ਜੈਤੋ ਦੇ ਮੋਰਚੇ ਵਿਚ ਤੇਰਵਾਂ ਜੱਥਾ ਗਿਆ ਤਿੰਨ ਮਹੀਨੇ ਦਾ ਸਮਾਂ ਹੋ ਚੁਕਾ ਸੀ । ਇਸ ਪਏ ਲੰਮੇ ਵਕਫੇ ਨੇ ਸਰਕਾਰ ਨੂੰ ਹੌਂਸਲਾ ਦਿੱਤਾ ਕਿ ਹੁਣ ਇਹ ਲਹਿਰ ਇਥੇ ਹੀ ਖ਼ਤਮ ਹੋ ਜਾਵੇਗੀ । ਅਖ਼ਬਾਰਾਂ ਤੇ ਜ਼ਰ ਖ਼ਰੀਦ ਗੁਲਾਮਾਂ ਜ਼ਰੀਏ ਲੋਕਾਂ ਵਿੱਚ ਇਸ ਲਹਿਰ ਨੂੰ ਛਟਿਓਣ ਲਈ ਇਹ ਸ਼ੋਸ਼ਾ ਛੱਡਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਅਗਲਾ ਜੱਥਾ ਭੇਜਣ ਲਈ ਬੰਦੇ ਨਹੀਂ ਮਿਲਦੇ ਪਏ। ਪਿੰਡਾਂ ਦੇ ਲੋਕ ਵੀ ਇਹਨਾਂ ਜੱਥਿਆਂ ਦੀ ਹੁਣ ਸੇਵਾ ਨਹੀਂ ਕਰਦੇ ।(ਇਹ ਯੁਕਤੀਆਂ ਸਰਕਾਰਾਂ ਹਮੇਸ਼ਾ ਵਰਤ ਦੀਆਂ ਹਨ)
ਇਸੇ ਸਮੇਂ ਵਿਚ ਸਿਰਦਾਰ ਦਰਸ਼ਨ ਸਿੰਘ ਫੇਰੂਮਾਨ ਜ਼ੇਰ-ਇ ਦਫ਼ਾ 17 ਬੀ , ਅਧੀਨ ਛੇ ਮਹੀਨੇ ਦੀ ਕੈਦ ਕੱਟ ਕੇ ਰਿਹਾ ਹੋਕੇ ਆਏ ਸਨ।ਬਾਹਰ ਆਉਣ ਵਕਤ ਹੀ ਉਹਨਾਂ ਦੀ ਸਿਹਤ ਖ਼ਰਾਬ ਸੀ । ਪਰ ਜਦ ਉਹਨਾਂ ਨੇ ਸਰਕਾਰੀ ਪ੍ਰਾਪੇਗੰਡਾ ਸੁਣਿਆ ਤਾਂ ਆਪਣੀ ਵਿਗੜੀ ਸਿਹਤ ਦੀ ਨ ਪਰਵਾਹ ਕਰਦਿਆਂ ਅੰਮ੍ਰਿਤਸਰ ਤੇ ਹੋਰ ਪੰਜਾਬ ਦੇ ਇਲਾਕਿਆਂ ਦੇ ਮੋਹਤਬਰ ਸਿਖਾਂ ਦਾ ਇਕੱਠ ਬੁਲਾਇਆ ਤੇ 14ਵਾਂ ਸ਼ਹੀਦੀ ਜੱਥਾ ਤਿਆਰ ਕਰਨ ਲਈ ਗੁਰਮਤਾ ਸੋਧਿਆ । ਦਿਨਾਂ ਵਿੱਚ ਹੀ 500 ਸਿੰਘਾਂ ਦਾ ਜੱਥਾ ਤਿਆਰ ਹੋ ਗਿਆ । ਇਸ ਵਿਚ ਅਕਾਲੀ ਦਲ ਦੇ ਕਈ ਸਿਰ ਕੱਢਵੇਂ ਸੇਵਕ ਸਨ ।
ਇਸ ਜੱਥੇ ਦੇ ਜੱਥੇਦਾਰ ਸਿਰਦਾਰ ਦਰਸ਼ਨ ਸਿੰਘ ਫੇਰੂਮਾਨ , ਮੀਤ ਜੱਥੇਦਾਰ ਸਿਰਦਾਰ ਨਰਿੰਦਰ ਸਿੰਘ ਕੰਦੋਲਾ ਅਤੇ ਸਿਰਦਾਰ ਨਰਾਇਣ ਸਿੰਘ ਪੰਡੋਰੀ ਗੋਲਾਂ , ਜਨਰਲ ਸਕੱਤ੍ਰ ਸਿਰਦਾਰ ਨਿੰਰਜਨ ਸਿੰਘ ਸਰਲ ਨੀਯਤ ਕੀਤੇ ਗਏ।
15 ਦਸੰਬਰ 1924 ਨੂੰ 14ਵਾਂ ਸ਼ਹੀਦੀ ਜੱਥਾ ਅਕਾਲ ਬੁੰਗੇ (ਤਖ਼ਤ) ਦੇ ਸਨਮੁਖ ਹੁਕਮ ਲੈਣ ਲਈ ਹਾਜ਼ਰ ਹੋਇਆ। ਹਜ਼ਾਰਾਂ ਸੰਗਤਾਂ ਦੇ ਇਕੱਠ ਵਿਚ ਜੱਥੇਦਾਰ ਅਕਾਲ ਬੁੰਗਾ(ਤਖ਼ਤ) ਨੇ ਸ਼ਹੀਦੀ ਜੱਥੇ ਨੂੰ ਹੁਕਮ ਸੁਣਾਇਆ।ਜੱਥੇ ਵੱਲੋਂ ਬਹੁਤ ਜੋਸ਼ ਭਰਪੂਰ ਤੇ ਵੈਰਾਗਮਈ ਸੰਦੇਸ਼ ਸੰਗਤ ਦੇ ਨਾਮ ਦਿੱਤਾ ਗਿਆ । ਕੁਝ ਸ਼ਬਦ ਹਨ ;-
‘ਤੇਰੇ ਦੁਆਰ ਤੇ ਆਣ ਪੁਕਾਰ ਕੀਤੀ,
ਸਾਡੀ ਆਸ ਤੂੰ ਤੋੜ ਨਿਭਾਈ ਪੰਥਾ।
ਤੇਰਾ ਹੁਕਮ ਪਾ ਕੇ ਅਸੀਂ ਆਣ ਪੁਜੇ,
ਸਾਡੀ ਲਾਜ ਤੂੰ ਰਖ ਵਿਖਾਈ ਪੰਥਾ।
ਸਾਡਾ ਮਾਣ ਤੂੰਹੀ, ਸਾਡਾ ਤਾਣ ਤੂੰਹੀ,
ਜਾਣੀ ਜਾਣ ਤੂੰਹੀ, ਸਾਡਾ ਸਾਈਂ ਪੰਥਾ।
ਸਾਡਾ ਧਰਮ ਤੂੰਹੀ, ਸਾਡੀ ਸ਼ਰਮ ਤੂਹੀਂ,
ਕੋਈ ਪ੍ਰੇਮ ਦੀ ਕਣੀ ਚਾ ਪਾਈਂ ਪੰਥਾ।
ਸੀਸ ਪੰਜ ਸੌ ਰਖ ਕੇ ਤਲੀ ਉਤੇ,
ਆਏ ਸ਼ਰਨ ਤੇਰੀ ਚਾਈਂ ਚਾਈਂ ਪੰਥਾ।
ਜੈਤੋ ਪਾਠ ਅਖੰਡ ਹੋ ਗਿਆ ਖੰਡਤ,
ਸੁਣ ਕੇ ਨਿਕਲੀਆਂ ਸਾਡੀਆਂ ਆਹੀਂ ਪੰਥਾ।
ਸੀਨੇ ਦਰਦ ਛਿੜਿਆ , ਰੰਗ ਜਰਦ ਹੋਇਆ,
ਆਵਣ ਸਰਦ ਅਸਾਡੀਆਂ ਆਹੀਂ ਪੰਥਾ।
ਭੁਲਣਹਾਰ ਅਸੀਂ ਗੁਨਾਹਗਾਰ ਸਾਰੇ,
ਬਖਸ਼ੀਂ ਸਾਡੀਆਂ ਸਭ ਖਤਾਈਂ ਪੰਥਾ।
ਇਸ ਤਰ੍ਹਾਂ ਇਹ 14ਵਾਂ ਸ਼ਹੀਦੀ ਜੱਥਾ , ਅਕਾਲ ਬੁੰਗੇ ਅਰਦਾਸ ਸੋਧ ਕੇ 15 ਦਸੰਬਰ 1924 ਨੂੰ ਜੈਤੋ ਨੂੰ ਰਵਾਨਾ ਹੋਇਆ ।
ਵਿਸ਼ੇਸ਼ ਨੋਟ :- ਜੈਤੋ ਦੇ ਮੋਰਚੇ ਵਿਚ ਪ੍ਰਦੇਸਾਂ ਤੋ ਸਿੰਘ ਆਏ ਸਨ , ਜਿਨ੍ਹਾਂ ਨੇ ਪੰਜਾਬ ਵਿਚ ਫਿਰ ਕੇ ਸ਼ਹੀਦੀਆਂ ਜੱਥਿਆਂ ਵਿਚ ਸ਼ਾਮਲ ਹੋਣ ਦਾ ਲੋਕਾਂ ਵਿਚ ਬਹੁਤ ਉਤਸ਼ਾਹ ਭਰਿਆ ਸੀ । ਸਰਕਾਰ ਇਹਨਾਂ ਕੋਲੋਂ ਵੀ ਬਹੁਤ ਦੁਖੀ ਸੀ ।ਇਹਨਾਂ ਨੇ ਜੈਤੋ ਮੋਰਚੇ ਬਾਰੇ ਸਰਕਾਰੀ ਲੇਖੇ ਜੋਖੇ ਉਲਟ ਪੁਲਟ ਕਰ ਦਿੱਤੇ ਸਨ। ਰਾਵਲਪਿੰਡੀ ਦੇ ਦੌਰੇ ਵਕਤ ਇਸ ਜੱਥੇ ਦੇ ਜੱਥੇਦਾਰ ਭਾਈ ਭਗਵਾਨ ਸਿੰਘ ਦੁਸਾਂਝ ਅਤੇ ਮੀਤ ਜੱਥੇਦਾਰ ਭਾਈ ਹਰਬੰਸ ਸਿੰਘ ਪੁਲਿਸ ਦੁਆਰਾ ਫੜ੍ਹ ਲਏ ਗਏ। ਇਹਨਾਂ ਤੇ ਮੁਕੱਦਮਾ ਚਲਾ ਕਿ 15 ਦਸੰਬਰ 1924 ਨੂੰ ਇਹਨਾਂ ਦੋਨਾਂ ਸਿੰਘਾਂ ਨੂੰ ਦੋ ਦੋ ਸਾਲ ਦੀ ਕੈਦ ਤੇ ਇਕ ਇਕ ਹਜ਼ਾਰ ਰੁਪਿਆ ਜ਼ੁਰਮਾਨਾ ਕੀਤਾ ਗਿਆ ।
ਬਲਦੀਪ ਸਿੰਘ ਰਾਮੂੰਵਾਲੀਆ
Author: Gurbhej Singh Anandpuri
ਮੁੱਖ ਸੰਪਾਦਕ