ਚੰਡੀਗੜ੍ਹ, 13 ਦਸੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ‘ਆਮ ਆਦਮੀ ਪਾਰਟੀ’ ਦੇ ਕੇਂਦਰੀ ਨੇਤਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਰਾਘਵ ਚੱਢਾ ਵੱਲੋਂ ਅੱਜ ਜਾਰੀ ਕੀਤੇ ਉਸ ਬਿਆਨ ’ਤੇ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਪਲਟਵਾਰ ਕੀਤਾ ਹੈ, ਜਿਸ ਵਿੱਚ ਸ੍ਰੀ ਚੱਢਾ ਨੇ ਕਿਹਾ ਸੀ ਕਿ ਚੰਨੀ ਸਰਕਾਰ ਦੇ 4 ਮੰਤਰੀ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਣ ਲਈ ਸੰਪਰਕ ਕਰ ਰਹੇ ਹਨ ਹਾਲਾਂਕਿ ‘ਆਪ’ ਉਨ੍ਹਾਂ ਨੂੰ ਸਾਮਲ ਨਹੀਂ ਕਰੇਗੀ ਕਿਉਂਕਿ ਉਹਨਾਂ ਚਾਰਾਂ ’ਤੇ ਹੀ ਰੇਤਾ ਚੋਰੀ ਅਤੇ ਰੇਤਾ ਖ਼ਣਨ ਦੇ ਗੰਭੀਰ ਦੋਸ਼ ਹਨ।
ਸ੍ਰੀ ਰਾਘਵ ਚੱਢਾ ਨੇ ਇਸ ਖ਼ੁਲਾਸੇ ਦੌਰਾਨ ਕਿਸੇ ਮੰਤਰੀ ਦਾ ਨਾ ਤਾਂ ਨਾਂਅ ਲਿਆ ਸੀ ਅਤੇ ਨਾ ਹੀ ਕਿਸੇ ਵੱਲ ਕੋਈ ਸੰਕੇਤ ਦਿੱਤਾ ਸੀ। ਇਸ ਤੋਂ ਪਹਿਲਾਂ ਪੰਜਾਬ ਫ਼ੇਰੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤਾ ਸੀ ਕਿ ਕਾਂਗਰਸ ਦੇ 25 ਵਿਧਾਇਕ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ਪਰ ਉਨ੍ਹਾਂ ਨੇ ਵੀ ਕਿਸੇ ਵਿਧਾਇਕ ਦਾ ਕੋਈ ਨਾਂਅ ਨਹੀਂ ਲਿਆ ਸੀ।
ਅੱਜ ਸ੍ਰੀ ਰਾਘਵ ਚੱਢਾ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਸ: ਚੰਨੀ ਨੇ ਕਿਹਾ ਕਿ ‘ਉਹ ਨਿਆਣਾ ਮੁੰਡਾ ਹੈ, ਜੋ ਬਚਕਾਨਾ ਗੱਲਾਂ ਕਰਦਾ ਹੈ। ਨਾ ਬੁੜ੍ਹੀ ਮਰੀ ਐ, ਨਾ ਕੁੜੀ ਜੰਮੀ ਐ। ਨਾ ਕੋਈ ਗੱਲ ਹੈ ਨਾ ਬਾਤ ਬਾਤ ਹੈ। ਐਂਵੇਂ ਬਿਨਾਂ ਮਤਲਬ ਹੀ ਇਹ ਕੋਈ ਨਾ ਕੋਈ ਸ਼ੁਰਲੀ ਛੱਡਦੈ ਜਿਸਦਾ ਕੋਈ ਮਤਲਬ ਨਹੀਂ ਹੁੰਦਾ।’
ਸ:ਚੰਨੀ ਨੇ ਕਿਹਾ ਕਿ ਇੰਜ ਤਾਂ ਅਸੀਂ ਕਹਿਣਾ ਸ਼ੁਰੂ ਕਰ ਦੇਈਏ ਕਿ ‘ਕੇਜਰੀਵਾਲ ਕਾਂਗਰਸ ਜੁਆਇਨ ਕਰ ਰਿਹਾ ਹੈ, ਪਰ ਅਸੀਂ ਲੈਣਾ ਨਹੀਂ। ਇਹਦਾ ਕੋਈ ਮਤਲਬ ਬਣਿਆ? ਨਾ ਉਹ ਆ ਰਿਹੈ, ਨਾ ਅਸੀਂ ਲੈਣਾ ਹੈ।’
ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਛੁਰਲੀਆਂ ਪੰਜਾਬ ਵਿੱਚ ਹੁਣ ਕੰਮ ਨਹੀਂ ਆਉਣੀਆਂ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਸ ਤਰ੍ਹਾਂ ਦਾ ਕੰਮ ਚੱਲ ਗਿਐ, ਪਰ ਇਹ ਪੰਜਾਬ ਵਿੱਚ ਨਹੀਂ ਚੱਲੇਗਾ।
ਉਹਨਾਂ ਆਖ਼ਿਆ ਕਿ ਪੰਜਾਬ ਵਿੱਚ ‘ਆਮ ਆਦਮੀ ਪਾਰਟੀ’ ਨੇ ਪਿਛਲੀ ਵਾਰ 100 ਸੀਟਾਂ ਜਿੱਤ ਕੇ ਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ ਪਰ ਜਦ ਝਾੜ ਲੈਣ ਦੀ ਵਾਰੀ ਆਈ ਤਾਂ ਫ਼ਸਲ ਤਾਂ ਬਥੇਰੀ ਨਿਕਲੀ ਪਰ ਝਾੜ ਕੁਝ ਨਹੀਂ ਨਿਕਲਿਆ ਸੀ।
Author: Gurbhej Singh Anandpuri
ਮੁੱਖ ਸੰਪਾਦਕ