ਭਾਈ ਵੀਰ ਸਿੰਘ ਇੱਕ ਮਹਾਨ ਕਵੀ ਤੇ ਦਾਰਸ਼ਨਿਕ ਵਿਦਵਾਨ ਸਨ ਇਨ੍ਹਾ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਰਚੇਤਾ ਵੀ ਕਿਹਾ ਜਾਂਦਾ ਹੈ ਕਿਓਂਕਿ ਇਨ੍ਹਾ ਨੇ ਪੰਜਾਬੀ ਸਾਹਿਤ ਨੂੰ ਪ੍ਰੰਪਰਾਵਾਦੀ ਲੀਂਹਾਂ ਤੋਂ ਆਧੁਨਿਕ ਲੀਂਹਾਂ ਤੇ ਪਾਇਆ। ਭਾਈ ਵੀਰ ਸਿੰਘ’ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਤੇ ਗੁਰਮਤਿ ਫਿਲਾਸਫੀ ਨਾਲ ਜੋੜਿਆ ਜਿਸ ਕਰਕੇ ਇਹਨਾਂ ਨੂੰ ‘ਭਾਈ ਜੀ’ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ, ਇਤਿਹਾਸ, ਜੀਵਨੀਆਂ, ਲੇਖਾਂ ਤੇ ਸਾਖੀਆਂ ਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈ: ਨੂੰ ਅਮ੍ਰਿਤਸਰ ਵਿਖੇ ਇਕ ਸਨਮਾਨਿਤ ਪਰਿਵਾਰ, ਡਾਕਟਰ ਚਰਨ ਸਿੰਘ ਦੇ ਘਰ ਹੋਇਆ । ਇਸ ਘਰਾਣੇ ਦਾ ਸਬੰਧ ਸਿਖ ਇਤਿਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ। ਇਨ੍ਹਾ ਦੇ ਪਿਤਾ ਡਾਕਟਰ ਚਰਨ ਸਿੰਘ ਤੇ ਨਾਨਾ ਗਿਆਨੀ ਹਜ਼ਾਰਾ ਸਿੰਘ , ਸਿੰਘ ਸਭਾ ਲਹਿਰ ਦੇ ਆਗੂਆਂ ਵਿਚੋ ਸਨ । ਡਾਕਟਰ ਚਰਨ ਸਿੰਘ ਹਿੰਦੀ ਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਲਿਖਾਰੀ ਸਨ । ਗਿਆਨੀ ਹਜ਼ਾਰਾ ਸਿੰਘ ਵੀ ਸਥਾਪਕ ਅਨੁਵਾਦਕ ਤੇ ਕਵੀ ਸਨ । ਜਿਨ੍ਹਾ ਨੇ ਉਰਦੂ-ਫ਼ਾਰਸੀ ਦੀਆਂ ਬਹੁਤ ਸਾਰੀਆਂ ਪੁਸਤਕਾ ਦਾ ਅਨੁਵਾਦ ਆਪਣੀ ਭਾਸ਼ਾ ਵਿਚ ਕੀਤਾ ਜਿਨ੍ਹਾ ਵਿਚੋ “ਗੁਲ੍ਸਿਤਾਂ” ਤੇ “ਬੋਸਤਾਂ” ਵਿਸ਼ਵ ਪ੍ਰਸਿਧ ਪੁਸਤਕਾਂ ਸਨ, ਜਿਨ੍ਹਾ ਦਾ ਉਨ੍ਹਾ ਨੇ ਪੰਜਾਬੀ ਕਾਵ-ਰੂਪੀ ਅਨੁਵਾਦ ਕੀਤਾ । ਭਾਈ ਵੀਰ ਸਿੰਘ ਦਾ ਬਚਪਨ ਦਾ ਕਾਫੀ ਹਿਸਾ ਆਪਣੇ ਨਾਨਾ ਹਜ਼ਾਰਾ ਸਿੰਘ ਦੇ ਸਾਏ ਥਲੇ ਬੀਤਿਆ । ਇਕ ਦਿਨ ਉਨ੍ਹਾ ਨੇ ਆਪਣੇ ਨਾਨਾ ਨੂੰ ਕਿਹਾ,’ ਤੁਸੀਂ ਲੋਕਾਂ ਦੀਆਂ ਰਚਨਾਵਾਂ ਦਾ ਉਲਥਾ ਕਰਦੇ ਰਹਿੰਦੇ ਹੋ ਆਪਣੀ ਕਿਤਾਬ ਕਿਓਂ ਨਹੀਂ ਲਿਖਦੇ । ਉਨ੍ਹਾ ਨੇ ਕਿਹਾ ,” ਬਰਖੁਰਦਾਰ ਮੈਂ ਤਾਂ ਨਹੀਂ ਕਰ ਸਕਿਆ ਪਰ ਤੂੰ ਜਰੂਰ ਕਰੇਂਗਾ । ਉਨ੍ਹਾ ਦੀ ਇਹ ਭਵਿਸ਼ ਵਾਣੀ ਸਚ ਨਿਕਲੀ ।
ਭਾਈ ਵੀਰ ਸਿੰਘ ਜੀ ਨੇ ਮੁਢਲੀ ਵਿਦਿਆਂ , ਉਰਦੂ ਫ਼ਾਰਸੀ ਇਕ ਮੁਲਾਂ ਤੋਂ ਸਿਖੀ । ਪੰਜਾਬੀ ਭਾਸ਼ਾ ਦਾ ਗਿਆਨ ਗਿਆਨੀ ਗਿਆਨ ਸਿੰਘ ਤੋਂ ਹਾਸਲ ਕੀਤਾ । ਅਠ ਸਾਲ ਦੀ ਉਮਰ ਵਿਚ ਗੁਰੂ ਗਰੰਥ ਸਾਹਿਬ ਦਾ ਸਹਿਜ ਪਾਠ ਮੁਕੰਬਲ ਕੀਤਾ । 1891 ਵਿੱਚ ਅਮ੍ਰਿਤਸਰ ਦੇ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ।
ਸਾਤਾਰਾਂ ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਅੰਮ੍ਰਿਤਸਰ ਦੇ ਨਾਰਾਇਣ ਸਿੰਘ ਦੀ ਸਪੁੱਤਰੀ ਚਤਰ ਕੌਰ ਨਾਲ ਹੋਇਆ। ਉਹਨਾਂ ਸਰਕਾਰੀ ਨੌਕਰੀ ਪਿੱਛੇ ਨਾ ਦੌੜ ਕੇ ਆਪਣੀ ਰੁਚੀ ਅਨੁਸਾਰ ਇੱਕ ਲੇਖਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸ਼ੁਰੂ ਵਿੱਚ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। ਆਪ ਨੇ 1892 ਈ: ਵਿੱਚ ਸਰਦਾਰ ਵਜੀਰ ਸਿੰਘ ਨਾਲ ਰਲ ਕੇ ‘ਵਜੀਰ ਹਿੰਦ ਪ੍ਰੈੱਸ ‘ ਚਲਾਇਆ। ਭਾਈ ਸਾਹਿਬ ਨੇ ਆਪਣੀ ਮੇਹਨਤ ,ਤੇ ਲਗਨ ਨਾਲ ਪ੍ਰੇਸ ਨੂੰ ਇਨਾ ਕਾਮਯਾਬ ਕੀਤਾ ਕਿ ਦੂਰੋਂ ਦੂਰੋਂ ਲੋਕ ਇਸ ਨੂੰ ਦੇਖਣ ਆਉਂਦੇ । 1890 ਵਿਚ ਉਹਨਾਂ ਨੇ ਹਫ਼ਤਾਵਰੀ ਖਾਲਸਾ ਸਮਾਚਾਰ ਅਖ਼ਬਾਰ ਸੁਰੂ ਕੀਤਾ । 1893 ਵਿਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰਖੀ ਗਈ ਜਿਸਨੇ ਮਾਸਿਕ ਪਰਚਾ “ਨਿਰਗੁਣੀਆਰਾ ” ਜਾਰੀ ਕੀਤਾ। ਪੰਜਾਬੀ ਦਾ ਇਹ ਪਹਿਲਾ ਪਰਚਾ ਹੈ ਜੋ ਨਿਰਵਿਘਨ ਪ੍ਰਕਾਸ਼ਿਤ ਹੋ ਰਿਹਾ ਹੈ ।
ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਨਹੀਂ ਕੀਤੀ ਪਰ ਸੰਸਕ੍ਰਿਤ, ਫ਼ਾਰਸੀ,ਉਰਦੂ, ਗੁਰਬਾਣੀ, ਸਿਖ ਇਤਿਹਾਸ ਤੇ ਹਿੰਦੂ ਇਤਿਹਾਸ ਦੇ ਫ਼ਲਸਫ਼ੇ ਦਾ ਬਖੂਬੀ ਅਧਿਅਨ ਕੀਤਾ । ਇਸ ਸਮੇਂ ਈਸਾਈ ਮਿਸਨਰੀਆਂ ਦੇ ਪ੍ਰਚਾਰ ਦੇ ਪ੍ਰਤਿਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਂਹੀ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਜੀ ਨੇ ਪਾਇਆ ।
ਭਾਈ ਵੀਰ ਸਿੰਘ ਸਿੰਘ ਸਭਾ ਲਹਿਰ ਦੇ ਪੈਦਾ ਕੀਤੇ ਵਿਦਵਾਨ ਤੇ ਸਹਿਤਕਾਰਾਂ ਵਿਚੋਂ ਸਿਰਮੋਰ ਸਨ । ਸਿੰਘ ਸਭਾ ਲਹਿਰ ਦਾ ਜਨਮ , ਸਿਖ ਸਮਾਜ ਵਿਚ ਆਈਆਂ ਸਿਧਾਂਤਿਕ ਕਮਜ਼ੋਰਿਆਂ ਤੇ ਅਮਲੀ ਗਿਰਾਵਟ ਤੋਂ ਹੋਇਆ । ਸਿਖ ਸਮਾਜ ਵਿਚ ਬ੍ਰਾਹਮਣ ਵਾਦ ਪੂਰੀ ਤਰਹ ਛਾਇਆ ਹੋਇਆ ਸੀ । ਜਿਨ੍ਹਾ ਵਹਿਮਾ ਭਰਮਾ , ਭੇਖਾਂ ਪਖੰਡਾ , ਰਸਮਾਂ ਰਿਵਾਜਾਂ ਤੋ ਗੁਰਮਤਿ ਨੇ ਵਰਜਿਆ ਸੀ, ਉਹ ਫਿਰ ਸਿਖ ਜੀਵਨ ਜਾਚ ਵਿਚ ਘਰ ਕਰ ਚੁਕੀਆਂ ਸੀ । ਆਪਜੀ ਨੇ ਕੋਮ ਨੂੰ ਜਾਗ੍ਰਿਤ ਕਰਨ ਲਈ ਲੋਕਾਂ ਨੂੰ ਆਪਣੇ ਅਮੀਰ ਵਿਰਸੇ ਤੋ ਜਾਣੂ ਕਰਵਾਇਆ ਅਤੇ ਦੋ ਆਦਰਸ਼ ਨੀਯਤ ਕੀਤੇ (1) ਵਿਦਿਆ ਪ੍ਰਚਾਰ (2) ਮਾਂ ਬੋਲੀ ਵਿਚ ਸਹਿਤ ਸਿਰਜਣਾ ।
ਵਿਦਿਆ ਪ੍ਰਚਾਰ ਲਈ ਆਪਣੇ ਐਜੂਕੇਸ਼ਨ ਕਮੇਟੀ ਦਾ ਗਠਨ ਕੀਤਾ । ਇਸ ਕਮੇਟੀ ਨੂੰ ਸਫਲ ਕਰਨ ਲਈ ਭਾਈ ਸਾਹਿਬ ਨੇ ਆਪਣੇ ਸਾਰੇ ਨਿਜੀ ਰੁਝੇਵਿਆਂ ਦਾ ਤਿਆਗ ਕਰਕੇ ਦਿਨ-ਰਾਤ ਇਕ ਕਰ ਦਿਤਾ । ਇਸ ਕਮੇਟੀ ਦੀ ਸਫਲਤਾ ਦਾ ਅੰਦਾਜ਼ਾ ਚੀਫ਼ ਖਾਲਸਾ ਦੀਵਾਨ ਵਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾ ਤੋ ਲਗਾਇਆ ਜਾ ਸਕਦਾ ਹੈ । ਕੋਮ ਨੂੰ ਜਾਗ੍ਰਿਤ ਕਰਨ ਤੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਭਾਈ ਸਾਹਿਬ ਨੇ ਆਪਣਾ ਸਾਰਾ ਜੀਵਨ ਸਹਿਤ ਸਿਰਜਨ ਤੇ ਲਗਾ ਦਿਤਾ । ਭਾਈ ਵੀਰ ਸਿੰਘ ਦੇ ਇਸ ਅਮੀਰ ਸਹਿਤ ਨੇ ਆਪਣੀ ਹਾਰੀ ਹੋਈ ਕੋਮ ਤੇ ਬੁਜ਼ਦਿਲ ਹੋ ਚੁਕੇ ਲੋਕਾਂ ਨੂੰ ਨਵ -ਜੀਵਨ ਪ੍ਰਦਾਨ ਕੀਤਾ । ਭਾਈ ਵੀਰ ਸਿੰਘ ਸਹਿਤ ਵਿਚ ਦੋ ਜੁਗਾਂ ਨੂੰ ਜੋੜਨ ਵਾਲੀ ਕੜੀ ਸਨ ਜਿਨ੍ਹਾ ਦੁਆਰਾ ਨਵੀਆਂ ਤੇ ਪੁਰਾਣੀਆਂ ਪਰੰਪਰਾਵਾ ਦਾ ਮੇਲ ਹੋਇਆ ਹੈ । ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਵਿਸ਼ਾ ਭਾਵੇਂ ਗੁਰਬਾਣੀ ਵਿੱਚੋਂ ਲਿਆ ਹੈ,ਪਰ ਕਵਿਤਾ ਦਾ ਰੂਪ ਸੱਜਰਾ ਤੇ ਨਿਰੋਲ ਨਵਾਂ ਸੀ ।
ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਦੇ ਕਹਾਣੀ ਸਗ੍ਰੰਹਿ ਹਨ। ਇਨ੍ਹਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਹਨਾਂ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ। ਚਾਨਣ ਤੇ ਖੇੜਾ ਇਸ ਦੇ ਮੂਲ ਤੱਤ ਹਨ । ਕਈ ਕਵਿਤਾਵਾਂ ਵਿਚ ਭਾਈ ਵੀਰ ਸਿੰਘ ਨੇ ਮਨੁਖੀ ਜੀਵਨ ਦੇ ਰਹੱਸਾਂ ਨੂੰ ਪ੍ਰਕਿਰਤੀ ਰਾਹੀਂ ਖੋਲਿਆ ਹੈ,ਸਝਾਊ ਕਥਨਾਂ ਦੀ ਸਥਾਪਨਾ ਕੀਤੀ ਹੈ;–
“ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪਟ ਸੁਟਾਂ,
ਪਰ ਜੋ ਝੁਕੇ ਵਗੇ ਰਊਂ ਰੁਖ ਨੂੰ ਪੇਸ਼ ਨ ਉਸਤੇ ਜਾਵੇ ।”
ਭਾਈ ਸਾਹਿਬ ਦੀ ਕਵਿਤਾ ਦਾ ਮੁਖ ਵਿਸ਼ਾ ਪ੍ਰਭੂ ਪਿਆਰ ਹੈ ਤੇ ਇਸ ਦਾ ਸੋਮਾ ਹੈ ਗੁਰਬਾਣੀ । ਹਰ ਵਿਚਾਰਕ ਤੇ ਅਲੋਚਕ ਇਸ ਗਲ ਨਾਲ ਸਹਿਮਤ ਹੈ ਕਿ ਭਾਈ ਵੀਰ ਸਿੰਘ ਸਿੱਖ ਪਹਿਲਾਂ ਤੇ ਕਵੀ ਬਾਅਦ ਵਿਚ ਸਨ । ਆਪ ਦੀ ਕਵਿਤਾ ਉਹ ਦਰਪਣ ਹੈ ਜਿਸ ਵਿਚ ਗੁਰਮਤਿ ਸਾਹਿਤ ਤੇ ਭਾਈ ਵੀਰ ਸਿੰਘ ਸਾਹਿਤ ਦਾ ਡੂੰਘਾ ਸੰਬੰਧ ਹੈ ,ਜਿਸ ਨੂੰ ਪ੍ਰੋਫ਼ੇਸਰ ਪੂਰਨ ਸਿੰਘ ਨੇ ਗੁਰੂ ਨਾਨਕ ਦੇ ਮੰਦਰਾਂ ਦੇ ਆਲੇ-ਦੁਆਲੇ ਉਸਾਰਿਆ ਸਹਿਤ ਕਿਹਾ ਹੈ ।
ਅਧਿਆਤਮਿਕ ਕਵਿਤਾ ਦਾ ਪ੍ਰਧਾਨ ਵਿਸ਼ਾ ਇਹੀ ਰਿਹਾ ਹੈ ਕਿ ਪ੍ਰਮਾਤਮਾ ਨੇ ਜੀਵ ਨੂੰ ਇਸ ਲੋਕ ਵਿਚ ਆਪਣੇ ਹੁਕਮ ਅਨੁਸਾਰ ਭੇਜਿਆ ਹੈ,ਜਦੋਂ ਉਸ ਦੀ ਇੱਛਾ ਹੁੰਦੀ ਹੈ ਇਹ ਜੀਵਾਂ ਨੂੰ ਪ੍ਰਲੋਕ ਵਿਚ ਬੁਲਾ ਸਕਦਾ ਹੈ । ਪ੍ਰਮਾਤਮਾ ਦੇ ਇਸ ਲੱਛਣ ਨੂੰ ਗੁਰਮਤਿ ਵਿਚ ਇਸ ਤਰ੍ਹਾਂ ਪ੍ਰਗਟਾਇਆ ਹੈ:-
ਘੱਲੇ ਆਵਹਿ ਨਾਨਕਾ॥ ਸੱਦੇ ਉਠਿ ਜਾਹਿ॥
ਭਾਈ ਵੀਰ ਸਿੰਘ ਨੇ ਜੀਵ ਦੇ ਸੰਬੰਧ ਵਿਚ ਪ੍ਰਮਾਤਮਾ ਦੀ ਇਸ ਸਮਰੱਥਾ ਤੇ ਲੀਲਾ ਦਾ ਨਿਰੂਪਣ ਬਹੁਤ ਕਵਿਤਾਵਾਂ ਵਿਚ ਕੀਤਾ ਹੈ:–
“ਘੱਲੇ ਸੱਦੇ ਪਾਤਿਸ਼ਾਹ, ਇਥੇ ਉਥੇ ਆਪ,
ਅਸਰ ਖੇਡ ਮੈ ਉਸ ਦੀ, ਖੇਡ ਖਿਡਾਵੇ ਬਾਪ ।”
ਆਪ ਜੀ ਦੀਆਂ ਰਚਨਾਵਾਂ
ਗਲਪ
ਸੁੰਦਰੀ (1898)
ਬਿਜੈ ਸਿੰਘ (1899)
ਸਤਵੰਤ ਕੋਰ ਦੋ ਭਾਗ(1890 ਤੇ 1927)
ਸਤ ਔਖੀਆਂ ਰਾਤਾਂ (1919)
ਬਾਬਾ ਨੋਧ ਸਿੰਘ (1921)
ਰਾਣਾ ਭਬੋਰ
ਗੈਰ-ਗਲਪ
ਜੀਵਨੀਆਂ
ਸ੍ਰੀ ਕਲਗੀਧਰ ਚਮਤਕਾਰ (1925)
ਪੁਰਾਤਨ ਜਨਮ ਸਾਖੀ (1926)
ਸ੍ਰੀ ਗੁਰੂ ਨਾਨਕ ਚਮਤਕਾਰ (1928)
ਭਾਈ ਝੰਡਾ ਜਿਉ (1933)
ਭਾਈ ਭੂਮੀਆ ਤੇ ਕਲਜੁਗ ਦੀ ਸਾਖੀ (1936)
ਸੰਤ ਗਾਥਾ (1938)
ਸ੍ਰੀ ਅਸ਼ਟ ਗੁਰੂ ਚਮਤਕਾਰ (1952)
ਗੁਰੁਸਿਖ ਵਾੜੀ (1951)
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ(1955)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ (1955)
ਟੀਕੇ ਅਤੇ ਹੋਰ
ਸਿਖਾਂ ਦੀ ਭਗਤ ਮਾਲਾ 1912)
ਪ੍ਰਾਚੀਨ ਪੰਥ ਪ੍ਰਕਾਸ਼ (1914)
ਗੰਜ-ਨਾਮਾ ਸਟੀਕ (1914)
ਸ੍ਰੀ ਗੁਰ ਗਰੰਥ ਕੋਸ਼ (1927)
ਸ੍ਰੀ ਗੁਰਪ੍ਰਤਾਪ ਸੂਰਜ ਗਰੰਥ ਸਟਿਪਣ (1927 -1935 ) ਟਿਪਣੀਆ ਸਹਿਤ 14 ਜਿਲਦਾਂ ਵਿੱਚ ਇਸ ਗ੍ਰੰਥ ਨੂੰ ਪ੍ਰਕਾਸ਼ਤ ਕੀਤਾ
ਦੇਵੀ ਪੂਜਨ ਪੜਤਾਲ (1932)
ਪੰਜ ਗ੍ਰੰਥੀ ਸਟੀਕ (1940)
ਕਬਿਤ ਭਾਈ ਗੁਰਦਾਸ (1940)
ਵਾਰਾਂ ਭਾਈ ਗੁਰਦਾਸ
ਬਨ -ਜੁਧ
ਸਾਖੀ-ਪੋਥੀ (1950)
ਕਵਿਤਾ
ਦਿਲ-ਤਰੰਗ (1920)
ਤ੍ਰੇਲ ਤੁਪਕੇ (1921)
ਲਹਿਰਾਂ ਦੇ ਹਾਰ (1921)
ਮਟਕ ਹੁਲਾਰੇ (1922)
ਬਿਜਲੀਆਂ ਦੇ ਹਾਰ (1927)
ਪ੍ਰੀਤ ਵੀਣਾ
ਮੇਰਿਆ ਸਾਈਆਂ ਜਿਉ (1953)
1891 ਤੋਂ ਲੈਕੇ ਆਪਣੇ ਆਖਰੀ ਸਮੇ ਤਕ ਲਗਪਗ 200 ਟ੍ਰੈਕਟਾਂ ਦੀ ਰਚਨਾ ਕੀਤੀ ।
ਭਾਈ ਵੀਰ ਸਿੰਘ ਬਹੁਤ ਸਾਰੀਆਂ ਸੰਸਥਾਵਾ ਦੇ ਸੰਸਥਾਪਕ , ਸੰਚਾਲਕ ਤੇ ਮੈਂਬਰ ਸਨ ਜਿਨ੍ਹਾ ਵਿਚੋ ਪ੍ਰਮੁਖ ਖਾਲਸਾ ਟ੍ਰੈਕਟ ਸੋਸਾਇਟੀ (1893) ਚੀਫ਼ ਖਾਲਸਾ ਦੀਵਾਨ ਅਮ੍ਰਿਤਸਰ (1901) ਸੈਂਟਰਲ ਖਾਲਸਾ ਯਤੀਮਖਾਨਾ (1904) ਸਿਖ ਐਜੂਕੇਸ਼ਨ ਕਮੇਟੀ ਤੇ ਸੈਂਟਰਲ ਖਾਲਸਾ ਪ੍ਰਚਾਰਕ ਵਿਦਿਆਲਾ ਤਰਨਤਾਰਨ (1908) ਗੁਰੂਦਵਾਰਾ ਹੇਮਕੁੰਟ ਟ੍ਰਸਟ (1926) ਸੈਂਟਰਲਸੂਰਮਾ ਸਿੰਘ ਆਸ਼ਰਮ (1935) ਫਰੀ ਹੋਮੋਪੇਥਿਕ ਹਸਪਤਾਲ (1943) ਆਦਿ । ਪੰਥਕ ਸੰਸਥਾਵਾ ਖਾਲਸਾ ਕਾਲਜਾਂ ਨੂੰ ਅਮ੍ਰਿਤਸਰ ਪੰਥਕ ਪ੍ਰਬੰਧ ਵਿਚ ਲਿਆਉਣ ਤੇ ਪੰਜਾਬ ਐਂਡ ਸਿੰਧ ਬੈੰਕ ਆਰੰਭ ਕਰਨ ਵਿਚ ਭਾਈ ਵੀਰ ਸਿੰਘ ਦਾ ਵਡਾ ਹਥ ਹੈ ।
ਆਪਜੀ ਦੀਆਂ ਕਲਮੀ ਸੇਵਾਵਾਂ ਅਥਵਾ ਸਹਿਤਕ ਕਿਰਤਾਂ ਨੂੰ ਪੰਜਾਬੀਆਂ ਨੇ ਦਿਲ ਖੋਲ ਕੇ ਸਮਰਥਨ ਦਿਤਾ । ਬਹੁ ਸਾਰੀਆਂ ਲਿਖਤਾਂ ਦਾ ਹਿੰਦੀ ਤੇ ਅੰਗਰੇਜ਼ੀ ਵਿਚ ਅਨੁਵਾਦ ਵੀ ਹੋਇਆ । ਲਹਿਰਾਂ ‘ ਦੇ ਹਾਰ ਤੇ ਕੁਝ ਹੋਰ ਕਵਿਤਾਵਾਂ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਪ੍ਰਸਿਧ ਦਾਰਸ਼ਨਿਕ ਕਵੀ ਪ੍ਰੋਫ਼ੇਸਰ ਪੂਰਨ ਸਿੰਘ ਜੀ ਨੇ ਕੀਤਾ ।
‘ਮੇਰਿਆ ਸਾਈਆਂ ਜਿਉ’ ਨੂੰ ਸਹਿਤ ਅਕੇਡਮੀ ਦਾ ਸਨਮਾਨ ਪ੍ਰਾਪਤ ਹੋਇਆ । 1949 ਵਿਚ ਪੰਜਾਬੀ ਯੂਨੀਵਰਸਿਟੀ ਭਾਈ ਸਾਹਿਬ ਨੂੰ ਸਹਿਤਕ ਕਿਰਤਾਂ ਵਜੋਂ ਡਾਕਟਰ ਆਫ ਓਰੀਐਨਟਲ ਲਿਟਰੇਚਰ ਦੀ ਡਿਗਰੀ ਪ੍ਰਦਾਨ ਕੀਤੀ ਗਈ । 1952 ਵਿਚ ਹੋਈ ਸਿਖ ਵਿਦਿਅਕ ਕਾਨਫਰੰਸ ਸਮੇ ਇਨ੍ਹਾ ਨੂੰ ਅਭਿਨੰਦਨ ਗ੍ਰੰਥ ਭੇਟਾ ਕੀਤਾ ਗਿਆ । ਇਸੇ ਸਾਲ ਇਨ੍ਹਾ ਨੂੰ ਪੰਜਾਬ ਲੇਜਿਸਲੇਟਿਵ ਕੋਂਸਲ ਦਾ ਸਰਕਾਰੀ ਤੋਰ ਤੇ ਮੇੰਬਰ ਨਾਮਜਦ ਕੀਤਾ ਗਿਆ । 1956 ਈ ਗਣਰਾਜ ਦਿਵਸ ਤੇ ਭਾਰਤ ਸਰਕਾਰ ਵਲੋਂ ਭਾਈ ਵੀਰ ਸਿੰਘ ਨੂੰ ਪਦਮ ਭੂਸ਼ਨ ਦਿਤਾ ਗਿਆ ।
ਜੂਨ 1957 ਦੇ ਪਹਿਲੇ ਹਫਤੇ ਇਨ੍ਹਾ ਨੂੰ ਬੁਖਾਰ ਹੋ ਗਿਆ ਜੋ ਜਾਨ ਲੇਵਾ ਸਾਬਤ ਹੋਇਆ । ਡਾਕਟਰਾਂ ਨੇ ਇਨ੍ਹਾ ਨੂੰ ਮੁਕੰਬਲ ਆਰਾਮ ਕਰਨ ਲਈ ਕਿਹਾ ਪਰ ਜੇਹੜੇ ਇਹ ਉਪਦੇਸ਼ ਕਰਦੇ ਹੋਣ ਉਹ ਆਰਾਮ ਨਾਲ ਕਿਵੇਂ ਬੈਠ ਸਕਦੇ ਹਨ –
ਸੀਨੇ ਖਿਚ ਜਿਨ੍ਹਾ ਨੇ ਖਾਧੀ , ਉਹ ਕਰ ਆਰਾਮ ਨਹੀਂ ਬਹਿੰਦੇ
ਨਿਹੁੰ ਵਾਲੇ ਨੈਣਾਂ ਕੀ ਨੀਦਰ ? ਉਹ ਦਿਨੇ ਰਾਤ ਪਏ ਵਹਿੰਦੇ
ਅੰਤ 10 ਜੂਨ 1957 ਇਹ ਕਵੀ ਸਭ ਨੂੰ ਅਲਵਿਦਾ ਕਹਿ ਕੇ ਇਸ ਦੁਨਿਆ ਤੋਂ ਵਿਦਾ ਹੋ ਗਿਆ । ਭਾਈ ਵੀਰ ਸਿੰਘ ਜੀ ਬੜੀ ਦਿਲ -ਖਿਚਵੀਂ ਸਖਸ਼ੀਅਤ ਸੀ । ਬੜੇ ਸਿਧੇ -ਸਾਦੇ ,ਕੋਈ ਮੇਰ -ਤੇਰ ਨਹੀਂ , ਜਿਸਦੇ ਸੰਪਰਕ ਵਿਚ ਆਉਂਦੇ ਆਪਣਾ ਬਣਾ ਲੈਂਦੇ । ਉਨ੍ਹਾ ਨੇ ਆਪਣੀ ਜਿੰਦਗੀ ਵਿਚ ਕੋਮੀ ਜਾਗ੍ਰਿਤੀ , ਮਾਂ ਬੋਲੀ ਪੰਜਾਬੀ ਨੂੰ ਸਤਕਾਰ ਦਿਵਉਣ ਤੇ ਧਰਮ ਪ੍ਰਚਾਰ ਤੇ ਪ੍ਰਸਾਰ ਹਿਤ ਜੋ ਕੰਮ ਕੀਤੇ ਹਨ ਉਹ ਸਿਖ ਕੋਮ ਕਦੇ ਭੁਲਾ ਨਹੀਂ ਸਕਦੀ । ਸਿਖੀ ਦੀ ਛਾਪ ਉਨ੍ਹਾ ਦੇ ਤਨ-ਮਨ ਵਿਚ ਇਸ ਕਦਰ ਵਸੀ ਹੋਈ ਸੀ ਕਿ ਬਹੁਤ ਸਾਰੇ ਲੋਕ ਉਨ੍ਹਾ ਦੇ ਅਮਲੀ ਜੀਵਨ ਨੂੰ ਦੇਖ ਕੇ ਨਾਨਕ ਨਿਰਮਲ ਪੰਥ ਦੇ ਰਾਹੀ ਬਣ ਗਏ
ਜਿਨ੍ਹਾ ਵਿਚੋਂ ਮਾਸਟਰ ਤਾਰਾ ਸਿੰਘ ਜੀ ਪਹਿਲੀ ਸਖਸ਼ੀਅਤ ਸਨ , ਜਿਨ੍ਹਾ ਨੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਵਜੋਂ ਸਿਖ ਕੋਮ ਦੀ ਲਗਪਗ 40 ਸਾਲ ਅਗਵਾਈ ਕੀਤੀ, ਉਹ ਸਿਖ ਸਰੂਪ ਵਿਚ ਨਹੀਂ ਸਨ ਪਰ ਜਦ ਉਨ੍ਹਾ ਨੇ ਭਾਈ ਵੀਰ ਸਿੰਘ ਜੀ ਦੀ ਪਹਿਲੀ ਗਲਪ ਰਚਨਾ ਸੁੰਦਰੀ ਪੜ੍ਹੀ ਤਾਂ ਉਹ ਐਨੇ ਪ੍ਰਭਾਵਿਤ ਹੋਏ ਕੀ ਸਿਖੀ ਸਰੂਪ ਧਾਰਨ ਕਰ ਲਿਆ । ‘ਸੁੰਦਰੀ’ ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਸੀ, ਜਿਸ ਰਾਹੀਂ ਭਾਈ ਵੀਰ ਸਿੰਘ ਨੇ ਉਸ ਸਮੇਂ ਦੇ ਸਮਾਜ ਨੂੰ ਸਿੱਖ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਅਵਾਜ਼ ਉਠਾਉਣ ਵਾਲੇ ਸਿੱਖ ਯੋਧਿਆਂ ਨੂੰ ਆਪਣੀ ਕਥਾ ਦਾ ਆਧਾਰ ਬਣਾਇਆ । ਦੂਸਰੀ ਸਖਸ਼ੀਅਤ ਪ੍ਰ੍ਸਿਖ ਦਾਰਸ਼ਨਿਕ ਲੇਖਕ ਕਵੀ ਪ੍ਰੋਫ਼ੇਸਰ ਪੂਰਨ ਸਿੰਘ ਜੀ ਸਨ ਜੋ ਉਚ ਵਿਦਿਆ ਪ੍ਰਾਪਤ ਕਰਨ ਲਈ ਜਾਪਾਨ ਗਏ ਜਿਥੇ ਆਪਣੇ ਅਮੋਲ ਵਿਰਸੇ ਸਿਖੀ ਨੂੰ ਛਡ ਸੰਨਿਆਸ ਧਾਰਨ ਕਰ ਲਿਆ ਪਰ ਦੇਸ਼ ਪਰਤਣ ਤੋਂ ਬਾਅਦ ਭਾਈ ਵੀਰ ਸਿੰਘ ਦੀ ਸੰਗਤ ਵਿਚ ਰਹਿ ਕੇ ਮੁੜ ਸਿੰਘ ਸਜ ਗਏ ।
ਨਾਮ ਸਿਮਰਨ ਬਾਰੇ ਵਿਚਾਰ ( ਭਾਈ ਵੀਰ ਸਿੰਘ )
ਭਾਈ ਵੀਰ ਸਿੰਘ ਜੀ ਦੀ ਕਲਮ ਤੋਂ ਨਾਮ ਸਿਮਰਨ ਬਾਰੇ ਵਿਚਾਰ
੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ
ਕੁਝ ਪ੍ਰਾਪਤ ਹੋ ਜਾਂਦਾ ਹੈ ।
੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ ।
ਨਾਮ ਆਪ ਹੀ ਜਪਣਾ ਪੈਂਦਾ ਹੈ । ਜੇਹੜਾ
ਰੋਟੀ ਖਾਏਗਾ , ਓਹੀ ਰੱਜੇਗਾ ।
ਸਿਮਰਨ ਰਸਨਾ ਨਾਲ ਜਪਣਾ ਹੈ , ਫਿਰ
ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ ।
ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ ।
੩. ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ
ਹੈ ਤੇ ਇਨਸਾਨ ਬੁਰੇ ਕੰਮ ਕਰਨ ਤੋ ਸੰਕੋਚ ਕਰਦਾ ਹੈ ।
੪. ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ ।
ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ ,
ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲੱਗ ਜਾਂਦਾ ਹੈ ।
੫. ਸਿਮਰਨ ਪਹਿਲਾਂ ਮੈਂਲ ਕਟਦਾ ਹੈ , ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ ਲਗਦਾ ।
ਜਦੋ ਮਨ ਨਿਰਮਲ ਹੋ ਜਾਂਦਾ ਹੈ ਤਾਂ ਸਿਮਰਨ ਵਿਚ ਰਸ ਆਉਣ ਲੱਗਦਾ ਹੈ , ਫਿਰ ਛੱਡਣ ਨੂੰ ਦਿਲ ਨਹੀਂ ਕਰਦਾ ।
੬. ਮਨ ਚਾਹੇ ਨਾ ਵੀ ਟਿਕੇ , ਨਾਮ ਜਪਣਾ
ਚਾਹੀਦਾ ਹੈ ।
ਜੇ ਨਾਮ ਜਪਦਿਆਂ ਮਨ ਜਰਾ ਵੀ ਟਿਕ ਜਾਵੇ ਤਾਂ ਥੋੜੀ ਗਲ ਨਹੀਂ,
ਮਨ ਪੂਰਾ ਵਸ ਤਦ ਆਉਂਦਾ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ ।
੭. ਮਨ ਟਿਕੇ ਜਾ ਨਾ ਟਿਕੇ , ਨਾਮ ਜਪਣਾ ਚਾਹੀਦਾ ਹੈ , ਜੋ ਲੱਗੇ ਰਹਿਣਗੇ, ਓਹਨਾ ਲਈ ਓਹ ਸਮਾਂ ਵੀ ਆਵੇਗਾ ,
ਜਦੋ ਮਨ ਦਾ ਟਿਕਾਓ ਪ੍ਰਾਪਤ ਹੋ ਜਾਵੇਗਾ ।
ਜੋ ਤੁਰੇ ਰਹਿਣਗੇ , ਭਾਵੇ ਮਧਮ ਚਲ ਹੀ , ਓਹਨਾ ਦੇ ਮੰਜਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ ।
੮. ਸਿਮਰਨ ਵਿਚ ਸੁਆਦ ਨਹੀਂ ਆਉਂਦਾ ਤਾਂ ਗੁਰੂ ਜਾਣੇ , ਜੋ ਸੁਆਦ ਨਹੀਂ ਦੇਂਦਾ । ਬੰਦੇ ਦਾ ਧਰਮ ਹੈ ਬੰਦਗੀ ਕਰਨਾ ।
ਸਦਾ ਰਸ ਤੇ ਹਕ ਨਹੀਂ ।
ਰਸ ਤਾਂ ਕਦੇ- ਕਦੇ ਗੁਰੂ ਝਲਕਾਰਾ ਮਾਰ ਕੇ ਦੇ ਦੇਂਦਾ ਹੈ
ਤਾ ਕਿ ਬੱਚੇ ਡੋਲ ਨਾ ਜਾਣ ।
੯. ਨਾਮ ਪਾਪ ਤੇ ਦੁਖ ਕਟਦਾ ਹੈ । ਸਿਮਰਨ ਦੇਹ ਨੂੰ ਵੀ ਅਰੋਗ ਕਰਦਾ ਹੈ ਤੇ ਵਾਹਿਗੁਰੂ ਦੇ ਨੇੜੇ ਵੀ ਲੈ ਜਾਂਦਾ
ਹੈ , ਇਸ ਨਾਲ ਅਸੀਂ ਅੰਤਰਮੁਖ ਹੁੰਦੇ ਹਾਂ ।
੧੦. ਨਾਮ ਜਾਪਦੇ ਹੋਏ ਨਿਰਮਾਨਤਾ ਵਿਚ ਰਹੋ ।
ਨਾਮ ਵੀ ਵਾਹਿਗੁਰੂ ਦੀ ਦਾਤ ਹੈ , ਇਹ ਸਮਝ ਕੇ ਕਰਾਗੇ ਤਾ ਨਿਰਮਾਨਤਾ ਵਿਚ ਰਹਾਗੇ ।
ਨਾਮੀ ਪੁਰਖ ਦੀ ਅਰਦਾਸ ਵਿਚ ਸ਼ਕਤੀ ਆ ਜਾਂਦੀ ਹੈ , ਜਦੋ ਕੁਝ ਬਰਕਤ ਆ ਜਾਵੇ ਤਾ ਸਿਖ ਦੁਨੀਆ ਤੋ ਖਬਰਦਾਰ ਰਹੇ ,
ਕਿਓਕਿ ਦੁਨੀਆ ਇਸ ਨੂੰ ਆਪਨੇ ਮਤਲਬ ਲਈ ਵਰਤੇਗੀ ।
ਇਸ ਨਾਲ ਆਦਮੀ ਨਾਮ ਤੋ ਟੁਟਦਾ ਹੈ ।
੧੧. ਨਾਮ ਜਾਪਦੇ ਹੋਏ ਰਿਧੀਆਂ -ਸਿਧੀਆਂ ਆ ਜਾਂਦੀਆਂ ਹਨ ।
ਨਾਮ ਜਪਣ ਵਾਲੇ ਨੇ ਓਹਨਾ ਦੇ
ਵਿਖਾਵੇ ਤੋ ਬਚਨਾ ਹੈ ਤਾ ਕਿ ਹਉਮੇ ਨਾ ਆਵੇ ।
ਹਉਮੇ ਆਈ ਤਾ ਨਾਮ ਦਾ ਰਸ ਟੁਟ ਜਾਵੇਗਾ ।
੧੨. ਰਿਧੀਆਂ -ਸਿਧੀਆਂ ਵਾਲਾ ਵੱਡਾ ਨਾਈ , ਵੱਡਾ ਓਹ ਹੈ ਜਿਸਨੂ ਨਾਮ ਦਾ ਰਸ ਆਇਆ ਹੈ ਤੇ ਨਾਮ ਜਿਸਦੇ ਜੀਵਨ ਦਾ ਆਧਾਰ ਬਣ ਗਿਆ ਹੈ ।
੧੩. ਵਾਹਿਗੁਰੂ ਦਾ ਇਕ ਵਾਰ ਨਾਮ ਲੈ ਕੇ ਜੇ ਫਿਰ .
ਵਾਹਿਗੁਰੂ ਕਹਿਣ ਨੂੰ ਮਨ ਕਰੇ ਤਾ ਇਹ ਸਮਝੋ ਕਿ ਸਿਮਰਨ ਸਫਲ ਹੋ ਰਿਹਾ ਹੈ
ਤੇ ਮੈਲ ਕੱਟ ਰਹੀ ਹੈ ।
੧੪. ਰਸਨਾ ਨਾਲ ਇਕ ਵਾਰ ਵਾਹਿਗੁਰੂ ਕਹਿਣ ਤੇ ਜੇ ਦੂਜੀ ਵਾਰ ਕਹਿਣ ਨੂੰ ਜੀ ਕਰੇ ਤਾ ਚਾਰ ਵਾਰ ਵਾਹਿਗੁਰੂ ਦਾ ਸ਼ੁਕਰ ਕਰੋ ,
ਜੋ ਉਸਨੇ ਤੁਹਾਨੂੰ ਨਾਮ ਬਕਸ਼ਿਆ ਹੈ ਤੇ ਨਾਮ ਪਿਆਰਾ ਲੱਗਾ ਹੈ ।
੧੫. ਵਾਹਿਗੁਰੂ ਦਾ ਨਾਮ ਜਪਣਾ ਇਕ ਬਹੁਤ ਵੱਡੀ ਨਿਆਮਤ ਹੈ , ਜੋ ਵਾਹਿਗੁਰੂ ਦੀ ਆਪਣੀ ਮੇਹਰ ਨਾਲ ਪ੍ਰਾਪਤ ਹੁੰਦੀ ਹੈ ,
ਜਦੋ ਵਾਹਿਗੁਰੂ ਜਪੋ ਤਾਂ ਉਸਦਾ ਸ਼ੁਕਰ ਕਰੋ , ਜੋ ਨਾਮ ਜਪਾ ਰਿਹਾ ਹੈ ।
੧੬. ਜਦ ਸੁਰਤ ਚੜਦੀ ਕਲਾ ਵਿਚ ਹੋਵੇ ਤਾਂ ਮਾਣ ਨਹੀਂ ਕਰਨਾ , ਇਸ ਨੂੰ ਵਾਹਿਗੁਰੂ ਦੀ ਮੇਹਰ ਸਮਝਨਾ ਹੈ |
ਜਦੋਂ ਵਾਹਿਗੁਰੂ ਦਾ ਰਸ ਆਉਣ ਲਗਦਾ ਹੈ ਤਾਂ ਕਈ ਲੋਕ ਹੰਕਾਰ ਕਰਨ ਲੱਗ ਪੈਂਦੇ ਹਨ ।
ਇਹ ਪਰਮਾਰਥ ਦੇ ਰਸਤੇ
ਵਿਚ ਰੁਕਾਵਟ ਹੈ, ਇਸਤੋ ਬਚਨਾ ਚਾਹੀਦਾ ਹੈ |
੧੭. ਸਿਮਰਨ ਦੇ ਅਭਿਆਸ ਨਾਲ ਤੁਸੀਂ ਪਰਮਾਰਥ ਦੇ ਰਸਤੇ ਤੇ ਤਰੱਕੀ ਕਰ ਰਹੇ ਹੋ ਇਸ ਦੀਆਂ ਇਹ
ਨਿਸ਼ਾਨੀਆਂ ਹਨ :-
ਇਕ ਵਾਰ ਵਾਹਿਗੁਰੂ ਆਖਣ ਤੇ ਫ਼ਿਰ ਵਾਹਿਗੁਰੂ ਕਹਿਣ ਨੂੰ ਜੀ ਕਰੇ
ਨਾਮ ਵਿਚ ਦਿਨ-ਬਦਿਨ ਵਿਸ਼ਵਾਸ਼ ਵਧੇ
ਵਿਕਾਰ ਘਟ ਜਾਣ
ਇਕਾਂਤ ਵਿਚੋ ਰਸ ਆਵੇ
੧੮. ਯਾਦ ਰਹੇ ਨਾਮ ਨੇ ਅੰਤ ਤਕ ਨਾਮ ਜਾਣਾ ਹੈ , ਸੋ ਇਸਦੇ ਜਪਣ ਦੀ ਅੰਤਮ ਸੁਆਸਾਂ ਤਕ ਲੋੜ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
????????????
Author: Gurbhej Singh Anandpuri
ਮੁੱਖ ਸੰਪਾਦਕ