Home » ਅੰਤਰਰਾਸ਼ਟਰੀ » “ਉੱਪਗ੍ਰਹਿਆਂ ਦੀ ਰੇਲ ਗੱਡੀ?”

“ਉੱਪਗ੍ਰਹਿਆਂ ਦੀ ਰੇਲ ਗੱਡੀ?”

25

ਅੱਜ ਬਹੁਤ ਲੋਕਾਂ ਨੇ ਇੱਕ ਸੱਪ ਵਰਗਾ ਉੱਪਗ੍ਰਹਿ ਦੇਖਿਆ। ਧਿਆਨ ਨਾਲ਼ ਦੇਖਣ ਤੇ ਉੱਪਗ੍ਰਹਿਆਂ ਦੀ ਕਤਾਰ ਜਿਹੀ ਨਜ਼ਰ ਆ ਰਹੀ ਸੀ। ਇਹ ਤੁਸੀਂ ਜਾਣ ਚੁੱਕੇ ਹੋਵੋਂਗੇ ਕਿ ਇਹ ਉੱਪਗ੍ਰਹਿ ਅਸਲ ਵਿੱਚ Elon Musk ਦੀ ਕੰਪਨੀ ਸਟਾਰਲਿੰਕ ਨਾਲ਼ ਸੰਬੰਧਤ ਸਨ।
ਇਹਨਾਂ ਦਾ ਮੁੱਖ ਮਕਸਦ ਹਾਈ ਸਪੀਡ ਇੰਟਰਨੈੱਟ ਪ੍ਰਦਾਨ ਕਰਨਾ ਹੈ। ਇਸ ਪ੍ਰਾਜੈਕਟ ਲਈ ਪਹਿਲਾ ਲਾਂਚ 22 ਫ਼ਰਵਰੀ 2018 ਨੂੰ ਕੀਤਾ ਗਿਆ ਸੀ ਜਿਸ ਵਿੱਚ ਸਿਰਫ਼ 2 ਉਪਗ੍ਰਹਿ ਛੱਡੇ ਗਏ ਸਨ। ਉਸਤੋਂ ਬਾਅਦ ਹਰੇਕ ਲਾਂਚ ਵਿੱਚ ਇਕੱਠੇ 60-60 ਉੱਪਗ੍ਰਹਿ ਛੱਡੇ ਜਾਣ ਲੱਗੇ ਜੋਕਿ ਹਾਲੇ ਤੱਕ ਵੀ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਪੂਰੀ ਪਲੈਨਿੰਗ ਨਾਲ਼ ਛੱਡੇ ਜਾ ਰਹੇ ਹਨ ਤਾਂ ਕਿ ਧਰਤੀ ਦੇ ਵੱਧ ਤੋਂ ਵੱਧ ਖੇਤਰ ਤੱਕ ਇਹਨਾਂ ਦੀ ਪਹੁੰਚ ਬਣਾਈ ਜਾ ਸਕੇ। ਹੁਣ ਤੱਕ 1892 ਉੱਪਗ੍ਰਹਿ ਛੱਡੇ ਜਾ ਚੁੱਕੇ ਹਨ, ਕੁੱਲ 12000 ਉੱਪਗ੍ਰਹਿ ਛੱਡਣ ਦਾ ਪ੍ਰੋਗਰਾਮ ਹੈ ਜੋਕਿ ਬਾਅਦ ਵਿੱਚ ਵਧਾ ਕੇ 42000 ਕੀਤਾ ਜਾ ਸਕਦਾ ਹੈ। ਇਸ ਸਮੇਂ ਸਿਰਫ਼ 6-7000 ਉੱਪਗ੍ਰਹਿ ਧਰਤੀ ਦੀ ਪਰਿਕਰਮਾ ਕਰ ਰਹੇ ਹਨ। ਸੋਚ ਕੇ ਦੇਖੋ 42000!

ਜਦੋਂ ਵੀ ਇਹ ਉੱਪਗ੍ਰਹਿ ਛੱਡੇ ਜਾਂਦੇ ਹਨ ਤਾਂ ਕੁੱਝ ਦਿਨਾਂ ਤੱਕ ਇੰਝ ਹੀ ਇਹਨਾਂ ਦੇ ਪੰਧ ਹੇਠਲੇ ਇਲਾਕਿਆਂ ਵਿੱਚੋਂ ਕਤਾਰ ਵਿੱਚ ਚਮਕਦੇ ਹੋਏ ਦਿਖਾਈ ਦਿੰਦੇ ਰਹਿੰਦੇ ਹਨ। ਦਿਨ ਬ ਦਿਨ ਇਹਨਾਂ ਦੀ ਇੱਕ ਦੂਜੇ ਤੋਂ ਦੂਰੀ ਵਧਦੀ ਰਹਿੰਦੀ ਹੈ ਅਤੇ ਦਿਨਾਂ ਵਿੱਚ ਹੀ ਆਪਣੇ ਅਸਲ ਪੰਧ ਵਿੱਚ ਲਗਪਗ 550 ਕਿਲੋਮੀਟਰ ਦੀ ਉਚਾਈ ਤੇ ਸਥਾਪਿਤ ਹੋ ਜਾਂਦੇ ਹਨ। ਫ਼ਿਰ ਇਹ ਨੰਗੀ ਅੱਖ ਨਾਲ਼ ਕਦੇ ਕਦੇ ਹੀ ਇੱਕ ਇਕੱਲੇ ਉਪਗ੍ਰਹਿ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ।

ਭਾਰਤੀ ਸਮੇਂ ਅਨੁਸਾਰ ਅੱਜ ਤੜਕੇ ਹੀ ਪੌਣੇ ਪੰਜ ਵਜੇ ਇਹਨਾਂ ਨੂੰ ਲਾਂਚ ਕੀਤਾ ਗਿਆ ਹੈ ਤਾਂ ਹੀ ਅੱਜ ਸ਼ਾਮ ਨੂੰ ਇਹ ਇੱਕ ਸੱਪ ਨੁਮਾ ਆਕ੍ਰਿਤੀ ਵਿੱਚ ਅਕਾਸ਼ ਵਿੱਚ ਨਜ਼ਰ ਆਏ।

ਇੱਕ find starlink ਨਾਂ ਦੀ ਐਪ ਹੈ।

https://play.google.com/store/apps/details?id=com.findstarlink

ਇਸ ਨਾਲ਼ ਤੁਸੀਂ ਆਪਣੇ ਇਲਾਕੇ ਵਿੱਚ ਇਸਦੇ ਭਵਿੱਖ ਵਿੱਚ ਦਿਖਣ ਦੀਆਂ ਸੰਭਾਵਨਾਵਾਂ ਦੇਖ ਸਕਦੇ ਹੋ।

ਇਹਨਾਂ ਉੱਪਗ੍ਰਹਿਆਂ ਨਾਲ਼ ਇੱਕ ਬਹੁਤ ਵੱਡਾ ਡਰ ਵੀ ਜੁੜਿਆ ਹੈ। ਉਹ ਇਹ ਕਿ ਇਹਨਾਂ ਨਾਲ਼ ਧਰਤੀ ਦੇ ਦੁਆਲ਼ੇ ਉੱਪਗ੍ਰਹਿਆਂ ਦਾ ਟ੍ਰੈਫ਼ਿਕ ਬਹੁਤ ਵਧ ਜਾਵੇਗਾ। ਜੇਕਰ ਕੋਈ ਉੱਪਗ੍ਰਹਿ ਕਿਸੇ ਵੀ ਕਾਰਨ ਨਿਯੰਤਰਣ ਵਿੱਚ ਨਹੀਂ ਰਹਿੰਦਾ ਜਾਂ ਆਪਣਾ ਸਮਾਂ ਭੋਗ ਲੈਂਦਾ ਹੈ ਤਾਂ ਇਸ ਨਾਲ਼ ਉੱਥੇ ਹੋਰ ਕੂੜਾ ਵਧੇਗਾ। ਜਿਸ ਨਾਲ਼ ਉੱਪ੍ਰਹਿਆਂ ਦੀ ਆਪਸ ਵਿੱਚ ਟੱਕਰ ਦਾ ਖ਼ਤਰਾ ਵਧ ਜਾਵੇਗਾ। ਜਦੋਂ ਵੀ ਉੱਪਗ੍ਰਹਿਆਂ ਦੀ ਆਪਸ ਵਿੱਚ ਟੱਕਰ ਹੁੰਦੀ ਹੈ ਤਾਂ ਉਹ ਬਹੁਤ ਬਰੀਕ ਹਿੱਸਿਆਂ ਵਿੱਚ ਟੁੱਟ ਕੇ ਖਿੱਲਰ ਜਾਂਦੇ ਹਨ। ਇਹ ਹਿੱਸੇ ਹੋਰਾਂ ਉੱਪਗ੍ਰਹਿਆਂ ਵਿੱਚ ਵੱਜ ਕੇ ਉਹਨਾਂ ਦਾ ਨੁਕਸਾਨ ਕਰ ਸਕਦੇ ਹਨ ਅਤੇ ਉਹ ਅੱਗੋਂ ਹੋਰਾਂ ਦਾ। ਇਸ ਤਰ੍ਹਾਂ ਦੁਰਘਟਨਾਵਾਂ ਦਾ ਸਿਲਸਿਲਾ ਜਿਹਾ ਸ਼ੁਰੂ ਹੋ ਸਕਦਾ ਹੈ। ਜੇਕਰ ਇੰਝ ਹੁੰਦਾ ਹੈ ਤਾਂ ਧਰਤੀ ਦੇ ਚਾਰੇ ਪਾਸੇ ਇਹਨਾਂ ਪੁਰਜਿਆਂ ਦਾ ਕਚਰਾ ਹੋਵੇਗਾ ਅਤੇ ਕੋਈ ਵੀ ਨਵਾਂ ਉੱਪਗ੍ਰਹਿ ਲਾਂਚ ਕਰਨਾ ਜਾਂ ਧਰਤੀ ਤੋਂ ਬਾਹਰ ਨਿੱਕਲਣਾ ਬਹੁਤ ਔਖਾ ਹੋ ਜਾਵੇਗਾ। ਭਾਵੇਂ ਉਮਰ ਹੰਢਾਅ ਚੁੱਕੇ ਉੱਪਗ੍ਰਹਿਆਂ ਨੂੰ ਉੱਪਗ੍ਰਹਿਆਂ ਦੇ ਕਬਰਿਸਤਾਨ ਭੇਜਣ ਜਾਂ ਧਰਤੀ ਉੱਤੇ ਸੁਰੱਖਿਅਤ ਢੰਗ ਨਾਲ਼ ਸਿੱਟਣ ਦਾ ਵਿਚਾਰ ਹੈ ਪਰ ਫ਼ਿਰ ਵੀ ਇਸ ਬਾਰੇ ਚਿੰਤਾ ਜਤਾਈ ਜਾ ਰਹੀ ਹੈ। ਦੂਜਾ ਇਸਦਾ ਬਹੁਤ ਵੱਡਾ ਨੁਕਸਾਨ ਉਹਨਾਂ ਖੁਗੋਲ ਵਿਗਿਆਨੀਆਂ ਨੂੰ ਹੋਇਆ ਹੈ ਜੋਕਿ ਘੰਟਿਆਂ ਬੱਧੀ ਕਿਸੇ ਤਾਰੇ ਆਦਿ ਦੀ ਸਟੱਡੀ ਕਰਨ ਲਈ ਲੰਬਾ ਸਮਾਂ ਦੂਰਬੀਨਾਂ ਤੇ ਫਿੱਟ ਕੀਤੇ ਕੈਮਰੇ ਜਾਂ ਹੋਰ ਉਪਕਰਨਾਂ ਦਾ ਸ਼ਟਰ ਖੋਲ੍ਹ ਕੇ ਰੱਖਦੇ ਹਨ। ਇਹ ਉੱਪਗ੍ਰਹਿ ਵਿੱਚ ਆ ਕੇ ਆਪਣੀ ਫ਼ੋਟੋ ਖਿਚਵਾ ਜਾਂਦੇ ਹਨ ਅਤੇ ਸਾਰੀ ਮਿਹਨਤ ਤੇ ਪਾਣੀ ਫੇਰ ਦਿੰਦੇ ਹਨ। ਸੋਚੋ! ਜਿੰਨਾ ਸਾਨੂੰ ਇਹਨਾਂ ਨੂੰ ਅਕਾਸ਼ ਵਿੱਚ ਜਾਂਦਿਆਂ ਨੂੰ ਦੇਖਣਾ ਪਸੰਦ ਹੈ, ਉਹਨਾਂ ਵਿਗਿਆਨੀਆਂ ਨੂੰ ਇਹਨਾਂ ਨਾਲ਼ ਓਨੀ ਹੀ ਨਫ਼ਰਤ ਹੈ। ਸ਼ੁਰੂ ਵਿੱਚ ਛੱਡੇ ਗਏ ਉੱਪਗ੍ਰਹਿ ਹੁਣ ਵਾਲਿਆਂ ਤੋਂ ਵੀ ਵੱਧ ਚਮਕਦੇ ਸਨ। ਬਾਅਦ ਵਿੱਚ ਇਹਨਾਂ ਦੀ ਚਮਕ ਘਟਾਉਣ ਲਈ ਖਾਸ ਕਿਸਮ ਦੀ ਕੋਟਿੰਗ ਕੀਤੀ ਜਾਣ ਲੱਗੀ ਤਾਂ ਜੋ ਪ੍ਰਕਾਸ਼ ਦੇ ਪ੍ਰਾਵਰਤਨ ਨੂੰ ਘਟਾਇਆ ਜਾ ਸਕੇ ਅਤੇ ਵਿਗਿਆਨੀਆਂ ਦੀ ਦਿੱਕਤ ਨੂੰ ਮਾੜਾ ਮੋਟਾ ਹੱਲ ਕੀਤਾ ਜਾ ਸਕੇ।

ਲਗਪਗ 20 ਮੁਲਕਾਂ ਵਿੱਚ ਸਟਾਰਲਿੰਕ ਨੇ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਵੀ ਸਪਸ਼ਟ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਵੇਗਾ। ਥੋੜ੍ਹੇ ਦਿਨ ਪਹਿਲਾਂ ਹੀ ਭਾਰਤ ਸਰਕਾਰ ਨੇ ਲੋਕਾਂ ਨੂੰ ਹਾਲੇ ਇਸ ਸੇਵਾ ਨੂੰ ਆਰਡਰ ਕਰਨ ਤੋਂ ਰੋਕਿਆ ਹੈ ਅਤੇ ਹਾਲੇ ਸਟਾਰਲਿੰਕ ਨੂੰ ਲਾਇਸੈਂਸ ਨਹੀਂ ਦਿੱਤਾ ਹੈ। ਸਟਾਰਲਿੰਕ ਨੇ ਵੀ ਤੁਰੰਤ ਪ੍ਰਭਾਵ ਨਾਲ਼ ਭਾਰਤ ਵਿੱਚੋਂ ਆਰਡਰ ਲੈਣੇ ਬੰਦ ਕਰ ਦਿੱਤੇ ਹਨ। ਉਮੀਦ ਹੈ ਕਿ ਸਰਕਾਰ ਜਲਦੀ ਹੀ ਸਪੇਸ ਸਾਇੰਸ ਵਿੱਚ ਕ੍ਰਾਂਤੀ ਲਿਆਉਣ ਵਾਲੇ ਮਸਕ ਦੀ ਕੰਪਨੀ ਸਟਾਰਲਿੰਕ ਨੂੰ ਲਾਇਸੈਂਸ ਦੇਵੇਗੀ ਅਤੇ ਅਸੀਂ ਵੀ ਇਸ ਸੇਵਾ ਦਾ ਅਨੰਦ ਲੈ ਸਕਾਂਗੇ।

????️ ਜਸਵਿੰਦਰ ਸਿੰਘ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?