ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ ਜਿਸ ਵਿਚ ਗਿੱਪੀ ਗਰੇਵਾਲ ਨੇ ਇੱਕ ਅਜਿਹੇ ਬੇਪ੍ਰਵਾਹ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਪਿੰਡ ਦੀਆਂ ਸੋਹਣੀਆਂ ਜਨਾਨੀਆਂ ਦਾ ਝਾਕਾ ਲੈਣ ਦਾ ਆਦੀ ਹੈ।ਫਿਲਮ ਵਿੱਚ ਇਕ ਨਹੀਂ ਬਲਕਿ ਅਨੇਕਾਂ ਨਾਮਵਰ ਹੀਰੋਇਨਾਂ ਵਿਖਾਈ ਦਿੰਦੀਆਂ ਹਨ ਜੋ ਸਮੇਂ-ਸਮੇਂ ਸਿਰ ਗਿਰਧਾਰੀ ਲਾਲ ਦੀ ਜਿੰਦਗੀ ‘ਚ ਆਉਂਦੀਆਂ ਹਨ। ਫਿਲਮ ‘ਚ ਪਿੰਡ ਦਾ ਕਲਚਰ ਵਿਖਾਉਣ ਲਈ 1940 ਦੇ ਸਮੇਂ ਦੇ ਪੁਰਾਣੇ ਘਰਾਂ ਦਾ ਸੈੱਟ ਲਿਆ ਗਿਆ ਹੈ। ਟਰੇਲਰ ਮੁਤਾਬਕ ਇਹ ਫਿਲਮ ਇੱਕ ਸਧਾਰਨ ਕਿਸਮ ਦੇ ਛੜੇ ਬੰਦੇ ਦੇ ਹਸੀਨ ਸੁਪਨਿਆਂ ਦੀ ਕਹਾਣੀ ਪੇਸ਼ ਕਰਦੀ ਹੈ ਜਿਸਨੂੰ ਪਿੰਡ ਦੀਆਂ ਸਾਰੀਆਂ ਜਨਾਨੀਆਂ ਚੰਗੀਆਂ ਲੱਗਦੀਆਂ ਹਨ ਪਰ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਆਪਣੇ ਆਪ ਨੂੰ ਚੰਗਾ ਵਿਖਾਉਣ ਲਈ ਗਿਰਧਾਰੀ ਲਾਲ ਜੋ ਸਕੀਮਾਂ ਘੜ੍ਹਦਾ ਹੈ ਉਹੋ ਫਿਲਮ ਦੀ ਰੌਚਕਤਾ ਨੂੰ ਵਧਾਉਂਦੀਆਂ ਹਨ। ਫਿਲਮ ਦਾ ਗੀਤ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ।ਗਿੱਪੀ ਗਰੇਵਾਲ ਵਲੋਂ ਖੁਦ ਡਾਇਰੈਕਟ ਕੀਤੀ ਇਸ ਫ਼ਿਲਮ ਵਿਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਯਾਮੀ ਗੌਤਮ, ਤਨੂ ਗਰੇਵਾਲ, ਸੁਰੀਲੀ ਗੌਤਮ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ ।’ਸ਼ਾਵਾ ਨੀ ਗਿਰਧਾਰੀ ਲਾਲ’ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਹੈ ਅਤੇ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਹਨ।ਇਸ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖਿਆ ਹੈ ਅਤੇ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ ਨੇ ਲਿਖੇ ਹਨ। ਨਾਮੀ ਗੀਤਕਾਰ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਸੁਨੀਧੀ ਚੌਹਾਨ ਅਤੇ ਜੀ ਖਾਨ ਨੇ ਗਾਇਆ ਹੈ।ਆਉਣ ਵਾਲੀ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਪੰਜਾਬੀ ਦਰਸ਼ਕਾਂ ਲਈ ਮਨੋਰੰਜਨ ਦੀ ਇੱਕ ਨਵੀਂ ਸੌਗਾਤ ਹੋਵੇਗੀ।ਹਰਜਿੰਦਰ ਸਿੰਘ ਜਵੰਦਾ
Author: Gurbhej Singh Anandpuri
ਮੁੱਖ ਸੰਪਾਦਕ