ਵਪਾਰੀ ਮੀਟਿੰਗ ‘ਚ, ‘ਆਪ’ ਦੇ ਵਰਕਰ ਬਣੇ ਵਪਾਰੀ, ਸ਼ਹਿਰ ਦੇ ਵਪਾਰੀ ਰਹੇ ਦੂਰ, ਦਿੱਲੀ ਸਰਕਾਰ ਵਲੋਂ ਪੰਜਾਬ ਦੇ ਪਾਣੀਆਂ ਤੇ ਰਿਆਇਲਟੀ ਦੇਣ ਬਾਰੇ ਵੱਟੀ ਚੁੱਪ
ਦੋਰਾਹਾ, 28 ਨਵੰਬਰ (ਲਾਲ ਸਿੰਘ ਮਾਂਗਟ)-ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਚੋਣ ਸਟੰਟ ਵਜੋਂ ਅੱਜ ਦੋਰਾਹਾ ਵਿਖੇ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਰੱਖੀ ਮੀਟਿੰਗ ਤੋੋਂ ਦੋਰਾਹਾ ਸ਼ਹਿਰ ਦੇ ਵਪਾਰੀ ਦੂਰ ਰਹੇ। ਵਪਾਰੀ ਵਰਗ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਸਬੰਧ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਉਨਾ੍ਹ ਕਿਹਾ ਕਿ ਕਿਸਾਨਾ ਦਾ ਮੋਰਚਾ ਸਮਾਪਤ ਹੋਣ ਤੇ ਗੱਲਬਾਤ ਕਰਾਂਗੇ। ਔਰਤਾਂ ਨੂੰ ਇੱਕ ਹਜਾਰ ਰੁਪਏ ਮਹੀਨਾ ਦੀ ਰਾਸ਼ੀ ਜੋ ਪੰਜ ਸਾਲ ਵਿੱਚ 60 ਹਜਾਰ ਰੁਪਏ ਬਣਦੀ ਹੈ, ਦੇਣ ਦੇ ਮਾਮਲੇ ਵਿੱਚ ਰਾਸ਼ੀ ਦਾ ਪ੍ਰਬੰਧ ਕਰਨ ਦੇ ਜੁਆਬ ਵਿੱਚ ਉਨ੍ਹਾਂ ਗੋਲ ਮੋਲ ਜੁਆਬ ਦੇ ਕੇ ਸਾਰਦਿਆ ਕਿਹਾ ਕਿ ਅਸੀ ਸਾਰਾ ਹਿਸਾਬ ਕਿਤਾਬ ਲਾ ਲਿਆ ਹੈ ਕਿ ਇਹ ਰਾਸ਼ੀ ਕਿੱਥੌ ਆਉਣੀ ਹੈ। ਪੰਜਾਬ ਸਿਰ ਚੜੇ੍ਹ ਕਰਜੇ ਨੂੰ ਉਤਾਰਨ ਦਾ ਹਾਸੋਹੀਣਾ ਤਰਕ ਦਿੰਦਿਆਂ ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਸੂਬੇ ਦੇ ਮਾਫੀਏ ਨੂੰ ਨੱਥ ਪਾ ਕੇ ਕਰਜਾ ਉਤਾਰੇਗੀ, ਜੋ ਤਰਕਹੀਣ ਕਿਹਾ ਜਾ ਸਕਦਾ ਹੈ। ਇਕੱਠ ਕਰਨ ਲਈ ਬਾਹਰੋ ਲੋਕ ਮੰਗਵਾ ਕੇ ਜਾਂ ਦੂਜੀਆਂ ਪਾਰਟੀਆਂ ਚੋ ਆਏ ਵਰਕਰਾਂ ਦੇ ਜੈਕਾਰਿਆਂ ਨਾਲ ਜੈ ਜੈ ਕਾਰ ਕਰਵਾਈ ਗਈ। ਸਥਾਨਿਕ ਵਰਕਰਾਂ ਨੂੰ ਵਪਾਰੀ ਬਣਾ ਕੇ ਸਵਾਲ ਕਰਨ ਲਈ ਖੜ੍ਹੇ ਕੀਤਾ ਗਿਆ ਜੋ ਤਕਰੀਰਾਂ ਕਰਨ ਲੱਗੇ, ਜਿਨ੍ਹਾ ਨੂੰ ਪੱਤਰਕਾਰਾਂ ਵਲੋਂ ਟੋਕਾ ਟਾਕੀ ਕਰਨ ‘ਤੇ ਸਟੇਜ ਸੈਕਟਰੀ ਵਲੋਂ ਵਰਜਿਆ ਗਿਆ। ਇੱਕ ਬੁਲਾਰੇ ਵਲੋਂ ਗਿਆਸਪੁਰਾ ਨੂੰ ਮਹਾਂਪੁਰਸ਼ ਅਤੇ ਕੁਵਰ ਵਿਜੇ ਪ੍ਰਤਾਪ ਨੂੰ ਬ੍ਰਹਮ ਗਿਆਨੀ ਕਹਿ ਕੇ ਸੰਬੋਧਨ ਕੀਤਾ ਗਿਆ। ਟਿਕਟ ਦੇ ਦੂਜੇ ਦਾਅਵੇਦਾਰ ਬਲਜਿੰਦਰ ਸਿੰਘ ਚੌਦਾਂ ਹਾਜ਼ਰੀ ਲਵਾ ਕੇ ਚਲੇ ਗਏ। ਮਨਵਿੰਦਰ ਸਿੰਘ ਗਿਆਸਪੁਰਾ ਨੇ ਜੀ ਆਇਆ ਨੂੰ ਆਖਿਆ।
ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਦੋ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਸ਼ੁਰੂ ਹੋਇਆ ਤਾਂ ਉਹ ਗਿਆਸਪੁਰੇ ਨਾਲ ਖੜ੍ਹਨਗੇ, ਕਿਉਕਿ ਗਿਆਸਪੁਰੇ ਨੇ ਉਨ੍ਹਾ ਦੇ ਮਾੜੇ ਸਮੇਂ ਭਾਵ, ਬੇਅਦਬੀ ਮਾਮਲੇ ਵਿੱਚ ਕੀਤੀ ਜਾਂਚ ਦੇ ਮਾਮਲੇ ਵਿੱਚ ਸਾਥ ਦਿੱਤਾ ਸੀ। ਜਦੋ ਸਵਾਲ ਕੀਤਾ ਗਿਆ ਕਿ ਕੀ ਗਿਆਸਪੁਰਾ ਦੀ ਟਿਕਟ ਪੱਕੀ ਹੈ ਤਾਂ ਉਨ੍ਹਾ ਕਿਹਾ ਕਿ ਹਾਲੇ ਵੀ ਕੋਈ ਸ਼ੱਕ ਹੈ। ਭਾਵ ਕਿ ਗਿਆਸਪੁਰੇ ਨੂੰ ਹਲਕਾ ਪਾਇਲ ਦੀ ਟਿਕਟ ਯੋਗਤਾ ਦੇ ਅਧਾਰ ਉਪਰ ਨਹੀ ਦਿੱਤੀ ਗਈ ਬਲਕਿ ਕੁੰਵਰ ਵਿਜੇ ਪ੍ਰਤਾਪ ਵਲੋਂ ਨਿੱਜੀ ਮੱਦਦ ਕਰਨ ਦਾ ਕਰਜ ਉਤਾਰਨ ਲਈ ਹੀ ਟਿਕਟ ਦੇ ਕੇ ਨਿਵਾਜਿਆ ਗਿਆ। ਜੋ ਆਮ ਆਦਮੀ ਪਾਰਟੀ ਦੇ ਸਿਧਾਂਤ ਦੀ ਕਸੌਟੀ ਪਾਸੇ ਰੱਖ ਕੇ, ਨਿੱਜੀ ਹਿੱਤਾਂ ਦੀ ਪੂਰਤੀ ਲਈ ਹਲਕੇ ਤੋਂ ਬਾਹਰੀ ਉਮੀਦਵਾਰ ਨੂੰ ਟਕਸਾਲੀ ਵਰਕਰਾਂ ਉਪਰ ਥੋਪਿਆ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਵਲੋਂ ਗਿਆਸਪੁਰਾ ਨੂੰ ਟਿਕਟ ਦੇਣ ਦਾ ਖੁਲਾਸਾ ਕਰਨਾ ਪਾਰਟੀ ਹਾਈ ਕਮਾਨ ਦੇ ਵਲੋਂ ਦਿੱਤਾ ਗਿਆ ਇਸ਼ਾਰਾ ਕੀ ਗੁਲ ਖਿਲਾਏਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਵਾਲ ਪੈਦਾ ਹੁੰਦਾ ਹੈ ਕਿ ਕੀ ‘ਆਪ’ ਨੂੰ ਹਲਕਾ ਪਾਇਲ ਅੰਦਰ ਕੋਈ ਯੋਗ ਉਮੀਦਵਾਰ ਨਹੀ ਲੱਭਾ, ਜਿਸ ਕਰਕੇ ਬਾਹਰੀ ਉਮੀਦਵਾਰ ਨੂੰ ਹਲਕਾ ਪਾਇਲ ਤੋਂ ਟਿਕਟ ਦਿੱਤੀ ਗਈ।ਲੋਕ ਚਰਚਾਵਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ‘ਆਪ’ ਵਿੱਚ ਅੰਦਰੂਨੀ ਸਿਆਸੀ ਜੰਗ ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ, ਜੋ ਆਪ ਉਮੀਦਵਾਰ ਦੀ ਚੋਣ ਪ੍ਰਕ੍ਰਿਆ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ, ਅਨਿਲ ਠਾਕੁਰ, ਧਰਮਿੰਦਰ ਸਿੰਘ ਰੂਪਰਾਏ, ਗੁਰਦਰਸ਼ਨ ਸਿੰਘ ਕੂਹਲੀ, ਕੈਪਟਨ ਰਾਮਪਾਲ ਸਿੰਘ ਬੀਜਾ, ਨਵਜੋਤ ਸਿੰਘ ਜਰਗ, ਹਰਜੀਤ ਸਿੰਘ ਖਰੇ, ਰਣਜੀਤ ਸਿੰਘ ਟਿਵਾਣਾ, ਸੁਖਵਿੰਦਰ ਸਿੰਘ ਨੋਨਾ, ਹਰਜੀਤ ਸਿੰਘ ਮਾਂਗਟ, ਦਵਿੰਦਰ ਸਿੰਘ, ਜਰਨੈਲ ਸਿੰਘ, ਮੋਹਣ ਲਾਲ, ਟੋਨਾ ਦੋਰਾਹਾ, ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ