਨੈੱਟਵਰਕ (ਪੰਜਾਬ)- ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੁੱਖ ਸਲਾਹਕਾਰ ਬੀਬੀ ਰਾਜਿੰਦਰ ਕੌਰ ਮੀਮਸਾ ਨੇ ਅਕਾਲੀ ਦਲ ਦੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ । ਆਪਣੇ ਅਸਤੀਫੇ ਵਿੱਚ ਬੀਬੀ ਰਾਜਿੰਦਰ ਕੌਰ ਮੀਮਸਾ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਵੱਡੇ ਦੋਸ਼ ਲਾਏ ਹਨ । ਤੁਸੀਂ ਖ਼ੁਦ ਹੀ ਅਸਤੀਫੇ ਦੀ ਮੂਲ ਲਿਖਤ ਨੂੰ ਪੜ੍ਹ ਕੇ ਆਪ ਹੀ ਹਾਲਾਤਾਂ ਦਾ ਅੰਦਾਜਾ ਲਾ ਲਵੋ
ਸੇਵਾ ਵਿਖੇ,
ਪ੍ਰਧਾਨ,ਸ਼੍ਰੋਮਣੀ ਅਕਾਲੀ ਦਲ।
ਵਿਸ਼ਾ:-ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਅਤੇ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇਣ ਬਾਰੇ।
ਸਤਿਕਾਰਯੋਗ ਪ੍ਰਧਾਨ ਸਾਹਿਬ,
ਮੈਂ ਰਾਜਿੰਦਰ ਕੌਰ ਮੀਮਸਾ ਆਪ ਜੀ ਨੂੰ ਸਤਿਕਾਰ ਸਹਿਤ ਬੇਨਤੀ ਕਰਦੀ ਹਾਂ ਕਿ ਮੈਂ 8 ਮਈ 2018 ਨੂੰ ਆਪ ਜੀ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬਿਨਾ ਕਿਸੇ ਸ਼ਰਤ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਈ ਸੀ। ਕਿਉਂਕਿ ਮੈਂ ਇਤਿਹਾਸ ਵਿੱਚ ਪੜਿਆ ਅਤੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ਾਂ ਵਿੱਚੋਂ ਪੈਦਾ ਹੋਈ,ਸਿੱਖ ਸਿਧਾਂਤਾਂ ਨੂੰ ਪ੍ਰਣਾਈ ਅਤੇ ਸਿੱਖ ਕੌਮ ਦੀ ਨੁਮਾਇੰਦਾ ਪਾਰਟੀ ਹੈ।ਮੈਂ ਇਤਿਹਾਸ ਵਿੱਚ ਇਹ ਵੀ ਪੜਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਅਜ਼ਾਦੀ ਲਈ, ਗੁਰਦੁਆਰਿਆਂ ਨੂੰ ਨਰੈਣੂ ਵਰਗੇ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਅਤੇ ਪੰਜਾਬੀ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬਾ ਲੈਣ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਸਨ । ਮੈਨੂੰ ਬੇਹੱਦ ਮਾਣ ਹੋਇਆ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੀ ਹਾਂ । ਪਾਰਟੀ ਵੱਲੋਂ ਮੈਨੂੰ ਮੁੱਖ ਸਲਾਹਕਾਰ,ਸ਼੍ਰੋਮਣੀ ਅਕਾਲੀ ਦਲ(ਇਸਤਰੀ ਵਿੰਗ)ਪੰਜਾਬ ਦੇ ਆਹੁੱਦੇ ਨਾਲ ਨਿਵਾਜਿਆ ਗਿਆ ਸੀ ਅਤੇ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਅਣਥੱਕ ਕੋਸ਼ਿਸ ਕੀਤੀ । ਇਸ ਸਾਢੇ ਤਿੰਨ ਸਾਲ ਦੇ ਬਹੁਤ ਥੋੜੇ ਸਮੇਂ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ, ਵਰਕਰ ਸਾਹਿਬਾਨਾਂ ਅਤੇ ਵਿਸ਼ੇਸ਼ ਤੌਰ ਤੇ ਇਸਤਰੀ ਵਿੰਗ ਦੀਆਂ ਬੀਬੀਆਂ ਵੱਲੋਂ ਮੈਨੂੰ ਪੂਰਾ ਮਾਣ ਸਤਿਕਾਰ ਵੀ ਹਾਸ਼ਿਲ ਹੋਇਆ ਹੈ।ਜਿਸ ਲਈ ਮੈਂ ਉਹਨਾਂ ਦੀ ਸਦਾ ਰਿਣੀ ਰਹਾਂਗੀ।
ਪ੍ਰਧਾਨ ਜੀ,ਮੈਂ ਆਪ ਜੀ ਦੇ ਹੁਕਮ ਅਨੁਸਾਰ ਦਸੰਬਰ-2016 ਵਿੱਚ ਆਪ ਜੀ ਦੀ ਰਿਹਾਇਸ਼ 12-ਸਫ਼ਦਰਜੰਗ ਰੋਡ,ਦਿੱਲੀ ਵਿਖੇ ਆਪ ਜੀ ਨੂੰ ਮਿਲਣ ਪਹੁੰਚੀ ਸੀ ਉਸ ਸਮੇਂ ਮੇਰੇ ਨਾਲ ਕੁੱਝ ਹੋਰ ਵਿਅਕਤੀ ਵੀ ਸਨ। ਮੈਂ ਵੇਖਿਆ ਕਿ ਮੇਰੇ ਪਹੁੰਚਣ ਤੋਂ ਪਹਿਲਾਂ ਆਪ ਜੀ ਦੀ ਰਿਹਾਇਸ਼ ਵਿਖੇ ਡੇਰਾ ਸਿਰਸਾ ਨਾਲ ਸਬੰਧਤ ਦੋ ਡੇਰਾ ਪ੍ਰੇਮੀ ਹਰਸ਼ ਧੂਰੀ, ਡੇਰਾ ਸੱਚਾ ਸੌਦਾ ਦੀ ਸੁਪਰੀਮ ਛੇ ਮੈਂਬਰੀ ਕਮੇਟੀ ਦਾ ਮੈਂਬਰ ਅਤੇ ਜਗਜੀਤ ਸਿੰਘ, ਮੁੱਖੀ ਪ੍ਰਬੰਧਕੀ ਵਿਭਾਗ ਡੇਰਾ ਸੱਚਾ ਸੌਦਾ ਸਿਰਸਾ ਵੀ ਬੈਠੇ ਸਨ ਜਿਹਨਾਂ ਵਿੱਚੋਂ ਹਰਸ਼ ਧੂਰੀ ਮੇਰੇ ਇਲਾਕੇ ਦਾ ਹੋਣ ਕਾਰਨ ਅਸੀਂ ਇੱਕ ਦੂਜੇ ਨੂੰ ਜਾਣਦੇ ਸੀ ਅਸੀਂ ਕਾਫ਼ੀ ਦੇਰ ਆਪ ਜੀ ਦੇ ਆਉਣ ਦੇ ਇੰਤਜ਼ਾਰ ਵਿੱਚ ਬੈਠੇ ਆਪਸ ‘ਚ ਗੱਲਾਂ-ਬਾਤਾਂ ਕਰਦੇ ਰਹੇ । ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਅਤੇ ਬਾਅਦ(ਸਾਲ 2017 ਦੌਰਾਨ) ਵਿੱਚ ਲੱਗਭਗ 9-10 ਵਾਰ ਮੈਂ ਆਪ ਜੀ ਦੀ ਦਿੱਲੀ ਵਿਖੇ ਰਿਹਾਇਸ਼ ਤੇ ਆਪ ਜੀ ਨੂੰ ਮਿਲਣ ਆਈ । ਇਤਫ਼ਾਕ ਨਾਲ ਇਸ ਸਮੇਂ ਦੌਰਾਨ ਫਿਰ ਹਰਸ਼ ਧੂਰੀ ਅਤੇ ਜਗਜੀਤ ਸਿੰਘ ਦੋ ਵਾਰ ਆਪ ਜੀ ਦੀ ਰਿਹਾਇਸ਼ ਤੇ ਮਿਲੇ ਅਤੇ ਮੈਂ ਆਪ ਜੀ ਨਾਲ ਕਾਫ਼ੀ ਸਮਾਂ ਵੱਖਰੇ ਤੌਰ ਤੇ ਵੀ ਗੰਭੀਰ ਗੱਲਾਂ ਕਰਦੇ ਵੇਖੇ ਸਨ । ਮੈਂ ਆਪ ਜੀ ਦੇ ਮੂੰਹੋਂ ਉਹਨਾਂ ਨੂੰ ਇਹ ਕਹਿੰਦੇ ਵੀ ਸੁਣਿਆ ਸੀ ਕਿ “ਯਾਰ ਤੁਸੀਂ ਆਉਣ ਤੋਂ ਪਹਿਲਾਂ ਫ਼ੋਨ ਵਗੈਰਾ ਕਰ ਲਿਆ ਕਰੋ,ਐਵੇਂ ਮਰਵਾਉਗੇ ਮੈਨੂੰ”।ਇੱਕ ਵਾਰ ਉਹਨਾਂ ਦੇ ਕਹਿਣ ਤੇ ਕਿ “ਜੀ ਸਾਡਾ ਕੁੱਝ ਕਰੋ ਹੁਣ ਤਾਂ ਵੋਟਾਂ ਦਾ ਰਿਜ਼ਲਟ ਵੀ ਆ ਗਿਆ ਹੈ ਤੇ ਕਾਂਗਰਸ ਦੀ ਸਰਕਾਰ ਵੀ ਬਣ ਗਈ ਐ”, ਤਾਂ ਤੁਸੀਂ ਉਹਨਾਂ ਨੂੰ ਕਿਹਾ ਸੀ ਕਿ “ਮੈਂ ਥੋਡਾ ਇੰਤਜ਼ਾਮ ਕਰ ਦਿੱਤਾ ਹੈ ਤੁਹਾਨੂੰ ਜਲਦੀ ਹੀ ਫ਼ੋਨ ਆ ਜਾਵੇਗਾ ਤੁਸੀਂ ਬੇ-ਫਿਕਰ ਰਹੋ,ਇਹ ਸਰਕਾਰ ਵੀ ਆਪਣੀ ਹੀ ਹੈ”। ਮੈਂ ਉਸ ਵਕਤ ਇਹ ਸਮਝਦੀ ਸੀ ਕਿ ਸ਼ਾਇਦ ਵੋਟਾਂ ਦੇ ਸੰਬੰਧ ਵਿੱਚ ਜਾਂ ਇਹ ਡੇਰਾ ਪ੍ਰੇਮੀ ਆਪਣੇ ਕਿਸੇ ਨਿੱਜੀ ਕੰਮ ਦੇ ਸੰਬੰਧ ਵਿੱਚ ਆਪ ਜੀ ਪਾਸ ਆਉਂਦੇ ਜਾਂਦੇ ਹੋਣਗੇ । ਪਰ ਉਸ ਵਕਤ ਮੇਰੇ ਮਨ ਵਿੱਚ ਸ਼ੱਕ ਜ਼ਰੂਰ ਪੈਦਾ ਹੋਇਆ ਸੀ ।
ਪਰ ਹੁਣ ਪਿਛਲੇ ਕੁੱਝ ਸਮੇਂ ਦਰਮਿਆਨ ਅਖ਼ਬਾਰਾਂ ਵਿੱਚ ਹਰਸ਼ ਧੂਰੀ ਦਾ ਨਾਂ ਪੜਕੇ ਮੇਰੇ ਮਨ ਨੂੰ ਬਹੁਤ ਵੱਡਾ ਦੁੱਖ ਹੋਇਆ ਕਿਉਂਕਿ ਇਸ ਨੂੰ ਫਰੀਦਕੋਟ ਦੀ ਮਾਨਯੋਗ ਅਦਾਲਤ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲ਼ੀਆਂ ਵਿੱਚ ਖਿਲਾਰਨ ਅਤੇ ਕੰਧਾਂ ਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਦੋਸ਼ ਵਿੱਚ ਭਗੌੜਾ ਐਲਾਨਿਆ ਗਿਆ ਹੈ । ਇਹ ਦੇਖਕੇ,ਪੜਕੇ ਅਤੇ ਸੁਣ ਕੇ ਮੇਰੇ ਸਿੱਖ ਹਿਰਦੇ ਨੂੰ ਭਾਰੀ ਠੇਸ ਪਹੁੰਚੀ ਹੈ । ਕਿਉਂਕਿ ਅੱਜ ਆਪ ਜੀ ਦੀ ਅਗਵਾਈ ਵਿੱਚ ਸੰਘਰਸ਼ਾਂ ਵਿੱਚੋਂ ਜਨਮ ਲੈਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਚੰਦ ਵੋਟਾਂ ਲੈਣ ਅਤੇ ਸੱਤਾ ਤੇ ਕਾਬਜ਼ ਹੋਣ ਲਈ ਸਿੱਖੀ ਸਿਧਾਂਤਾਂ ਦਾ ਘਾਣ ਕਰਦੀ ਹੋਈ ਡੇਰਾਵਾਦ ਨੂੰ ਪ੍ਰਫੁੱਲਿਤ ਹੀ ਨਹੀਂ ਕਰ ਰਹੀ ਸਗੋਂ ਗੁਰੂ ਅਤੇ ਪੰਥ ਦੇ ਦੋਖੀਆਂ ਨੂੰ ਸ਼ਹਿ ਦੇ ਕੇ ਉਹਨਾਂ ਦੇ ਹੌਸਲੇ ਵਧਾ ਰਹੀ ਹੈ । ਜਿਸ ਕਾਰਨ ਮੇਰਾ ਅੱਜ ਆਪ ਜੀ ਤੋਂ ਭਰੋਸਾ ਉੱਠ ਗਿਆ ਹੈ । ਮੈਂ ਕਦੇ ਵੀ ਅਜਿਹੀ ਲੀਡਰਸ਼ਿਪ ਅਧੀਨ ਅਤੇ ਅਜਿਹੀ ਪਾਰਟੀ ਦੇ ਨਾਲ ਰਹਿ ਕੇ ਕੰਮ ਨਹੀਂ ਕਰ ਸਕਦੀ ਜੋ ਡੇਰਾਵਾਦ ਨੂੰ ਪ੍ਰਫੁੱਲਿਤ ਕਰ ਰਹੀ ਹੋਵੇ ਅਤੇ ਪੰਥ ਦੇ ਦੋਖੀਆਂ ਨੂੰ ਸ਼ਹਿ ਦੇ ਰਹੀ ਹੋਵੇ । ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਨਾਲ ਸੰਬੰਧ ਰੱਖਣ ਵਾਲੇ ਪ੍ਰਧਾਨ ਅਤੇ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਆਪ ਜੀ ਅਗਵਾਈ ਕਰ ਰਹੇ ਹੋ ਮੈਂ ਉਸ ਪਾਰਟੀ ਦਾ ਹਿੱਸਾ ਵੀ ਬਣੀ ਨਹੀਂ ਰਹਿ ਸਕਦੀ । ਪਰ ਮੈਂ ਆਪ ਜੀ ਨੂੰ ਸਤਿਕਾਰ ਸਹਿਤ ਇਹ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸੰਬੰਧੀ ਫਰੀਦਕੋਟ ਦੀ ਮਾਨਯੋਗ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਡੇਰਾ ਪ੍ਰੇਮੀ ਹਰਸ਼ ਧੂਰੀ ਜੋ ਮੇਰੇ ਸਾਹਮਣੇ ਆਪ ਜੀ ਨੂੰ ਉਸ ਸਮੇਂ ਮਿਲਦਾ ਰਿਹਾ ਹੈ ਉਸ ਨਾਲ ਆਪ ਜੀ ਦੇ ਕੀ ਸੰਬੰਧ ਸਨ ? ਅਤੇ ਉਹ ਆਪ ਜੀ ਤੋਂ ਕੀ ਕੰਮ ਕਰਵਾਉਣ ਆਉਂਦੇ ਸਨ ? ਆਪ ਜੀ ਉਹਨਾਂ ਨੂੰ ਵੇਖਕੇ ਸਹਿਮ ਕਿਉਂ ਜਾਂਦੇ ਸੀ ? ਆਪ ਜੀ ਵੱਲੋਂ ਉਹਨਾਂ ਦਾ ਕੀ ਇੰਤਜ਼ਾਮ ਅਤੇ ਕਿਉਂ ਕੀਤਾ ਗਿਆ ਸੀ ? ਮੈਂ ਇੱਕ ਨਿਮਾਣੀ ਸਿੱਖ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਮੈਨੂੰ ਅਤੇ ਦੇਸ਼ ਵਿਦੇਸ਼ ਵਿੱਚ ਵਸਦੀ ਨਾਨਕ ਨਾਮ ਲੇਵਾ ਸੰਗਤ ਨੂੰ ਜ਼ਰੂਰ ਦੇਣ ਦੀ ਕ੍ਰਿਪਾਲਤਾ ਕਰੋ ਜੀ ਤਾਂ ਜੋ ਪੰਜਾਬ ਦੇ ਆਵਾਮ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਡੇਰਾ ਸੌਦਾ ਸਾਧ ਸਿਰਸਾ ਨਾਲ ਸੰਬੰਧਾਂ ਬਾਰੇ ਸਪਸ਼ਟ ਹੋ ਸਕੇ ।
ਪ੍ਰਧਾਨ ਸਾਹਿਬ, ਮੈਨੂੰ ਹੁਣ ਪੂਰਾ ਯਕੀਨ ਹੋ ਗਿਆ ਹੈ ਕਿ ਤੁਹਾਡੇ ਡੇਰਾ ਸੌਦਾ ਸਾਧ ਸਿਰਸਾ ਦੇ ਨਾਲ ਗੁੱਝੇ ਅੰਦਰੂਨੀ ਤੁੱਲਕਾਤ ਹਨ । ਇਸ ਲਈ ਮੈਂ ਇੱਕ ਨਿਮਾਣੀ ਸਿੱਖ ਹੋਣ ਦੇ ਨਾਤੇ ਆਪਣੇ ਮਨ ‘ਤੇ ਇਹ ਬੋਝ ਲੈ ਕੇ ਮਰਨਾ ਨਹੀਂ ਚਾਹੁੰਦੀ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਨਾਲ ਸੰਬੰਧ ਰੱਖਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਹਾਂ । ਸੋ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨੂੰ ਮੁੱਖ ਰੱਖਦਿਆਂ ਅਤੇ ਆਪਣੀ ਜ਼ਮੀਰ ਦੀ ਅਵਾਜ਼ ਸੁਣਦਿਆਂ ਪੂਰੇ ਹੋਸ਼ੋ-ਹਵਾਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਆਹੁੱਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੀ ਹਾਂ ।
ਧੰਨਵਾਦ ਸਹਿਤ ,
ਰਾਜਿੰਦਰ ਕੌਰ ਮੀਮਸਾ

#BeadbiShriGuruGranthSahibJi
#BurjJawaharSinghWala
#GianiHarpritSinghActingJathedarAkalTakhatSahib
#BibiJagirKaurPresidentSGPC
#ShiromaniAkaliDal #SukhbirSinghBadal #ParkashSinghBadal #ChiefMinisterPunjab
#HomeMinisterPunjab
#DGPPunjab
#SIT
#PunjabPublic

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?