ਜਲੰਧਰ 8 ਦਸੰਬਰ (ਮਨਪ੍ਰੀਤ ਸਿੰਘ ) : ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਕਾਨੂੰਨ ਖਿਲਾਫ ਮੁਲਕ ਭਰ ਦੇ ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਲੜੇ ਗਏ ਲੰਮੇ ਸੰਘਰਸ਼ ਅਤੇ 750 ਤੋਂ ਵੱਧ ਸ਼ਹਾਦਤਾਂ ਤੋਂਂ ਬਾਅਦ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਰੱਦ ਕਰ ਦਿੱਤੇ ਗਏ। ਕਿਰਤੀਆਂ ਦੀ ਇਸ ਇਤਿਹਾਸਕ ਫਤਹਿ ਦੀ ਖੁਸ਼ੀ ਵਿੱਚ ਜਲੰਧਰ ਦੇ ਉੱਘੇ ਸਮਾਜ ਸੇਵਕ ਅਤੇ ਪੰਜਾਬ ਯੂਥ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਸ. ਅਜੀਤ ਸਿੰਘ ਸੈਦੋਵਾਲ (ਕਾਲਜੀਏਟ ਟੇਲਰਜ਼) ਵੱਲੋਂ ਜਥੇਬੰਦੀ ਸਮੇਤ ਸਹਿਤ ਸਿੰਘੂ ਬਾਰਡਰ ਦਿੱਲੀ ਵਿਖੇ ਇੱਕ ਕੁਇੰਟਲ ਦੇਸੀ ਘਿਓ ਦੀ ਮਠਿਆਈ ਅਤੇ ਚਾਹ ਦੇ ਲੰਗਰ ਲਾਏ ਗਏ। ਇਹ ਲੰਗਰ ਉੱਘੀ ਸਿੱਖ ਸੰਸਥਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪੰਡਾਲ ਦੇ ਬਾਹਰ ਲਾਏ ਗਏ।
ਇਸ ਮੌਕੇ ਅਜੀਤ ਸਿੰਘ ਬੱਟੂ ਦੇ ਨਾਲ ਜਥੇਬੰਦੀ ਪ੍ਰਧਾਨ ਜੋਗਿੰਦਰ ਸਿੰਘ ਜੋਗੀ, ਸਰਬਜੀਤ ਸਿੰਘ ਧੂੰਦਾ, ਜਗਦੀਸ਼ ਸਮਰਾਏ (ਕੌਂਸਲਰ ਅਤੇ ਡਾਇਰੈਕਟਰ ਪਨਸੀਡ ਪੰਜਾਬ), ਹਰਵਿੰਦਰ ਸਿੰਘ ਲਾਡੀ, ਰਣਜੀਤ ਸਿੰਘ ਲੁਬਾਣਾ, ਰਵਿੰਦਰ ਚੌਹਾਨ, ਠੋਲੂ ਠਾਕੁਰ ਸਮੇਤ ਜੋ ਬਹੁਤ ਸਾਰੇ ਆਗੂ ਵੀ ਹਾਜ਼ਰ ਸਨ। ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਨੇ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਸਟੇਜ ਤੋਂ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਜਥੇਬੰਦੀ ਦੀ ਸਮੁੱਚੀ ਟੀਮ ਸ. ਅਜੀਤ ਸਿੰਘ ਸੈਦੋਵਾਲੀਆ ਦੀ ਅਗਵਾਈ ਹੇਠ ਮੋਰਚੇ ਦੇ ਵੱਖ ਵੱਖ ਕੈਂਪਾਂ ਦਾ ਵੀ ਦੌਰਾ ਕੀਤਾ ਅਤੇ ਪਿੰਡ ਸੈਦੋਵਾਲ (ਕਪੂਰਥਲਾ) ਵੱਲੋਂ ਕਿਸਾਨ ਮੋਰਚੇ ਦੇ ਪਹਿਲੇ ਦਿਨ ਤੋਂ ਹੀ ਨਿਰੰਤਰ ਚੱਲ ਰਹੇ ਲੰਗਰਾਂ ਦੇ ਪੰਡਾਲ ਵਿੱਚ ਵੀ ਗਏ, ਜਿਥੇ ਉਨ੍ਹਾਂ ਦਾ ਸਨਮਾਨ ਜਥੇਦਾਰ ਰੇਸ਼ਮ ਸਿੰਘ ਵੜੈਚ ਸੈਦੋਵਾਲ, ਜਥੇਦਾਰ ਅਮਰੀਕ ਸਿੰਘ ਵਰਪਾਲ ਵੱਲੋਂ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ. ਸੈਦੋਵਾਲ ਨੇ ਇਸ ਇਤਿਹਾਸਕ ਅੰਦੋਲਨ ਲਈ 750 ਤੋਂ ਵਧੀਕ ਕਿਸਾਨ, ਮਜ਼ਦੂਰਾਂ ਦੀਆਂ ਹੋਈਆਂ ਸ਼ਹਾਦਤਾਂ ਨੂੰ ਲਾਸਾਨੀ ਕੁਰਬਾਨੀਆਂ ਕਰਾਰ ਦਿੱਤਾ। ਸ. ਜੋਗੀ ਨੇ ਕਿਹਾ ਕਿ ਲੋਕਾਂ ਦੀ ਏਕਤਾ ਨੇ ਤਾਨਸ਼ਾਹ ਮੋਦੀ ਸਰਕਾਰ ਦਾ ਗਰੂਰ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ ਅਤੇ ਹੁਣ ਇਹ ਮੁਲਕ ਇੱਕ ਮਹਾਨ ਕ੍ਰਾਂਤੀ ਵੱਲ ਨੂੰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਿਹੀਆਂ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ ਜਥੇਬੰਦੀ ਹਮੇਸ਼ਾਂ ਸੰਘਰਸ਼ਸ਼ੀਲ ਰਹੇਗੀ।
ਕੌਂਸਲਰ ਜਗਦੀਸ਼ ਸਮਰਾਏ (ਡਾਇਰੈਕਟਰ) ਨੇ ਇਸ ਮੌਕੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਨ੍ਹਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਵੇ ਅਤੇ ਰਹਿੰਦੀਆਂ ਬਾਕੀ ਮੰਗਾਂ ਨੂੰ ਜਲਦ ਪੂਰੀਆਂ ਕਰੇ। ਇਥੇ ਇਹ ਵਰਣਨਯੋਗ ਹੈ ਕਿ ਪੰਜਾਬ ਯੂਥ ਆਰਗੇਨਾਈਜੇਸ਼ਨ ਕਿਸਾਨ ਅੰਦੋਲਨ ਨਾਲ ਪਹਿਲੇ ਦਿਨ ਤੋਂ ਹੀ ਜੁੜੀ ਹੋਈ ਹੈ ਅਤੇ ਦਿੱਲੀ ਅਤੇ ਪੰਜਾਬ ਵਿੱਚ ਅੰਦੋਲਨ ਦੀ ਹਰ ਮੁਹਿੰਮ ਵਿੱਚ ਸਰਗਰਮੀ ਨਾਲ ਆਪਣਾ ਯੋਗਦਾਨ ਪਾਉਦੀ ਆ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ