ਕਲੈਰੀਕਲ ਗਲਤੀ ਆਖ ਕੇ ਮੁੱਖ ਮੰਤਰੀ ਦੇ ਕੰਨਾਂ ਤੱਕ ਨਾਅਰਿਆਂ ਦੀ ਆਵਾਜ਼ ਪਹੁੰਚਣ ਤੋਂ ਰੋਕਣ ਲਈ ਡੀ.ਜੇ. ਵਜਾਉਣ ਦਾ ਹੁਕਮ ਹੋਇਆ ਵਾਪਸ ਲਿਆ
ਸੋਸ਼ਲ ਮੀਡੀਆ ਤੇ ਪੱਤਰ ਵਾਇਰਲ ਕਰਕੇ ਲੋਕ ਕਰ ਰਹੇ ਸਨ ਖੂਬ ਮਜ਼ਾਕੀਆ ਟਿੱਪਣੀਆਂ
ਚੰਡੀਗੜ੍ਹ, 10 ਦਸੰਬਰ, 2021 (ਨਜਰਾਨਾ ਨਿਊਜ਼ ਨੈੱਟਵਰਕ) ਪੰਜਾਬ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਭਰ ‘ਚ ਕੀਤੇ ਜਾ ਰਹੇ ਜ਼ਬਰਦਸਤ ਵਿਰੋਧ ਦੇ ਚਲਦਿਆਂ ਹੁਣ ਡੀ ਜੇ ਚਲਾਉਣ ਦੇ ਹੁਕਮਾਂ ਨੂੰ ਕਲੈਰੀਕਲ ਗਲਤੀ ਆਖ ਕੇ ਵਾਪਸ ਲੈਣ ਲਿਆ ਗਿਆ ਹੈ।
ਪਹਿਲੋਂ ਅੱਜ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਇੰਸਪੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਜਾਰੀ ਕੀਤੇ ਗਏ ਇਕ ਨਵੇਂ ਹਾਸੋਹੀਣੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਵੱਲੋਂ ਜਿਸ ਜ਼ਿਲ੍ਹੇ ਵਿਖੇ ਫੰਕਸ਼ਨ, ਪ੍ਰੋਗਰਾਮ ਹੁੰਦਾ ਹੈ ਤਾਂ ਉਨ੍ਹਾਂ ਦੇ ਆਉਣ ਉਤੇ ਰਸਤੇ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਉੱਚੀ ਆਵਾਜ਼ ਵਿੱਚ ਨਾਅਰੇ ਲਗਾਏ ਜਾਂਦੇ ਹਨ, ਇਸ ਲਈ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਕਮਿਸ਼ਨਰ ਪੁਲਿਸ ਅਤੇ ਐੱਸਐੱਸਪੀ ਨੂੰ ਹੁਕਮ ਕੀਤੇ ਸਨ ਕਿ ਜਿੱਥੇ ਜਥੇਬੰਦੀਆਂ ਮੁਜ਼ਾਹਰਾ ਕੀਤਾ ਜਾ ਰਿਹਾ ਹੋਵੇ, ਤਾਂ ਉਨ੍ਹਾਂ ਦੀ ਆਵਾਜ਼ ਰੋਕਣ ਲਈ ਉਸ ਜਗ੍ਹਾ ਉਤੇ ਡੀ ਜੇ ਲਗਾ ਦਿੱਤਾ ਜਾਵੇ ਜਿਸ ਵਿੱਚ ਗੁਰਬਾਣੀ ਦੇ ਸ਼ਬਦ, ਧਾਰਮਿਕ ਗੀਤ ਚਲਾਏ ਜਾਣ ਤਾਂ ਕਿ ਪ੍ਰਦਰਸ਼ਨਕਾਰੀਆਂ ਦੇ ਨਾਅਰਿਆਂ ਦੀ ਆਵਾਜ਼ ਸੁਣਾਈ ਨਾ ਦੇ ਸਕੇ।
ਜ਼ਿਕਰਯੋਗ ਹੈ ਇਸ ਪੱਤਰ ਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਕਾਰਨ ਖ਼ੂਬ ਮਜ਼ਾਕ ਉਡਾਇਆ ਜਾ ਰਿਹਾ ਸੀ, ਪਰ ਹੁਣ ਕਲੈਰੀਕਲ ਗਲਤੀ ਆਖ ਕੇ ਇਹ ਪੱਤਰ ਵਾਪਸ ਲੈ ਲਿਆ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ