ਚੰਡੀਗੜ੍ਹ , 13 ਦਸੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ‘ਆਮ ਆਦਮੀ ਪਾਰਟੀ’ ਦੇ ਨੇਤਾ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਸ੍ਰੀ ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਸ਼ਾਮਲ 4 ਮੰਤਰੀ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਣ ਲਈ ਪਾਰਟੀ ਨਾਲ ਸੰਪਰਕ ਕਰ ਰਹੇ ਹਨ।
ਇਨ੍ਹਾਂ ਚਾਰਾਂ ਮੰਤਰੀਆਂ ਦੀ ਸ਼ਮੂਲੀਅਤ ‘ਰੇਤ ਮਾਫ਼ੀਆ’ ਵਿੱਚ ਹੋਣ ਦਾ ਦਾਅਵਾ ਕਰਦਿਆਂ ਸ੍ਰੀ ਰਾਘਵ ਚੱਢਾ ਨੇ ਕਿਹਾ ਕਿ ‘ਅਠਮ ਆਦਮੀ ਪਾਰਟੀ’ ਇਕ ਇਮਾਨਦਾਰ ਪਾਰਟੀ ਹੈ ਅਤੇ ਇਨ੍ਹਾਂ ਚਾਰਾਂ ਮੰਤਰੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ ਗਈ ਹੈ।
‘ਵੱਡਾ ਖੁਲਾਸਾ’ ਕਹਿ ਕੇ ਦਿੱਤੇ ਇਸ ਬਿਆਨ ਵਿੱਚ ਭਾਵੇਂ ਸ੍ਰੀ ਰਾਘਵ ਚੱਢਾ ਨੇ ਕਿਹਾ ਕਿ ਇਹ ਚਾਰੇ ਮੌਜੂਦਾ ਮੰਤਰੀ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਣ ਦੇ ਇੱਛੁਕ ਹਨ, ਪਰ ਸ੍ਰੀ ਰਾਘਵ ਚੱਢਾ ਨੇ ਕਿਹਾ ਕਿ ਇਹਨਾਂ ਚਾਰਾਂ ਮੰਤਰੀਆਂ ’ਤੇ ਲੰਬੇ ਸਮੇਂ ਤੋਂ ਰੇਤਾ ਚੋਰੀ ਅਤੇ ਰੇਤਾ ਦੇ ਖਣਨ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗਦੇ ਆ ਰਹੇ ਹਨਅਤੇ ਜਿਹਨਾਂ ਨੇ ਪੰਜਾਬ ਦੀ ਮਿੱਟੀ ਵੇਚ ਦਿੱਤੀ ਹੋਵੇ, ਧਰਤੀ ਮਾਂ ਨਾਲ ਧੋਖ਼ਾ ਕੀਤਾ ਹੋਵੇ, ਐਸੇ ਨੇਤਾਵਾਂ ਲਈ ‘ਆਮ ਆਦਮੀ ਪਾਰਟੀ’ ਵਿੱਚ ਕੋਈ ਜਗ੍ਹਾ ਨਹੀਂ ਹੈ।
ਉਨ੍ਹਾਂ ਕਿਹਾ ਕਿ ‘ਸਾਡੇ ਕੋਲ ਜਨਤਾ ਦਾ ਸਾਥ ਹੈ ਅਤੇ ਸਾਨੂੰ ਰੇਤ ਮਾਫ਼ੀਆ ਦੀ ਕੋਈ ਲੋੜ ਨਹੀਂ ਹੈ।’
ਉਂਜ ਸ੍ਰੀ ਰਾਘਵ ਚੱਢਾ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਇਹ ਚਾਰ ਮੰਤਰੀ ਕੌਣ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਸੰਕੇਤ ਵੀ ਨਹੀਂ ਦਿੱਤਾ ਜਿਸ ਤੋਂ ਇਹ ਸਪਸ਼ਟ ਹੋ ਜਾਵੇ ਕਿ ਉਹ ਕਿੰਨ੍ਹਾਂ ਮੰਤਰੀਆਂ ਦੀ ਗੱਲ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਪੰਜਾਬ ਆਏ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤਾ ਸੀ ਕਿ ਕਾਂਗਰਸ ਦੇ 25 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਪਰ ਕਿਸੇ ਦਾ ਵੀ ਨਾਂਅ ਨਹੀਂ ਲਿਆ ਸੀ।
ਕੋਈ ਵੀ ਨਾਂਅ ਉਜਾਗਰ ਨਾ ਕੀਤੇ ਜਾਣ ਕਾਰਨ ਕਾਂਗਰਸ ਪਾਰਟੀ ਇਨ੍ਹਾਂ ਦਾਅਵਿਆਂ ਨੂੂੰ ਕੇਵਲ ਚੋਣ ਸਟੰਟ ਕਰਾਰ ਦੇ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ