ਚੰਡੀਗੜ੍ਹ, 3 ਦਸੰਬਰ, 2021:
ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਇਸ ਸੰਬੰਧੀ ਐਲਾਨ ਮੂਸੇਵਾਲਾ ਨੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ, ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਚੌਧਰੀ, ਕੈਬਨਿਟ ਮੰਤਰੀ ਸ: ਅਮਰਿੰਦਰ ਸਿੰਘ ਰਾਜਾ ਵੜਿੰਗ, ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ਵਿੱਚ ਪੰਜਾਬ ਭਵਨ ਵਿਖ਼ੇ ਰੱਖੇ ਗਏ ਇਕ ਵਿਸ਼ੇਸ਼ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਇਸ ਮੌਕੇ ਮੂਸੇਵਾਲਾ ਵੱਲੋਂ ਆਪਣੇ ਗੀਤਾਂ ਰਾਹੀਂ ‘ਬੰਦੂਕ ਸਭਿਆਚਾਰ’ ਨੂੰ ਪ੍ਰਮੋਟ ਕੀਤੇ ਜਾਣ ਸੰਬੰਧੀ ਸਵਾਲ ਦਾ ਸਿੱਧੂ ਮੂਸੇਵਾਲਾ ਨੇ ਕੋਈ ਉੱਤਰ ਨਹੀਂ ਦਿੱਤਾ ਅਤੇ ਪੱਤਰਕਾਰ ਸੰਮੇਲਨ ਸਮਾਪਤ ਕਰ ਦਿੱਤਾ ਗਿਆ ਪਰ ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਸ ਕਿਸੇ ’ਤੇ ਵੀ ਹੋ ਸਕਦੇ ਹਨ, ਇਸ ਨਾਲ ਉਹ ਦੋਸ਼ੀ ਨਹੀਂ ਬਣ ਜਾਂਦਾ ਅਤੇ ‘ਸਬ ਜੁਡਿਸ’ ਕੇਸਾਂ ’ਤੇ ਬਹੁਤੀ ਟਿੱਪਣੀ ਨਹੀਂ ਕੀਤੀ ਜਾ ਸਕਦੀ।
ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਸੀ ਕਿ ਮੁੱਖ ਮੰਤਰੀ ਸ: ਚੰਨੀ ਦੇ ‘ਫ਼ੈਨ’ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਵੀ ਚਰਚਾ ਹੈ ਕਿ ਉਹ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣ ਲੜ ਸਕਦੇ ਹਨ।
ਇਸ ਮੌਕੇ ਸ: ਚੰਨੀ, ਸ: ਸਿੱਧੂ ਅਤੇ ਸ੍ਰੀ ਰਾਜਾ ਵੜਿੰਗ ਨੇ ਮੂਸੇਵਾਲਾ ਦਾ ਕਾਂਗਰਸ ਵਿੱਚ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਰਾਜਾ ਵੜਿੰਗ ਦੇ ਮੂਸੇਵਾਲਾ ਨਾਲ ਨਜ਼ਦੀਕੀ ਸੰਬੰਧ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਹੀ ਹਾਈਕਮਾਨ ਦੇ ਆਗੂਆਂ ਨਾਲ ਮੂਸੇਵਾਲਾ ਦੀ ਦਿੱਲੀ ਵਿਖ਼ੇ ਮੁਲਾਕਾਤ ਕਰਵਾਈ ਜਾਵੇਗੀ। ਮੂਸੇਵਾਲਾ ਨੂੰ ਕੌਮਾਂਤਰੀ ਪੱਧਰ ਦਾ ਕਲਾਕਾਰ ਦੱਸਦੇ ਹੋਏ ਸ: ਸਿੱਧੂ ਨੇ ਕਿਹਾ ਕਿ ਮੂਸੇਵਾਲਾ ਦੀ ਹਰਮਨਪਿਆਰਤਾ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਹੈ।
ਮੁੱਖ ਮੰਤਰੀ ਸ:ਚੰਨੀ ਨੇ ਇਸ ਮੌਕੇ ਕਿਹਾ ਕਿ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਦਿਨ ਹੈ ਜਦ ਇਕ ਆਮ ਵਿਅਕਤੀ ਜੋ ਕੌਮਾਂਤਰੀ ਪੱਧਰ ’ਤੇ ਮਕਬੂਲ ਹੋਇਆ ਹੈ, ਉਹ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦਾ ‘ਬੰਬੀਹਾ ਬੋਲੇਗਾ’।
ਇਸ ਮੌਕੇ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਸਨੇ ਤਿੰਨ ਚਾਰ ਸਾਲ ਪਹਿਲਾਂ ਸੰਗੀਤਕ ਸਫ਼ਰ ਸ਼ੁਰੂ ਕੀਤਾ ਸੀ ਅਤੇ ਪੰਜਾਬੀ ਗ਼ੀਤਾਂ ਨੂੂੰ ਬੁਲੰਦੀਆਂ ’ਤੇ ਪੁਚਾਇਆ ਹੈ। ਉਹਨਾਂ ਕਿਹਾ ਕਿ ਹੁਣ ਉਹ ਇਕ ਨਵੀਂ ਦੁਨੀਆਂ ਵਿੱਚ ਸ਼ੁਰੂਆਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਖਿੱਤੇ ਦੇ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਵੱਲ ਵੇਖ਼ਦੇ ਹਨ।
ਮੂਸੇਵਾਲਾ ਨੇ ਆਖ਼ਿਆ ਕਿ ਹੋਰ ਪੰਜਾਬ ਬਹੁਤ ਤਰੱਕੀ ਕਰ ਗਿਐ ਪਰ ਮਾਨਸਾ ਅੱਗੇ ਨਹੀਂ ਆ ਸਕਿਆ ਅਤੇ ਇਹ ਲੋੜ ਹੈਕਿ ਕੁਝ ਸੁਧਾਰਣਾ ਹੈ ਤਾਂ ਸਿਸਟਮ ਦਾ ਹਿੱਸਾ ਬਣਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵਿੱਚ ਇਸ ਲਈ ਸ਼ਾਮਲ ਹੋਏ ਹਨ ਕਿਉਂਕਿ ਇਸ ਪਾਰਟੀ ਵਿੱਚ ਹੀ ਆਮ ਘਰਾਂ ਤੋਂ ਉੱਠੇ ਹੋਏ ਲੋਕਾਂ ਨੂੰ ਉਭਰਣ ਦਾ ਮੌਕਾ ਮਿਲਦਾ ਹੈ। ਉਨ੍ਹਾਂਨੇ ਇਸ ਮਾਮਲੇ ਵਿੱਚ ਸ੍ਰੀ ਰਾਜਾ ਵੜਿੰਗ ਦੀ ਮਿਸਾਲ ਵੀ ਦਿੱਤੀ। ਉਨ੍ਹਾਂ ਆਖ਼ਿਆ ਕਿ ਲੋਕਾਂ ਨੇ ਜਿਵੇਂ ਉਸਨੂੰ ਸੰਗੀਤ ਦੇ ਖ਼ੇਤਰ ਵਿੱਚ ਅਸ਼ੀਰਵਾਦ ਦਿੱਤਾ ਹੈ, ਇਸ ਖ਼ੇਤਰ ਵਿੱਚ ਵੀ ਉਹੀ ਪਿਆਰ ਦੇਣਗੇ।
Author: Gurbhej Singh Anandpuri
ਮੁੱਖ ਸੰਪਾਦਕ