ਅੱਜ ਕੱਲ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀਆਂ ਪੰਜਾਬ ‘ਚ ਗੇੜੀਆਂ ਦੀ ਗਿਣਤੀ ਬਹੁਤ ਵਧੀ ਹੋਈ ਹੈ| ਉਹ ਧੜਾ-ਧੜ ਗਾਰੰਟੀਆਂ ਦੇ ਰਹੇ ਹਨ| ਪੰਜਾਬ ਦੇ ਮੁੱਖ ਮੰਤਰੀ ਲਈ ਸਿੱਖ ਤੇ ਹਰਮਨ ਪਿਆਰੇ ਚਿਹਰੇ ਦੇ ਦਾਅਵੇ ਵੀ ਕਰ ਰਹੇ ਹਨ| ਇਸ ਗੇੜੀ ‘ਚ ਤਾਂ ਉਨ੍ਹਾਂ ਇਹ ਵੀ ਆਖ਼ ਦਿੱਤਾ ਕਿ ਚਿਹਰਾ ਲੱਭ ਲਿਆ ਗਿਆ ਹੈ| ਬੱਸ! 20 ਕੁ ਦਿਨ ‘ਚ ਐਲਾਨ ਕਰ ਦਿੱਤਾ ਜਾਵੇਗਾ| ਜੇ ਲੱਭ ਹੀ ਲਿਆ ਤਾਂ ਫ਼ਿਰ 20 ਦਿਨ ਕਾਹਦੇ ਵਾਸਤੇ? ਖੈਰ! ਅੱਜ ਅਸੀਂ ਕੇਜਰੀਵਾਲ ਨੂੰ ਇਹ ਵੀ ਪੁੱਛਣਾ ਚਾਹਾਂਗੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਪੈਰੋਲ ਤੇ ਦਸਤਖਤ ਕਦੋਂ ਕਰਨਗੇਂ| ਦੂਸਰਾ ਇਹ ਵੀ ਪੁਛਣਾ ਚਾਹਾਂਗੇ ਕਿ ਉਨ੍ਹਾਂ ਨੂੰ ਜਿਹੜਾ ਪੰਜਾਬ ਵਾਲ੍ਹਿਆਂ ਨੂੰ ਤਿਰੰਗਾ ਭਗਤ ਬਣਾਉਣ ਦਾ ਚਾਅ ਚੜ੍ਹਿਆ ਹੋਇਆ ਹੈ, ਇਹ ਕਿਉਂ? ਕੀ ਪੰਜਾਬ ਵਾਲ੍ਹਿਆਂ ਦੀ ਦੇਸ਼ ਭਗਤੀ ਤੇ ਸ਼ੱਕ ਹੈ? ਤੀਜਾ ਜਿਹੜਾ ਉਨ੍ਹਾਂ ਨੇ ਜਲੰਧਰ ‘ਚ ਕੌਮਾਤਰੀ ਏਅਰਪੋਰਟ ਬਣਾਉਣ ਦਾ ਐਲਾਨ ਕੀਤਾ ਹੈ| ਉਸ ਬਾਰੇ ਚਰਚਾ ਕਰਨੀ ਚਾਹੁੰਦੇ ਹਾਂ| ਪਹਿਲੀ ਗੱਲ੍ਹ ਤਾਂ ਕੇਜਰੀਵਾਲ ਨੂੰ ਵੀ ਭਲੀ-ਭਾਂਤ ਪਤਾ ਹੋਵੇਗਾ ਕਿ ਕੌਮਾਤਰੀ ਏਅਰਪੋਰਟ ਕੇਂਦਰ ਦੇ ਹਵਾਬਾਜ਼ੀ ਵਿਭਾਗ ਨੇ ਬਣਾਉਣਾ ਹੁੰਦਾ ਹੈ| ਸੂੁਬਾ ਸਰਕਾਰ ਤਾਂ ਸਿਫਾਰਸ਼ ਕਰ ਸਕਦੀ ਹੈ ਤੇ ਜ਼ਮੀਨ ਆਦਿ ਲੈਣ ਲਈ ਹੱਥ ਵਟਾ ਸਕਦੀ ਹੈ| ਦੂਜਾ ਜਲੰਧਰ ਤੋਂ ਸਿਰਫ਼ 80 ਕਿ:ਮੀ ਦੂਰੀ ਤੇ ਸਿੱਖ ਲਈ ਧਾਰਮਿਕ ਸ਼ਰਧਾ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਵਿਖੇ ਪਹਿਲਾ ਹੀ ਕੌਮਾਤਰੀ ਹਵਾਈ ਅੱਡਾ ਹੈ| ਜਿਸਨੂੰ ਦਿੱਲੀ ਵਾਲੇ ਸਫ਼ਲ ਨਹੀਂ ਹੋਣ ਦੇ ਰਹੇ ਹੈ| ਜਲੰਧਰ ਦਾ ਅਰਥ ਦੁਆਬਾ ਹੈ| ਦੁਆਬੇ ਵਾਲਿਆਂ ਨੂੰ ਖ਼ੁਸ ਕਰਨ ਲਈ ਕੇਜਰੀਵਾਲ ਦਾ ਸ਼ੋਸਾ ਛੱਡਣਾ ਜ਼ਰੂਰ ਸਮਝ ਆਉਂਦਾ ਹੈ| ਪ੍ਰੰਤੂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਣਦੇਖੀ ਕਰਨੀ ਸਮਝ ਤੋਂ ਬਾਹਰੀ ਹੈ| ਕੋਈ ਵੀ ਸਿੱਖ ਚਾਹੇ ਉਸਨੂੰ ਕਿੰਨੀ ਵੱਡੀ ਸਹੂਲਤ ਮਿਲਦੀ ਹੋਵੇ, ਸ੍ਰੀ ਅਮ੍ਰਿਤਸਰ ਸਾਹਿਬ ਸ਼ਹਿਰ ਦੇ ਨਾਮ ਤੇ ਸਹੂਲਤਾਂ ਦਾ ਮੁਕਾਬਲਾ ਨਹੀਂ ਚਾਹੇਗਾ, ਉਸਦੀ ਪਹਿਲੀ ਤੇ ਆਖ਼ਰੀ ਪਸੰਦ ਹੋਵੇਗੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਦੁਨੀਆ ‘ਚ ਪ੍ਰਸਿਧੀ ਹੋਰ ਵਧੇ| ਕੇਜਰੀਵਾਲ ਆਪਣੀਆਂ ਚੋਣ ਰੈਲੀਆਂ ਨੂੰ ਤਿਰੰਗ ਯਾਤਰਾ ਕਿਉਂ ਬਣਾ ਰਹੇ ਹਨ? ਕੀ ਉਹ ਭੁੱਲ ਜਾਂਦੇ ਹਨ ਕਿ ਇਸ ਤਿਰੰਗੇ ਲਈ ਸਿੱਖਾਂ ਤੇ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ| ਪ੍ਰੰਤੂ ਤਿਰੰਗੇ ਵਾਲਿਆਂ ਨੇ ਸਿੱਖਾਂ ਨਾਲ ਵਿਸ਼ਵਾਸਘਾਤ, ਧੱਕੇਸ਼ਾਹੀ ਤੇ ਵਿਤਕਰੇਬਾਜ਼ੀ ਕੀਤੀ| ਉਨ੍ਹਾਂ ਨੇ ਅਜ਼ਾਦੀ ਮਿਲਣ ਤੇ ਸਭ ਤੋਂ ਪਹਿਲਾ ਸਿੱਖਾਂ ਦੀ ਵਫ਼ਾਦਾਰੀ ਤੇ ਹੀ ਸ਼ੱਕ ਕੀਤਾ? ਉਨ੍ਹਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਗਿਆ| ਇਸ ਤਿਰੰਗੇ ਨੂੰ ਲਾਲ ਕਿਲੇ ਤੇ ਲਹਿਰਾਉਣ ਵਾਲ੍ਹਿਆਂ ਨੇ ਸਿੱਖਾਂ ਨਾਲ ਗ਼ਦਾਰੀਆਂ ਦੀ ਹੀ ਗਾਥਾ ਲਿਖੀ ਹੈ| ਦੇਸ਼ ਦੀ ਅਜ਼ਾਦੀ ਤੋਂ ਬਾਅਦ ਦੇ ਅੰਕੜੇ ਇਕੱਠੇ ਕਰ ਲਵੋ, ਹੁਣ ਤੱਕ ਸਭ ਤੋਂ ਵੱਧ ਮ੍ਰਿਤਕ ਦੇਹਾਂ ਜੇ ਤਿਰੰਗੇ ‘ਚ ਲਿਪਟ ਕੇ ਆਈਆਂ ਹਨ ਤਾਂ ਉਨ੍ਹਾਂ ਸਿੱਖ ਫੌਜੀਆਂ ਦੀ ਹਨ | ਪ੍ਰੰਤੂ ਤਿਰੰਗੇ ਵਾਲੇ ਸਿੱਖਾਂ ਨੂੰ ਦੇਸ਼ ਦੇ ਸੱਚੇ ਸਪੂਤ ਮੰਨਣ ਲਈ ਤਿਆਰ ਨਹੀਂ| ਯੂ.ਅੱਪਾ ਜ਼ਿਲ੍ਹੇ ਅਧੀਨ ਦੇਸ਼ ਧਿਰੋਹ ਦੇ ਜੋ ਸਭ ਤੋਂ ਵੱਧ ਕੇਸ ਹਨ ਤਾਂ ਉਹ ਸਿੱਖਾਂ ਵਿਰੁੱਧ ਹਨ| ਅੱਜ ਪੰਜਾਬ ਤਬਾਹੀ ਦੇ ਕੰਢੇ ਖੜ੍ਹਾ ਹੈ ਤਾਂ ਇਸ ਲਈ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਹੀ ਭਾਰੂ ਹੈ| ਸਿੱਖਾਂ ਨੂੰ ਦੇਸ਼ ਭਗਤੀ ਸਿਖਾਉਣ ਦੀ ਲੋੜ ਨਹੀਂ, ਉਹ ਤਾਂ ਦੇਸ਼ ‘ਚ ਬਰਾਬਰ ਦੇ ਸ਼ਹਿਰੀ ਵਾਲੇ ਹੱਕ ਮੰਗਦੇ ਹਨ | ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਦੇ ਉਹ ਬੋਲ ਅੱਜ ਵੀ ਹਰ ਸਿੱਖ ਦੇ ਕੰਨਾਂ ‘ਚ ਗੂੰਜਦੇ ਹਨ ਕਿ ਜੇ ਸਾਨੂੰ ਇਸ ਦੇਸ਼ ਨੇ ਨਾਲ ਰੱਖਣਾ ਹੈ ਤਾਂ ਬਰਾਬਰ ਦੇ ਸ਼ਹਿਰੀ ਬਣਾਕੇ ਰੱਖੇ| ਪ੍ਰੰਤੂ ਉਸਦਾ ਜਵਾਬ ਦਰਬਾਰ ਸਾਹਿਬ ਤੇ ਫੌਜੀ ਹੱਲੇ ਦੇ ਰੂਪ ‘ਚ ਦਿੱਤਾ ਗਿਆ| ਕਿ ਤੁਸੀ ਗ਼ੁਲਾਮ ਹੋਕੇ ਬਰਾਬਰੀ ਦੀ ਗੱਲ੍ਹ ਕਰਦੇ ਹੋ| ਦਿੱਲੀ ਪੰਜਾਬ ਦਾ ਖਹਿੜਾ ਛੱਡਣ ਲਈ ਤਿਆਰ ਨਹੀਂ| ਸਿੱਖ ਸਰਦਾਰਾਂ ਦੇ ਸੂਬੇ ‘ਚ ਪਹਿਲਾ ਤੁਸੀ ਟੋਪੀਆਂ ਵਾੜੀਆਂ, ਹੁਣ ਕੇਸਰੀ ਨਿਸ਼ਾਨ ਸਾਹਿਬ ਹੀ ਥਾਂ ਤਿਰੰਗਾ ਝੁਲਾਉਣਾ ਚਾਹੁੰਦੇ ਹੋ| ਨਿਸ਼ਾਨ ਸਾਹਿਬ ਤਾਂ ਸਮੁੱਚੀ ਮਾਨਵਤਾ ਦੀ ਅਜ਼ਾਦੀ ਤੇ ਚੜ੍ਹਦੀ ਕਲਾਂ ਦਾ ਪ੍ਰਤੀਕ ਹੈ| ਤਿਰੰਗਾ ਤਾਂ ਇੱਕ ਦੇਸ਼ ਦੀ ਅਜ਼ਾਦੀ ਤੱਕ ਸੀਮਤ ਹੈ| ਜਿਹੜਾ ਵਿਅਕਤੀ ਜਾਂ ਧਿਰ ਸਿੱਖ ਸੱਭਿਅਤਾ, ਸਿੱਖ ਵਿਰਸੇ ਜਾਂ ਸਿੱਖੀ ਸਿਧਾਤਾਂ ਦੀ ਜਾਣਕਾਰੀ ਹੀ ਨਹੀਂ ਰੱਖਦੀ, ਉਹ ਸਿੱਖਾਂ ਦੇ ਦਿਲ ਕਿਵੇਂ ਜਿੱਤ ਲਵੇਗੀ? ਸੂਬੇ ਦੀ ਸੱਤਾਂ ਤਾਂ ਅਗਲੀ ਗੱਲ੍ਹ ਹੈ| ਪੰਜਾਬ ਗੁਰੂਆਂ ਦੇ ਨਾਮ ਵੱਸਦਾ ਹੈ| ਗੁਰੂ ਸਾਹਿਬਾਨ ਨੇ ਸਰਬੱਤ ਦੇ ਭਲੇ ਦਾ ਸਿਧਾਂਤ ਦਿੱਤਾ ਹੋਇਆ ਹੈ| ਫ਼ਿਰ ਇਸ ਕੌਮ ਨੂੰ ਕਿਹੜੀ ਦੇਸ਼ ਭਗਤੀ ਪੜ੍ਹਾਈ ਜਾ ਰਹੀ ਹੈ? ਸਿਆਸੀ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਹੁਣ ਬਹੁਤ ਸਿਆਣੇ ਹੋ ਚੁੱਕੇ ਹਨ| ਉਹ ਵਾਅਦਿਆਂ, ਸਹੁੰਆਂ ਤੇ ਗਾਰੰਟੀਆਂ ਦੀ ਸਿਆਸਤ ਨਾਲ ਬੇਵਕੂਫ਼ ਬਣਨ ਵਾਲੇ ਨਹੀਂ| ਕੇਜਰੀਵਾਲ ਦੀ ਗਰੰਟੀਆਂ ਦੀ ਸਿਆਸਤ ਜਲੰਧਰ ‘ਚ ਕੌਮਾਤਰੀ ਹਵਾਈ ਅੱਡੇ ਦੀ ਸਿਆਸਤ ਨਾਲ ਨੰਗੀ ਹੋ ਗਈ ਹੈ| ਹੁਣ ਹਰ ਸਿਆਸਤਦਾਨ ਨੂੰ ਪਹਿਲਾ 100 ਵਾਰੀ ਸੋਚਣਾ ਪਵੇਗਾ, ਫ਼ਿਰ ਬੋਲਣਾ, ਤੇ ਹਰ ਗਰੰਟੀ ਤੋਂ ਪਹਿਲਾ ਸਾਰੇ ਅੰਕੜਿਆਂ ਦਾ ਮੁਲਾਂਕਣ ਕਰਨਾ ਪਵੇਗਾ| ਵੋਟਰ ਹੁਣ ਬਾਲ ਹੀ ਖੱਲ ਲਾਹੁਣਾ ਸਿੱਖ ਗਏ ਹਨ| ਉਨ੍ਹਾਂ ਨੂੰ ਮੂਰਖ ਬਣਾਉਣ ਲਈ ਵੀ ਪਹਿਲਾ ਹੋਮਵਰਕ ਕਰਕੇ ਆਉਣਾ ਪਵੇਗਾ| ਪੰਜਾਬ ਦੇ ਬਣਨ ਲਈ ਪੰਜਾਬ ਤੇ ਪੰਜਾਬੀ ਸੁਭਾਅ ਤੇ ਸਿੱਖ ਸਭਿਅਤਾ ਬਾਰੇ ਪੂਰਾ-ਪੂਰਾ ਗਿਆਨ ਹੋਣਾ ਅਤਿ ਜ਼ਰੂਰੀ ਹੈ| 2014 ਤੋਂ ਬਾਅਦ, ਬਹੁਤ ਸਾਰਾ ਪਾਣੀ ਪੁੱਲਾਂ ਥੱਲਿਓ ਨਿਕਲ ਚੁੱਕਾ ਹੈ| ਪੰਜਾਬ ਨੂੰ ਹੁਣ 2014 ਵਾਲਾ ਪੰਜਾਬ ਨਾ ਸਮਝੋ|
Author: Gurbhej Singh Anandpuri
ਮੁੱਖ ਸੰਪਾਦਕ