ਕਰਤਾਰਪੁਰ 11 ਦਸੰਬਰ (ਭੁਪਿੰਦਰ ਸਿੰਘ ਮਾਹੀ): ਵੇਖਿਆ ਜਾਵੇ ਤਾਂ ਇਕ ਪਾਸੇ ਕਰਤਾਰਪੁਰ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਬਹੁਤ ਚੱਲ ਰਹੀ ਹੈ ਜੋ ਸ਼ਹਿਰ ਵਿੱਚ ਆਮ ਤੌਰ ਤੇ ਵੇਖੀ ਜਾ ਸਕਦੀ ਹੈ ਪਰ ਇਹਨਾਂ ਵਿਕਾਸ ਕਾਰਜਾਂ ਦੀ ਚੱਲ ਰਹੀ ਹਨੇਰੀ ਤੋਂ ਸ਼ਹਿਰਵਾਸੀ ਬਹੁਤੇ ਦੁਖੀ ਹਨ। ਜਿਸਦਾ ਕਾਰਨ ਇਹ ਹੈ ਕਿ ਕਰਤਾਰਪੁਰ ਵਿੱਚ ਕਈ ਗਲੀ ਮੁਹੱਲਿਆਂ ਦੀ ਸ਼ੜਕਾਂ ਨਵੀਆਂ ਬਨਾਉਣ ਲਈ ਪੁੱਟੀਆਂ ਗਈਆਂ ਹਨ ਜਿਹਨਾਂ ਵਿੱਚੋਂ ਕਈ ਸੜਕਾਂ ਨੂੰ ਇੱਕ ਤੋਂ ਦੋ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਪਰ ਸੜਕਾਂ ਅਜੇ ਤੱਕ ਨਹੀਂ ਬਣ ਸਕੀਆਂ। ਜਿਸ ਕਰਕੇ ਉਹਨਾਂ ਗਲੀਆਂ ਮੁਹੱਲਿਆਂ ਵਿੱਚ ਰਹਿਣ ਵਾਲਿਆਂ ਅਤੇ ਲੰਘਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਗਲੀਆਂ ਮੁਹੱਲਿਆਂ ਵਿੱਚ ਨਾਲੀਆਂ ਬੰਦ ਕਰਕੇ ਹੋਦੀਆਂ ਬਨਾਈਆਂ ਗਈਆਂ ਹਨ ਜਿਹਨਾਂ ਉੱਪਰ ਕੋਈ ਵੀ ਢੱਕਣ ਨਹੀ ਹੈ ਜਿਸ ਕਰਕੇ ਹਨੇਰੇ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਹੈ। ਵੱਖ ਵੱਖ ਮੁਹੱਲਿਆਂ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਹਨਾਂ ਗਲੀਆਂ ਵਿੱਚ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ ਉੱਥੇ ਅਕਸਰ ਹੀ ਬੱਚੇ ਅਤੇ ਬਜੁਰਗ ਡਿੱਗਦੇ ਨਜ਼ਰ ਆਉਂਦੇ ਹਨ। ਇਹਨਾਂ ਵਿਕਾਸ ਕਾਰਜਾਂ ਦੇ ਚੱਲਦਿਆਂ ਮੁਹੱਲਾ ਭਾਈ ਭਾਰਾ ਵਿੱਚ ਸੜਕ ਬਨਾਉਣ ਦਾ ਕੰਮ ਸ਼ੁਰੂ ਕੀਤੇ ਨੂੰ ਕਰੀਬ ਦੋ ਮਹੀਨੇ ਹੋ ਚੁੱਕੇ ਹਨ ਪਰ ਅਜੇ ਤੱਕ ਵੀ ਸੜਕ ਨਹੀਂ ਬਣ ਸਕੀ ਤੇ ਵੱਖ ਵੱਖ ਜਗਾ ਤੇ ਬਣਾਈਆਂ ਗਈਆਂ ਹੋਦੀਆਂ ਹਾਦਸੇ ਦਾ ਕਾਰਨ ਬਣ ਰਹੀਆਂ ਹਨ। ਜਿਕਰਯੋਗ ਹੈ ਕਿ ਇਸ ਸਬੰਧੀ ਕੋਈ ਵੀ ਖੁੱਲ ਕੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਹਰ ਕੋਈ ਮੁੰਹ ਮੁਲਾਹਜੇ ਕਰਕੇ ਚੁੱਪ ਬੈਠਾ ਹੈ ਪਰ ਅੰਦਰੋ ਅੰਦਰੀ ਸ਼ਹਿਰਵਾਸੀਆਂ ਦੇ ਸਬਰ ਦਾ ਬੰਨ੍ਹ ਟੁੱਟਣ ਕਿਨਾਰੇ ਪਹੁੰਚ ਗਿਆ ਹੈ। ਭਾਈ ਭਾਰਾ ਮੁਹੱਲੇ ਤੋਂ ਇਲਾਵਾ ਮੁਹੱਲਾ ਬਾਣੀਆਂ, ਖਲੀਫਾ ਗੇਟ, ਰਿਸ਼ੀ ਨਗਰ ਦੀਆਂ ਸੜਕਾਂ ਥੋੜ੍ਹੇ ਥੋੜ੍ਹੇ ਦਿਨਾਂ ਦੇ ਫਰਕ ਤੇ ਹੀ ਪੁੱਟ ਦਿੱਤੀਆਂ ਗਈਆਂ ਹਨ ਪਰ ਇਹਨਾਂ ਵਿੱਚੋਂ ਅਜੇ ਤੱਕ ਕੋਈ ਵੀ ਸੜਕ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਤੇ ਇਸ ਦੇ ਨਾਲ ਹੀ ਮੁਹੱਲਾ ਬੋਹੜ ਵਾਲਾ ਤੋਂ ਕੱਤਨੀ ਗੇਟ ਜਾਣ ਵਾਲੀ ਸੜਕ ਵੀ ਪੁੱਟ ਕੇ ਵਿਕਾਸ ਕਾਰਜਾਂ ਦੀ ਹਨੇਰੀ ਨੂੰ ਹੋਰ ਤੇਜ ਕੀਤਾ ਗਿਆ ਹੈ ਪਰ ਸ਼ਹਿਰਵਾਸੀ ਇਹਨਾਂ ਵਿਕਾਸ ਕਾਰਜਾਂ ਤੋਂ ਬਹੁਤੇ ਦੁਖੀ ਹੋ ਗਏ ਹਨ। ਸ਼ਹਿਰਵਾਸੀਆਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਜਿਸ ਵੀ ਗਲੀ ਮੁਹੱਲੇ ਵਿੱਚ ਵਿਕਾਸ ਕਾਰਜ ਦੇ ਨਾਮ ਤੇ ਸੜਕ ਬਣਾਉਣ ਦਾ ਜਿਸ ਵੀ ਠੇਕੇਦਾਰ ਨੂੰ ਠੇਕਾ ਦਿੱਤਾ ਜਾਵੇ ਉਸ ਠੇਕੇਦਾਰ ਵੱਲੋਂ ਉਕਤ ਸੜਕ ਬਨਾਉਣ ਤੋਂ ਪਹਿਲਾਂ ਇਹ ਲਿਖਿਆ ਜਾਵੇ ਕਿ ਇਹ ਸੜਕ ਕਦੋਂ ਤੱਕ ਬਣਾ ਕੇ ਦਿੱਤੀ ਜਾਵੇਗੀ ਅਤੇ ਠੇਕੇਦਾਰ ਦਾ ਨਾਮ ਅਤੇ ਫੋਨ ਨੰਬਰ ਵੀ ਮੁਹੱਲਾ ਨਿਵਾਸੀਆਂ ਨੂੰ ਦਿੱਤਾ ਜਾਵੇ ਤਾਂ ਜੋ ਮੁਹੱਲਾ ਨਿਵਾਸੀ ਵੀ ਸਮੇਂ ਸਮੇਂ ਸਿਰ ਠੇਕੇਦਾਰ ਨੂੰ ਸਬੰਧਤ ਸੜਕ ਬਾਰੇ ਪੁੱਛ ਗਿੱਛ ਕਰ ਸਕਣ।
Author: Gurbhej Singh Anandpuri
ਮੁੱਖ ਸੰਪਾਦਕ