ਬਾਘਾਪੁਰਾਣਾ 16 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਪਿੰਡ ਘੱਲ ਕਲਾਂ ਮੋਗਾ ਵਿਖੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਟੇਡੀਅਮ ਵਿੱਚ ਖਿਡਾਰੀਆਂ ਨਾਲ ਮਿਲਣ ਲਈ ਸੂਦ ਫਾਊਂਡੇਸ਼ਨ ਵੱਲੋਂ ਸ਼੍ਰੀਮਤੀ ਮਲਵਿਕਾ ਸੂਦ, ਬਲਰਾਜ ਜੀ ਤੇ ਉਨ੍ਹਾਂ ਦੇ ਸਾਥੀ ਉਚੇਚੇ ਤੌਰ ਤੇ ਪਹੁੰਚੇ। ਖਿਡਾਰੀਆਂ ਨਾਲ ਮੁਲਾਕਾਤ ਕੀਤੀ,ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਸੁਣਿਆ ਅਤੇ ਸਟੇਡੀਅਮ ਦੀ ਤਰਸਯੋਗ ਹਾਲਤ ਨੂੰ ਅੱਖੀਂ ਦੇਖਿਆ। ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਯਤਨਸ਼ੀਲ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਅਕੈਡਮੀ ਘੱਲ ਕਲਾਂ ਦੇ ਸਾਰੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਅਕੈਡਮੀਂ ਵੱਲੋਂ ਫੌਜ਼ ਅਤੇ ਪੁਲਿਸ ਦੀ ਭਰਤੀ ਨੂੰ ਮੁੱਖ ਰੱਖਕੇ ਕਰਵਾਈਆਂ ਜਾਂਦੀਆਂ ਜ਼ਿਲ੍ਹਾ ਪੱਧਰੀ ਕਰੀਅਰ ਖੇਡਾਂ ਵਿੱਚ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।ਉਸ ਸਮੇਂ ਮੌਕੇ ਤੇ ਮੌਜ਼ੂਦ ਕੋਚ ਸਾਹਿਬਾਨਾਂ ਅਤੇ ਖਿਡਾਰੀਆਂ ਨੇ ਦੱਸਿਆ ਕਿ ਇਹ ਸਟੇਡੀਅਮ ਪਿੰਡ ਦੇ ਬਜ਼ੁਰਗਾਂ ਵੱਲੋਂ ਪਿੰਡ ਵਿੱਚੋਂ ਹੀ ਪੈਸੇ ਇਕੱਠੇ ਕਰਕੇ 1986 ਵਿੱਚ ਬਣਾਇਆ ਗਿਆ ਸੀ ਜੋ ਹੁਣ ਖਸਤਾ ਹਾਲਤ ਬਣ ਗਿਆ ਹੈ। ਪਿਛਲੇ ਵੀਹ ਸਾਲਾਂ ਦੌਰਾਨ ਪੰਜਾਬ ਸਰਕਾਰ ਕੋਲ ਬਹੁਤ ਵਾਰ ਨਵੇਂ ਸਟੇਡੀਅਮ ਦੀਆਂ ਫਾਈਲਾਂ ਤਿਆਰ ਕਰਕੇ ਯਤਨ ਕੀਤੇ ਗਏ ਪਰ ਕੁਝ ਵੀ ਪੱਲੇ ਨਹੀਂ ਪਿਆ। ਹੁਣ ਵੀ ਇੱਕ ਫਾਈਲ ਖੇਡ ਵਿਭਾਗ ਕੋਲ ਅਤੇ ਇੱਕ ਏ ਡੀ ਸੀ ਡਿਵੈਲਪਮੈਂਟ ਕੋਲ ਪਈ ਹੈ।ਇੱਥੇ ਖਿਡਾਰੀਆਂ ਲਈ ਨਾ ਕੋਈ ਚੰਗਾ ਬਾਥਰੂਮ ਹੈ ਤੇ ਨਾ ਹੀ ਪੀਣ ਵਾਲਾ ਪਾਣੀ। ਕਈ ਪਿੰਡਾਂ ਤੋਂ ਲੜਕੇ-ਲੜਕੀਆਂ ਰੋਜ਼ਾਨਾ ਇੱਥੇ ਕੋਚਿੰਗ ਲਈ ਆਉਂਦੇ ਹਨ ਪਰ ਹਰ ਇੱਕ ਨੂੰ ਘਰੋਂ ਆਪਣਾ ਪਾਣੀ ਲਿਆਉਣਾ ਪੈਂਦਾ ਹੈ।ਸੋਲਰ ਲਾਈਟਾਂ ਬਹੁਤ ਸਾਲ ਪਹਿਲਾਂ ਦੀਆਂ ਖ਼ਰਾਬ ਹੋਣ ਕਾਰਨ ਸ਼ਾਮ ਨੂੰ ਹਨੇਰੇ ਵਿੱਚ ਪਰੈਕਟਿਸ ਕਰਨ ਵਿੱਚ ਵੀ ਬਹੁਤ ਮੁਸ਼ਕਿਲਾਂ ਆਉਂਦੀਆਂ। ਇੱਥੇ ਜਿੰਮ ਦੀ ਵੀ ਬਹੁਤ ਸਖ਼ਤ ਜ਼ਰੂਰਤ ਹੈ।
ਕਹਿਣ ਨੂੰ ਤਾਂ ਇਸ ਗਰਾਊਂਡ ਵਿੱਚੋਂ ਪੂਰਾ ਨਾਮਣਾ ਖੱਟਣ ਵਾਲੇ ਏਸ਼ੀਆ ਦੇ ਖਿਡਾਰੀ ਤੇਜਿੰਦਰ ਸਿੰਘ ਤੂਰ ਪੈਦਾ ਹੋਏ। ਹੁਣ ਵੀ ਅਮਨਦੀਪ ਕੌਰ ਪੂਰੇ ਦੇਸ਼ ਵਿੱਚੋਂ ਪਹਿਲੇ ਨੰਬਰ ਤੇ ਆਈ ਹੈ ਤੇ ਏਸ਼ੀਆ ਦੀ ਤਿਆਰੀ ਕਰ ਰਹੀ ਹੈ ਪਰ ਅਫਸੋਸ ਨਵੇਂ-ਪੁਰਾਣੇ ਕਿਸੇ ਖਿਡਾਰੀ ਦੀ ਬਦੌਲਤ ਵੀ ਇਸ ਸਟੇਡੀਅਮ ਦੀ ਕਾਂਇਆਂ ਨਹੀਂ ਕਲਪੀ। ਮੋਗਾ ਸ਼ਹਿਰ ਦੇ ਨੇੜੇ ਸੱਤ ਏਕੜਾਂ ਵਿੱਚ ਚਾਰ ਸੌ ਮੀਟਰ ਦੇ ਟਰੈਕ ਵਾਲਾ ਇਕਲੋਤਾ ਸਟੇਡੀਅਮ ਹੈ ਜਿਸ ਨੇ ਦੇਸ਼ ਨੂੰ ਕਿੰਨੇ ਅੰਤਰ-ਰਾਸ਼ਟਰੀ ਖਿਡਾਰੀ ਦਿੱਤੇ ਪਰ ਦੇਸ਼ ਨੇ ਇਸ ਨੂੰ ਕੁਝ ਵੀ ਨਹੀਂ ਦਿੱਤਾ। ਬਲਕਿ ਖੇਡ ਅਧਿਕਾਰੀਆਂ ਦੀ ਬੇਰੁਖੀ ਤੇ ਲਾਪਰਵਾਹੀ ਦਾ ਸ਼ਿਕਾਰ ਸਟੇਡੀਅਮ ਗਰੀਬ ਪੇਂਡੂ ਬੱਚਿਆਂ ਅਤੇ ਦੋ ਕੋਚਾਂ ਦੀ ਸੇਵਾ ਸਦਕਾ ਅਜੇ ਵੀ ਉਡੀਕ ਰਿਹਾ ਹੈ ਕਿ ਕੋਈ ਮੇਰੀ ਸਾਰ ਲਵੇ।
ਅਜਿਹੇ ਹਾਲਾਤਾਂ ਵਿੱਚ ਸੂਦ ਫਾਊਂਡੇਸ਼ਨ ਤੋਂ ਇੱਕ ਉਮੀਦ ਮੁੜ ਜਾਗੀ ਹੈ ਕਿ ਬਹੁਤਾ ਨਹੀਂ ਤਾਂ ਕੇਵਲ ਖਿਡਾਰੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਵਾਲਾ ਸਮਾਨ ਜ਼ਰੂਰ ਮੁਹੱਈਆ ਕਰਵਾਇਆ ਜਾਵੇ ਜਿਵੇਂ ਡੰਬਲ, ਗੱਦੇ,ਹਾਈਜੰਪ ਸਟੈਂਡ,ਕਰਾਸਬਾਰਾਂ, ਕਿੱਟਾਂ, ਜਿੰਮ ਦੀਆਂ ਮਸ਼ੀਨਾਂ, ਪਾਣੀ ਤੇ ਬਾਥਰੂਮਾਂ ਦਾ ਪ੍ਰਬੰਧ। ਜੇਕਰ ਸਟੇਡੀਅਮ ਅਤੇ ਸਰਕਾਰੀ ਸਕੂਲਾਂ ਦੇ ਨਾਲ ਸਾਲਾਂ ਤੋਂ ਖੜ੍ਹਾ ਗੰਦਾ ਪਾਣੀ ਅੱਖੀਂ ਦੇਖਿਆ ਜਾਵੇ ਤਾਂ ਕਰੋਨਾ ਤੇ ਡੇਂਗੂ ਜਿਹੀਆਂ ਬੀਮਾਰੀਆਂ ਦੇ ਹਾਲਾਤਾਂ ਵਿੱਚ ਕਿਸੇ ਵੀ ਨਿਰਦਈ ਨੂੰ ਬੱਚਿਆਂ ਤੇ ਤਰਸ ਆ ਜਾਵੇਗਾ।ਇਸ ਮੌਕੇ ਤੇ ਮੌਜ਼ੂਦ ਕੋਚ ਸ.ਗੁਰਦੀਪ ਸਿੰਘ,ਸ.ਹਰਦੇਵ ਸਿੰਘ, ਅਕੈਡਮੀ ਪ੍ਰਧਾਨ ਸ.ਜਬਰਜੰਗ ਸਿੰਘ, ਸ.ਗੁਰਨਾਮ ਸਿੰਘ,ਸ.ਹਰਬੰਸ ਸਿੰਘ, ਸ.ਅਜੀਤ ਸਿੰਘ,ਸ.ਬਲਦੇਵ ਸਿੰਘ,ਕਾਲੂ ਸਿੰਘ, ਬੇਅੰਤ ਸਿੰਘ, ਸੁਖਦੇਵ ਸਿੰਘ,ਲਾਲਾ ਸਿੰਘ ਅਤੇ ਪਰਮਜੀਤ ਸਿੰਘ, 50-60 ਖਿਡਾਰੀ ਹਾਜ਼ਰ ਸਨ।ਸਭ ਦੀਆਂ ਨਜ਼ਰਾਂ ਇਸ ਸਰਬ ਸਾਂਝੇ ਕੰਮ ਲਈ ਬੜੀਆਂ ਉਮੀਦਾਂ ਨਾਲ ਤੱਕ ਰਹੀਆਂ ਸਨ ਕਿ ਕਦੋਂ ਸਰਕਾਰ ਸੱਚਮੁੱਚ ਹੀ ਇਸ ਸਟੇਡੀਅਮ ਦੀ ਸਾਰ ਲਵੇਗੀ। ਹੁਣ ਤਾਂ ਇੰਨੇ ਅੰਤਰਰਾਸ਼ਟਰੀ ਖਿਡਾਰੀ ਅਤੇ ਫੌਜ਼-ਪੁਲਿਸ ਦੇ ਮੁਲਾਜ਼ਮ ਪੈਂਦਾ ਕਰਕੇ ਇਸ ਨੇ ਆਪਣੇ ਆਪ ਨੂੰ ਜ਼ਰੂਰੀ ਸਾਬਿਤ ਵੀ ਕਰ ਦਿੱਤਾ ਹੈ।ਅੰਤ ਵਿੱਚ ਅਕੈਡਮੀ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਇਸ ਵਿੱਚ ਨਿੱਜੀ ਕੋਈ ਹਿੱਤ ਨਹੀਂ ਹੈ,ਜੋ ਵੀ ਕਰ ਰਹੇ ਹਾਂ ਗਰੀਬ ਬੱਚਿਆਂ ਦੀ ਭਲਾਈ ਅਤੇ ਪਿੰਡ ਦੇ ਵਿਕਾਸ ਲਈ ਆਪਣੀਆਂ ਜੇਬਾਂ ਵਿੱਚੋਂ ਯਤਨ ਕਰ ਰਹੇ ਹਾਂ, ਜਦੋਂ ਸਰਕਾਰ ਕਰੂਗੀ ਉਦੋਂ ਦੇਖਾਂਗੇ।ਭੱਜਨੱਠ ਬਥੇਰੀ ਕਰੀ ਜਾ ਰਹੇ ਹਾਂ, ਇਹ ਸਾਡਾ ਫਰਜ਼ ਹੈ ਪਰ ਇੰਨੀ ਬੇਕਦਰੀ ਚਾਹੀਦੀ ਨਹੀਂ,ਜਿੰਨੀ ਸਟੇਡੀਅਮ ਤੇ ਖਿਡਾਰੀਆਂ ਦੀ ਹੋ ਰਹੀ ਹੈ। ਅਸੀਂ ਤਾਂ ਬਸ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਹੀ ਕਰ ਸਕਦੇ ਹਾਂ , ਹੋਰ ਸਾਡੇ ਵੱਸ ਕੀ ਹੈ…
Author: Gurbhej Singh Anandpuri
ਮੁੱਖ ਸੰਪਾਦਕ