ਬਾਘਾ ਪੁਰਾਣਾ 17 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਦਾ ਵਫਦ ਮਜਦੂਰ ਆਗੂ ਮੇਜਰ ਸਿੰਘ ਕਾਲੇਕੇ ਪ੍ਧਾਨ ਜਿਲ੍ਹਾ ਮੋਗਾ ਦੀ ਅਗਵਾਈ ਚ ਐਕਸੀਅਨ (ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ) ਬਾਘਾ ਪੁਰਾਣਾ ਨੂੰ ਮਿਲਿਆ।ਵਫਦ ਵਲੋਂ ਮੰਗ ਕੀਤੀ ਗਈ ਕਿ ਮਜਦੂਰਾਂ ਦੇ ਪੱਟੇ ਬਿਜਲੀ ਮੀਟਰ ਫੌਰੀ ਲਾਏ ਜਾਣ, ਰਹਿੰਦੇ ਬਿਜਲੀ ਬਿੱਲ ਬਕਾਏ ਮੁਆਫ ਕੀਤੇ ਜਾਣ, ਪਿੰਡ ਕਾਲੇਕੇ ਮਜਦੂਰ ਬਸਤੀਆਂ ਚ ਨਕਾਰਾ ਹੋਈਆਂ ਐਲ ਟੀ ਤਾਰਾਂ ਫੌਰੀ ਬਦਲੀਆਂ ਜਾਣ।ਸੰਬੰਧਿਤ ਅਧਿਕਾਰੀ ਵਲੋਂ ਮਜਦੂਰ ਆਗੂਆਂ ਨੂੰ ਪੱਟੇ ਮੀਟਰ ਬਿਨਾਂ ਸਰਤ ਲਾਉਣ ਦਾ ਭਰੋਸਾ ਦਿੱਤਾ ਅਤੇ ਨਕਾਰਾ ਤਾਰਾਂ ਬਦਲਣ ਲਈ ਅਦੇਸ਼ ਜਾਰੀ ਕੀਤੇ ਗਏ। ਮਜਦੂਰ ਆਗੂਆਂ ਨੇ ਇਹ ਜਾਣਕਾਰੀ ਪੈ੍ਸ ਨੂੰ ਦਿੰਦੇ ਹੋਏ ਦੱਸਿਆ ਹੈ ਕਿ ਲੰਬੇ ਸੰਘਰਸ਼ ਤੋਂ ਬਾਅਦ ਸੱਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ 23 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਮੰਤਰੀ ਅਤੇ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਬਾਕੀ ਮੰਗਾਂ ਸਮੇਤ ਸਾਰੇ ਬਿਜਲੀ ਬਿੱਲ ਬਕਾਏ ਮੁਆਫ਼ ਕਰਨ,ਪੱਟੇ ਮੀਟਰ ਵਾਪਸ ਲਾਉਣ ਬਾਰੇ ਮੰਨਿਆ ਗਿਆ ਸੀ।ਜਦੋਂ ਕਿ ਵੱਡੀ ਗਿਣਤੀ ਖਪਤਕਾਰਾਂ ਨੂੰ ਬਿਜਲੀ ਬਿੱਲ ਜਿਉਂ ਦੇ ਤਿਉਂ ਆ ਰਹੇ ਹਨ।ਪੱਟੇ ਬਿਜਲੀ ਮੀਟਰ ਲਾਉਣ ਬਾਰੇ ਅਧਿਕਾਰੀ ਟਾਲ ਮਟੋਲ ਕਰ ਰਹੇ ਹਨ। ਮਜਦੂਰ ਆਗੂਆਂ ਨੇ ਸਰਕਾਰ ਅਤੇ ਉਸ ਦੇ ਝੂਠੇ ਲੀਡਰਾਂ ਤੋਂ ਮਜਦੂਰਾਂ ਨੂੰ ਖਬਰਦਾਰ ਹੋਣ ਦੀ ਅਪੀਲ ਕਰਦਿਆਂ ਆਪ ਜੱਥੇਬੰਦ ਅਤੇ ਚੇਤੰਨ ਹੋਕੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਵਫਦ ਚ ਹਾਕਮ ਸਿੰਘ,ਜਲੌਰ ਸਿੰਘ,ਇਕਬਾਲ ਸਿੰਘ,ਬਲਵੰਤ ਸਿੰਘ (ਰਾਜੂ),ਗੁਲਜਾਰਾ ਸਿੰਘ,ਸਰਬਜੀਤ ਸਿੰਘ,ਗੁਰਦੀਪ ਸਿੰਘ ਆਦਿ ਆਗੂ ਵੀ ਹਾਜਰ ਸਨ।