ਸ਼੍ਰੋਮਣੀ ਕਮੇਟੀ 101 ਸਾਲਾ ਸਥਾਪਨਾ ਦਿਵਸ ਮੌਕੇ ਵਿਸ਼ਾਲ ਗੁਰਮਤਿ ਸਮਾਗਮ

28

ਸ਼੍ਰੋਮਣੀ ਕਮੇਟੀ ਨੇ 100 ਸਾਲਾ ਸਫ਼ਰ ਦੌਰਾਨ ਅਹਿਮ ਕਾਰਜ ਕੀਤੇ- ਗਿਆਨੀ ਹਰਪ੍ਰੀਤ ਸਿੰਘ

ਸ਼੍ਰੋਮਣੀ ਕਮੇਟੀ ਵਰਗੀ ਲੋਕਤੰਤਰੀ ਧਾਰਮਿਕ ਸੰਸਥਾ ਕੇਵਲ ਸਿੱਖਾਂ ਕੋਲ ਮੌਜੂਦ -ਸ. ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਸਿੱਖ ਮਸਲਿਆਂ ਦੀ ਪੈਰਵਾਈ ਕਰਨਾ ਆਪਣਾ ਫ਼ਰਜ਼ ਸਮਝਿਆ-ਬੀਬੀ ਜਗੀਰ ਕੌਰ

ਅੰਮ੍ਰਿਤਸਰ, 16 ਨਵੰਬਰ-(ਨਜ਼ਰਾਨਾ ਨਿਊਜ਼ ਨੈੱਟਵਰਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਅੱਜ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਹੋਰ ਪੰਥਕ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਇਤਿਹਾਸ ਨੂੰ ਸਾਂਝਾ ਕੀਤਾ ਅਤੇ ਸੰਸਥਾ ਵੱਲੋਂ ਪਾਏ ਪੰਥਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਪੰਥਕ ਇਕਜੁਟਤਾ ਦੀ ਲੋੜ ’ਤੇ ਜ਼ੋਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿੱਖ ਪੰਥ ਦੀ ਮਾਣਮੱਤੀ ਸੰਸਥਾ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ ਅਤੇ ਇਸ ਨੇ 100 ਸਾਲਾ ਸਫ਼ਰ ਦੌਰਾਨ ਜਿਥੇ ਕਈ ਉਤਰਾ-ਚੜ੍ਹਾਅ ਦੇਖੇ, ਉਥੇ ਹੀ ਵੱਡੇ ਕਾਰਜਾਂ ਨੂੰ ਵੀ ਅੰਜਾਮ ਦਿੱਤਾ। ਉਨ੍ਹਾਂ ਆਖਿਆ ਕਿ ਸਰਕਾਰੀ ਜਬਰ ਅਤੇ ਜ਼ੁਲਮ ਦਾ ਮੁਕਾਬਲਾ ਕਰਦਿਆਂ ਇਸ ਸੰਸਥਾ ਦੇ ਸੈਂਕੜੇ ਮੈਂਬਰ ਅਤੇ ਮੁਲਾਜਮ ਸ਼ਹੀਦ ਹੋਏ ਅਤੇ ਭਰਵੀਂ ਗਿਣਤੀ ਨੇ ਜੇਲ੍ਹਾਂ ਕੱਟੀਆਂ। ਸਿੱਖ ਸੰਸਥਾ ਨੇ ਕਦੀ ਵੀ ਜ਼ਬਰ-ਜ਼ੁਲਮ ਅੱਗੇ ਆਤਮ ਸਮਰਪਣ ਨਹੀਂ ਕੀਤਾ, ਸਗੋਂ ਪੰਥ ਦੀ ਚੜ੍ਹਦੀ ਕਲਾ ਲਈ ਹਰ ਜ਼ੁਲਮ ਨੂੰ ਸਹਾਰਦਿਆਂ ਹੋਰ ਅੱਗੇ ਵਧਣ ਦਾ ਜਿਗਰਾ ਬਣਾਈ ਰੱਖਿਆ। ਉਨ੍ਹਾਂ ਕੌਮ ਨੂੰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀ ਹੋਰ ਮਜ਼ਬੂਤੀ ਲਈ ਇਕਜੁਟ ਹੋਣ ਦੀ ਅਪੀਲ ਕੀਤੀ ਅਤੇ ਕਮੇਟੀ ਪ੍ਰਬੰਧਕਾਂ ਨੂੰ ਭਵਿੱਖ ਵਿਚ ਸਿੱਖੀ ਪ੍ਰਚਾਰ ਲਈ ਅਸਰਦਾਰ ਪ੍ਰੋਗਰਾਮ ਉਲੀਕਣ ਲਈ ਕਿਹਾ।r
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੌਮ ਵੱਲੋਂ ਕੁਰਬਾਨੀਆਂ ਦੇ ਕੇ ਸਥਾਪਤ ਕੀਤੀ ਗਈ ਸੰਸਥਾ ਸ਼੍ਰੋਮਣੀ ਕਮੇਟੀ ਵਰਗੀ ਧਾਰਮਿਕ ਸੰਸਥਾ ਪੂਰੀ ਦੁਨੀਆਂ ਵਿਚ ਹੋਰ ਕੋਈ ਨਹੀਂ ਹੈ। rਉਹ ਕਿਹਾ ਕਿ ਉਹ ਇਕੋ-ਇਕ ਲੋਕਤੰਤਰੀ ਸੰਸਥਾ ਹੈ, ਜੋ ਅਜ਼ਾਦ ਪਾਰਲੀਮੈਂਟ ਦੀ ਤਰ੍ਹਾਂ ਸਿੱਖ ਗੁਰਧਾਮਾਂ ਦਾ ਪ੍ਰਬੰਧ ਕਰਦੀ ਹੈ। ਇਸ ਨੇ ਆਪਣੀ ਸਥਾਪਨਾ ਦੇ ਸਮੇਂ ਤੋਂ ਲੈ ਕੇ ਵੱਡੇ ਕਾਰਜ ਕੀਤੇ ਹਨ ਅਤੇ ਪੂਰੀ ਦੁਨੀਆਂ ਵਿਚ ਜਿਥੇ ਵੀ ਸਿੱਖਾਂ ਨੂੰ ਮੁਸ਼ਕਲ ਆਈ ਉਸ ਦੀ ਪੈਰਵਾਈ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅੰਦਰ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਮਹਿਜ ਇਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿਚ ਲਿਆਂਦਾ ਅਤੇ ਇਨ੍ਹਾਂ ਦੋਵੇਂ ਜਥੇਬੰਦੀਆਂ ਨੇ ਸੰਯੁਕਤ ਰੂਪ ਵਿਚ ਕੌਮ ਦੀਆਂ ਵੱਡੀਆਂ ਲੜਾਈਆਂ ਲੜੀਆਂ ਅਤੇ ਜਿੱਤਾਂ ਦਰਜ਼ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਆਗੂ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਦੁਸ਼ਮਣ ਸ਼ਕਤੀਆਂ ਢਾਹ ਲਾਉਣ ਲਈ ਚਾਲਾਂ ਚੱਲ ਰਹੀਆਂ ਹਨ, ਪਰ ਇਹ ਹਮੇਸ਼ਾ ਹੀ ਆਪਣੇ ਸੁਭਾਅ ਅਨੁਸਾਰ ਪੰਥਕ ਕਾਰਜਾਂ ਲਈ ਤੱਤਪਰ ਹਨ। ਉਨ੍ਹਾਂ ਕਿਹਾ ਕਿ ਅੱਜ ਸਿੱਖ ਵਿਰੋਧੀ ਸ਼ਕਤੀਆਂ ਦੀਆਂ ਚਾਲਾਂ ਦਾ ਇਕੱਠੇ ਹੋ ਕੇ ਮੁਕਾਬਲਾ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਸਿੱਖ ਸੰਸਥਾਵਾਂ ਕਮਜ਼ੋਰ ਹੋ ਗਈਆਂ, ਤਾਂ ਕੌਮ ਵੀ ਕਮਜ਼ੋਰ ਹੋਵੇਗੀ। ਆਪਣੀ ਪੰਥਕ ਸੰਸਥਾਵ ਨੂੰ ਹੋਰ ਮਜ਼ਬੂਤ ਕਰਨਾ ਹਰ ਸਿੱਖ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੇ ਆਗੂ ਹਮੇਸ਼ਾ ਬਦਲਦੇ ਰਹਿੰਦੇ ਹਨ, ਪਰ ਸੰਸਥਾਵਾਂ ਸਿਰਮੌਰ ਹਨ ਅਤੇ ਰਹਿਣਗੀਆਂ। ਉਨ੍ਹਾਂ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਕਿਹਾ ਕਿ ਇਸ ਜਮਾਤ ਨੇ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਤੋੜਨ ਲਈ ਸਮੇਂ-ਸਮੇਂ ਚਾਲਾਂ ਚੱਲੀਆਂ। ਉਨ੍ਹਾਂ ਕਿਹਾ ਕਿ 1984 ਦਾ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਅਤੇ ਦਿੱਲੀ ਸਮੇਤ ਹੋਰ ਸੂਬਿਆਂ ਵਿਚ ਸਿੱਖ ਕਤਲੇਆਮ ਨੂੰ ਕੌਮ ਕਦੇ ਨਹੀਂ ਭੁੱਲ ਸਕਦੀ। ਇਹ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਦਾ ਉਹ ਕਰੂਰ-ਕਾਰਾ ਹੈ, ਜਿਸ ਤੋਂ ਇਹ ਕਦੀ ਵੀ ਬਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਦੇ ਹੱਕ ਵਿਚ ਪੰਜਾਬ ਦੀ ਸਰਕਾਰ ਵੱਲੋਂ ਦਿੱਤਾ ਗਿਆ ਹਲਫਨਾਮਾ ਮੌਜੂਦਾ ਸਮੇਂ ਵੀ ਇਸ ਦੀ ਤਸਦੀਕ ਕਰਦਾ ਹੈ ਕਿ ਕਾਂਗਰਸ ਕਦੇ ਵੀ ਸਿੱਖਾਂ ਦਾ ਭਲਾ ਨਹੀਂ ਚਾਹੁੰਦੀ। ਇਹ ਹਮੇਸ਼ਾ ਹੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਨੀਤ ਅਤੇ ਨੀਤੀ ਨਾਲ ਕੰਮ ਕਰਦੀ ਰਹੀ ਹੈ। ਸ. ਬਾਦਲ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੀ ਮਾਣਮੱਤੀ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਿੱਖੀ ਪ੍ਰਚਾਰ ਲਹਿਰ ਦਾ ਹਿੱਸਾ ਬਣਨ ਅਤੇ ਮਾਨਵ ਭਲਾਈ ਕਾਰਜਾਂ ਵਿਚ ਵੀ ਵੱਧ ਚੜ੍ਹ ਕੇ ਅੱਗੇ ਆਉਣ। ਉਨ੍ਹਾਂ ਸਿੱਖ ਸੰਸਥਾ ਦੇ 101 ਸਾਲਾ ਸਥਾਪਨਾ ਦਿਵਸ ਦੀ ਕੌਮ ਨੂੰ ਵਧਾਈ ਦਿੱਤੀ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿਥੇ ਸ਼੍ਰੋਮਣੀ ਕਮੇਟੀ ਵੱਲੋਂ 100 ਸਾਲਾ ਸਫ਼ਰ ਦੌਰਾਨ ਨਿਭਾਈਆਂ ਸੇਵਾਵਾਂ ਅਤੇ ਕੀਤੇ ਕਾਰਜਾਂ ਦਾ ਸੰਖੇਪ ਵਿਚ ਵਰਨਣ ਕੀਤਾ, ਉਥੇ ਹੀ ਭਵਿੱਖ ਦੀਆਂ ਤਰਜ਼ੀਹਾਂ ਵੀ ਸਪੱਸ਼ਟ ਕੀਤੀਆਂ। ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਭਵਿੱਖ ਵਿਚ ਸਿੱਖੀ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਵੱਖ-ਵੱਖ ਭਸ਼ਾਵਾਂ ਦੇ ਗਿਆਤਾ ਦੇ ਪ੍ਰਚਾਰਕ ਭਰਤੀ ਕਰਕੇ ਵੱਖ-ਵੱਖ ਸੂਬਿਆਂ ਅਤੇ ਦੇਸ਼ਾਂ ਵਿਚ ਭੇਜੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਸੰਗਤ ਤੱਕ ਪਹੁੰਚਾਉਣ ਲਈ ਦੋ ਯੋਜਨਾਵਾਂ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਇਸ ਤਹਿਤ ਕੇਂਦਰੀ ਸਿੱਖ ਅਜਾਇਬ ਘਰ ਦਾ ਹੋਰ ਵਿਸਥਾਰ ਕੀਤਾ ਜਾਵੇਗਾ, ਜਿਸ ਵਿਚ ਆਧੁਨਿਕ ਢੰਗ ਨਾਲ ਸਿੱਖ ਇਤਿਹਾਸ ਤਸਵੀਰਾਂ ਰਾਹੀਂ ਰੂਪਮਾਨ ਹੋਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦਫ਼ਤਰ ਨਜ਼ਦੀਕ ਢੁੱਕਵੀਂ ਥਾਂ ’ਤੇ ਆਡੀਟੋਰੀਅਮ ਸਥਾਪਤ ਕਰਕੇ ਸਿੱਖ ਇਤਿਹਾਸ ਨਾਲ ਸਬੰਧਤ ਨਾਟਕ ਅਤੇ ਡਾਕੂਮੈਂਟਰੀਆਂ ਦਿਖਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਨੌਜੁਆਨੀ ਨੂੰ ਆਧੁਨਿਕ ਸਾਧਨਾਂ ਦੁਆਰਾ ਸਿੱਖ ਧਰਮ ਦੇ ਇਤਿਹਾਸ ਨਾਲ ਜੋੜਨ ਲਈ ਭਵਿੱਖ ਵਿਚ ਵਿਉਂਤਬੰਦੀ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਬੱਚਿਆਂ ਲਈ ਸੁਚਿੱਤਰ ਪੁਸਤਕਾਂ ਤਿਆਰ ਕਰਵਾਈਆਂ ਜਾਣਗੀਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਸਿੱਖ ਪੰਥ ਦੇ ਭਖਦਿਆਂ ਮਸਲਿਆਂ ’ਤੇ ਸੰਜੀਦਾ ਰਹੀ ਹੈ ਅਤੇ ਭਵਿੱਖ ਵਿਚ ਵੀ ਹਰ ਸਿੱਖ ਮਸਲੇ ਦੇ ਸਰਲੀਕਰਣ ਲਈ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਬੰਦੀਆਂ ਦੀ ਰਿਹਾਈ ਦਾ ਐਲਾਨ ਕੀਤਾ ਸੀ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਆਪਣੇ ਹੀ ਐਲਾਨ ਤੋਂ ਮੁੱਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਦੇ ਸੰਪੂਰਨਤਾ ਸਮਾਗਮਾਂ ਮੌਕੇ ਸ਼੍ਰੋਮਣੀ ਕਮੇਟੀ ਐਲਾਨ ਕਰਦੀ ਹੈ ਕਿ ਸਿੱਖ ਬੰਦੀਆਂ ਦੀ ਰਿਹਾਈ ਲਈ ਹਰ ਪੱਧਰ ’ਤੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਮਸਲਿਆਂ ਦੀ ਹਮੇਸ਼ਾ ਪੈਰਵਾਈ ਕਰਦੀ ਰਹੀ ਹੈ ਅਤੇ ਇਸ ਲਈ ਭਵਿੱਖ ਵਿਚ ਵੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮਾਜ ਵਿਚ ਬਰਾਬਰਤਾ ਲਈ ਸਭ ਤੋਂ ਮੋਹਰੀ ਸੰਸਥਾ ਹੋਣ ਦਾ ਮਾਣ ਰੱਖਦੀ ਹੈ, ਕਿਉਂਕਿ ਉਨ੍ਹਾਂ ਨੂੰ ਪ੍ਰਧਾਨ ਵਜੋਂ ਇਸ ਸੰਸਥਾ ਦੀ ਅਗਵਾਈ ਕਰਨ ਦਾ ਮਾਣ ਕੌਮ ਨੇ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਨੂੰ ਵੋਟ ਦਾ ਅਧਿਕਾਰ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਿਚ ਹੀ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਹਮੇਸ਼ਾ ਹੀ ਪੰਥਕ ਪ੍ਰੰਪਰਾਵਾਂ ਅਤੇ ਰਵਾਇਤਾਂ ਦੀ ਪੈਰਵਾਈ ਕਰਦੀ ਰਹੀ ਹੈ ਅਤੇ ਆਪਣੇ ਇਤਿਹਾਸ ਦੀ ਰੌਸ਼ਨੀ ਵਿਚ ਭਵਿੱਖ ਵਿਚ ਵੀ ਕਰਦੀ ਰਹੇਗੀ।
ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜਗਮੀਤ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਿੱਖ ਸਮਾਜ ਨੂੰ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ ਲਈ ਸਿਰ ਜੋੜਨ ਦੀ ਅਪੀਲ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਹ ਸੰਸਥਾ ਸ਼ਹੀਦਾਂ ਦੇ ਖੂਨ ਨਾਲ ਸਿਰਜੀ ਹੋਈ ਹੈ ਅਤੇ ਇਸ ਨੂੰ ਢਾਹ ਲਾਉਣ ਵਾਲੀਆਂ ਦੁਸ਼ਮਣ ਸ਼ਕਤੀਆਂ ਇਸ ਦਾ ਕੁਝ ਨਹੀਂ ਵਿਗਾੜ ਸਕਦੀਆਂ। ਉਨ੍ਹਾਂ ਕਿਹਾ ਕਿ ਕੌਮ ਸਿਰਜੋੜ ਕੇ ਅੱਗੇ ਵਧੇਗੀ ਤਾਂ ਯਕੀਨਨ ਪੂਰੀ ਦੁਨੀਆਂ ਵਿਚ ਸਿੱਖ ਕੌਮ ਦੇ ਝੰਡੇ ਬੁਲੰਦ ਰਹਿਣਗੇ।
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਢਾਡੀ ਅਤੇ ਕਵੀਸ਼ਰ ਜਥਿਆਂ ਵੱਲੋਂ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਢਾਡੀ ਅਤੇ ਕਵੀਸ਼ਰੀ ਵਾਰਾਂ ਰਾਹੀਂ ਸੰਗਤ ਸਨਮੁੱਖ ਪੇਸ਼ ਕੀਤਾ ਗਿਆ। ਇਸ ਮੌਕੇ ਪੰਥਕ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਸ਼੍ਰੋਮਣੀ ਕਮੇਟੀ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਸੰਸਥਾ ਦੀ ਸਥਾਪਨਾ ਦੇ ਇਤਿਹਾਸ ਨੂੰ ਤਸਵੀਰਾਂ ਰਾਹੀਂ ਰੂਪਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਲਗਾਏ ਗਏ ਮੋਰਚਿਆਂ, ਸਿੱਖ ਕੌਮ ’ਤੇ ਵਾਪਰੇ ਸਾਕਿਆਂ ਆਦਿ ਦੀਆਂ ਤਸਵੀਰਾਂ ਪ੍ਰਦਰਸ਼ਤ ਕੀਤੀਆਂ ਗਈਆਂ।
ਸਮਾਗਮ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸ. ਜਗਮੀਤ ਸਿੰਘ ਬਰਾੜ, ਸੰਤ ਬਲਬੀਰ ਸਿੰਘ ਘੁੰਨਸ, ਸ. ਅਮਰਪਾਲ ਸਿੰਘ ਬੋਨੀ ਅਜਨਾਲਾ, ਸ. ਵੀਰ ਸਿੰਘ ਲੋਪੋਕੇ, ਸ. ਹੀਰਾ ਸਿੰਘ ਗਾਬੜੀਆ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਹਰਚਰਨ ਸਿੰਘ ਬੈਂਸ, ਸ. ਤਲਬੀਰ ਸਿੰਘ ਗਿੱਲ, ਡਾ. ਦਲਬੀਰ ਸਿੰਘ ਕੋਟਲਾ, ਸ. ਗੁਰਬਚਨ ਸਿੰਘ ਬੱਬੇਹਾਲੀ, ਸ. ਗੁਰਪ੍ਰਤਾਪ ਸਿੰਘ ਟਿੱਕਾ, ਅੰਤ੍ਰਿੰਗ ਕਮੇਟੀ ਮੈਂਬਰ ਸ. ਨਵਤੇਜ ਸਿੰਘ ਕਾਉਣੀ, ਸ. ਅਜਮੇਰ ਸਿੰਘ ਖੇੜਾ, ਸ. ਸਤਵਿੰਦਰ ਸਿੰਘ ਟੌਹੜਾ, ਬੀਬੀ ਮਲਕੀਤ ਕੌਰ, ਸ. ਹਰਭਜਨ ਸਿੰਘ ਮਸਾਣਾਂ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਅਜਾੲਬਿ ਸਿੰਘ ਅਭਿਆਸੀ, ਸ. ਬਿਕਰਮਜੀਤ ਸਿੰਘ ਕੋਟਲਾ, ਸ. ਹਰਪਾਲ ਸਿੰਘ ਜੱਲ੍ਹਾ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਤੇਜਾ ਸਿੰਘ ਕਮਾਲਪੁਰ, ਸ. ਤੀਰਥ ਸਿੰਘ ਮਾਹਲਾ, ਸ. ਬਲਦੇਵ ਸਿੰਘ ਮਾਨ, ਸ. ਜੋਧ ਸਿੰਘ ਸਮਰਾ, ਸ. ਬਲਦੇਵ ਸਿੰਘ ਮਾਣੂਕੇ, ਸ. ਜਗਸੀਰ ਸਿੰਘ ਮਾਂਗੇਆਣਾ, ਜਥੇਦਾਰ ਗੁਰਲਾਲ ਸਿੰਘ, ਬੀਬੀ ਜੋਗਿੰਦਰ ਕੌਰ, ਬੀਬੀ ਗੁਰਿੰਦਰ ਕੌਰ ਭੋਲੂਵਾਲ, ਬੀਬੀ ਕਿਰਨਜੋਤ ਕੌਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਬੀਬੀ ਗੁਰਮੀਤ ਕੌਰ, ਬੀਬੀ ਜਸਬੀਰ ਕੌਰ, ਸ. ਸਤਪਾਲ ਸਿੰਘ ਤਲਵੰਡੀ ਭਾਈ, ਸ. ਸਰਵਣ ਸਿੰਘ ਕੁਲਾਰ, ਸ. ਅਮਰਜੀਤ ਸਿੰਘ ਬੰਡਾਲਾ, ਸ. ਬਲਦੇਵ ਸਿੰਘ ਕਲਿਆਣ, ਸ. ਗੁਰਮੇਲ ਸਿੰਘ ਸੰਗਤਪੁਰਾ, ਸ. ਕੁਲਦੀਪ ਸਿੰਘ ਤੇੜਾ, ਸ. ਬਚਿੱਤਰ ਸਿੰਘ ਕੁਹਾੜ, ਫੈਡਰੇਸ਼ਨ ਪ੍ਰਧਾਨ ਸ. ਕੰਵਰਚੜ੍ਹਤ ਸਿੰਘ, ਸ. ਰਤਨ ਸਿੰਘ ਜੱਫਰਵਾਲ, ਸ. ਸੁਖਬੀਰ ਸਿੰਘ ਵਾਹਲਾ, ਬਾਬਾ ਬਲਵਿੰਦਰ ਸਿੰਘ ਰਾੜਾ ਸਾਹਿਬ ਵਾਲੇ, ਬਾਬਾ ਸੁਬੇਗ ਸਿੰਘ ਖਡੂਰ ਸਾਹਿਬ, ਬਾਬਾ ਦਿਲਜੀਤ ਸਿੰਘ ਬੇਦੀ, ਬਾਬਾ ਭਗਤ ਸਿੰਘ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਪ੍ਰਗਟ ਸਿੰਘ, ਬਾਬਾ ਸੁਮੇਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਲਾਲ ਸਿੰਘ, ਬਾਬਾ ਮੇਜਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੁਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਸ. ਬਿਜੈ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਤੇਜਿੰਦਰ ਸਿੰਘ ਪੱਡਾ, ਸ. ਸਿਮਰਜੀਤ ਸਿੰਘ ਕੰਗ, ਸ. ਗੁਰਮੀਤ ਸਿੰਘ ਬੁੱਟਰ, ਮੈਨੈਜਰ ਸ. ਗੁਰਿੰਦਰ ਸਿੰਘ ਮਥਰੇਵਾਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

× How can I help you?