ਬਾਘਾਪੁਰਾਣਾ 24 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿੱਚ ਪ੍ਰੀਖਿਆ ਕੇਂਦਰ ਵਾਪਸ ਲਿਆਉਣ,ਅੰਗਰੇਜ਼ੀ ਪ੍ਰੋਫ਼ੈਸਰ ਦੀ ਖ਼ਾਲੀ ਅਸਾਮੀ ਭਰਨ,ਪੱਕੇ ਤੌਰ ਤੇ ਕਾਲਜ ਵਿੱਚ ਪ੍ਰਿੰਸੀਪਲ ਲਿਆਉਣ ਅਤੇ ਪੋਸਟ ਗ੍ਰੈਜੂਏਸ਼ਨ ਲਿਆਉਣ ਲਈ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਰੈਲੀ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਕਾਲਜ ਇਕਾਈ ਦੀ ਸਕੱਤਰ ਕਮਲ ਬਾਘਾ ਪੁਰਾਣਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕਾਲਜ ਦਾ ਪ੍ਰੀਖਿਆ ਕੇਂਦਰ ਢੁੱਡੀਕੇ ਕਾਲਜ ਲਿਜਾਇਆ ਗਿਆ ਹੈ ਤੇ ਲਗਾਤਾਰ ਅੰਗਰੇਜ਼ੀ ਪ੍ਰੋਫ਼ੈਸਰ ਦੀ ਅਸਾਮੀ ਖਾਲੀ ਪਈ ਹੈ ਅਤੇ ਕਾਲਜ ਵਿੱਚ ਪੱਕੇ ਤੌਰ ਤੇ ਪ੍ਰਿੰਸੀਪਲ ਵੀ ਨਹੀਂ ਹੈ।ਇਹ ਸਭ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਹੋ ਰਿਹਾ ਹੈ, ਲਗਾਤਾਰ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਸੋਂਪਿਆ ਜਾ ਰਿਹਾ ਹੈ, ਓਸੇ ਤਹਿਤ ਹੀ ਸਾਡੇ ਪੇਂਡੂ ਖਿੱਤੇ ਦੇ ਇੱਕੋ-ਇੱਕ ਸਰਕਾਰੀ ਕਾਲਜ ਨੂੰ ਬੰਦ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।ਕਾਲਜ ਦੇ ਵਿੱਚ ਅੰਗਰੇਜ਼ੀ ਪ੍ਰੋਫ਼ੈਸਰ ਨਾ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੁਹਤ ਵੱਡਾ ਨੁਕਸਾਨ ਹੋ ਰਿਹਾ ਹੈ। ਪ੍ਰੀਖਿਆ ਸੈਂਟਰ ਵੀ ਢੁੱਡੀਕੇ ਹੈ ਤੇ ਕਾਲਜ ਤੋਂ ਢੁੱਡੀਕੇ ਦੀ ਦੂਰੀ 44 ਕਿਲੋਮੀਟਰ ਹੈ ਅਤੇ ਇੰਨੀ ਦੂਰ ਜਾਣਾ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ, ਕਿਉਂਕਿ ਕਾਲਜ ਦੇ ਵਿੱਚ ਇੱਕ ਵਿਦਿਆਰਥਣ ਨੇਤਰਹੀਣ ਹੈ ਤੇ ਲੱਗਭਗ ਚਾਰ ਵਿਦਿਆਰਥੀਆਂ ਅਪਾਹਜ ਹਨ, ਜਿਨ੍ਹਾਂ ਲਈ ਢੁੱਡੀਕੇ ਜਾਣਾ ਹੋਰ ਵੀ ਜ਼ਿਆਦਾ ਔਖਾ ਹੈ। ਇਹਨਾਂ ਸਮੱਸਿਆਵਾਂ ਨੂੰ ਲੈ ਕੇ 18 ਅਕਤੂਬਰ ਨੂੰ ਪਹਿਲਾਂ ਹੀ ਐੱਮ. ਐੱਲ. ਏ. ਨੂੰ ਮੰਗ ਪੱਤਰ ਸੋਂਪਿਆ ਗਿਆ ਸੀ ਤੇ ਉਹਨਾਂ ਵੱਲੋਂ 15 ਦਿਨਾਂ ਵਿਚ ਮੰਗਾਂ ਪੂਰੀਆਂ ਕਰਨ ਦਾ ਯਕੀਨ ਦਵਾਇਆ ਗਿਆ ਸੀ ,ਪਰ ਅੱਜ 23 ਦਿਨ ਬੀਤਣ ਤੇ ਵੀ ਨਾ ਤਾਂ ਪ੍ਰੀਖਿਆ ਸੈਂਟਰ ਵਾਪਸ ਆਇਆ,ਨਾ ਪ੍ਰਿੰਸੀਪਲ ਤੇ ਨਾ ਹੀ ਅੰਗਰੇਜ਼ੀ ਪ੍ਰੋਫ਼ੈਸਰ। ਇਸੇ ਲੲੀ ਇਹਨਾਂ ਮੰਗਾਂ ਨੂੰ ਲੈ ਕੇ ਦੁਬਾਰਾ ਐੱਮ. ਐੱਲ. ਏ. ਨੂੰ ਆਪਣੀਆਂ ਮੰਗਾਂ ਯਾਦ ਕਰਵਾਉਣ ਲਈ ਯਾਦ ਪੱਤਰ ਸੌਂਪਿਆ ਗਿਆ ਅਤੇ ਉਹਨਾਂ ਵਲੋਂ ਵਿਧਾਨ ਸਭਾ ਵਿੱਚ ਮੁੱਦਾ ਉਠਾਉਣ ਅਤੇ ਇੱਕ ਹਫ਼ਤੇ ਤੱਕ ਮੰਗਾਂ ਪੂਰੀਆਂ ਕਰਨ ਦਾ ਯਕੀਨ ਦਵਾਇਆ ਗਿਆ। ਇਸ ਮੌਕੇ ਪੂਜਾ,ਮੁੱਕੋ ,ਜਸਪਾਲ ਕੌਰ,ਨਵੂ ਕੌਰ, ਬੇਅੰਤ ਸਿੰਘ, ਵਿਸ਼ਵਦੀਪ ਸਿੰਘ, ਕਰਨਜੀਤ ਸਿੰਘ, ਗੁਰਦੀਪ ਸਿੰਘ, ਅੰਮ੍ਰਿਤ , ਸੰਦੀਪ ਸਿੰਘ , ਗੁਰਪਰੇਮ ਸਿੰਘ , ਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ