“ਪੰਜ ਦਰਿਆਵਾਂ, ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ’ਤੇ ਜੇ ਮਜੀਠੀਆ ਬੇਕਸੂਰ ਹੈ ਤਾਂ ਡਰਨ ਦੀ ਕੀ ਲੋੜ, ਕਾਨੂੰਨ ਸਾਹਮਣੇ ਪੇਸ਼ ਹੋ ਕੇ ਦਲੀਲ ਰੱਖੇ”
“ਨਸ਼ਿਆਂ ਦੇ ਮਾਮਲੇ ਤੋਂ ਪੰਥਕ ਪਾਰਟੀ ਦੂਰ ਰਹੇ, ਅਕਾਲੀ ਸ਼ਬਦ ’ਤੇ ਚਿੱਕੜ ਪੈਂਦਾ, ਕਾਨੂੰਨ ਨੂੰ ਆਪਣੇ ਢੰਗ ਨਾਲ ਕੰਮ ਕਰਨ ਦੇਣਾ ਚਾਹੀਦੈ”
ਖੰਨਾ, 24 ਦਸੰਬਰ (ਲਾਲ ਸਿੰਘ ਮਾਂਗਟ) ਅਕਾਲੀ ਦਲ ਬਾਦਲ ਵੱਲੋਂ ਬਿਕਰਮ ਸਿੰਘ ਮਜੀਠੀਏ ਖਿਲਾਫ ਨਸ਼ਾ ਤਸਕਰੀ ਤਹਿਤ ਦਰਜ ਕੀਤੇ ਮਾਮਲੇ ਖਿਲਾਫ ਅੱਜ ਐਸਐਸਪੀ ਦਫਤਰ ਖੰਨਾ ਬਾਹਰ ਦਿੱਤੇ ਧਰਨੇ ਬਾਰੇ ਤਿੱਖਾ ਪ੍ਰਤੀਕਰਮ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਖੰਨਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਅਤੇ ਫੂਲੇ ਸ਼ਾਹ ਅੰਬੇਡਕਰ ਲੋਕ ਜਗਾਉ ਮੰਚ ਦੇ ਆਗੂ ਤੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਅਕਾਲੀ ਦਲ ਪੰਥਕ ਪਾਰਟੀ ਵਜੋਂ ਪੰਥ, ਪੰਜਾਬ ਤੇ ਪੰਜਾਬੀਅਤ ਦਾ ਰਖਵਾਲਾ ਹੋਣ ਕਰਕੇ ਦੁਨੀਆ ਭਰ ’ਚ ਜਾਣਿਆ ਜਾਂਦਾ ਹੈ, ਜਿਹੜੀ ਪੰਥਕ ਪਾਰਟੀ ਕਦੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰੂ ਕਾ ਬਾਗ, ਜੈਤੋ ਦਾ ਮੋਰਚਾ, ਚਾਬੀਆਂ, ਪੰਜਾਬੀ ਸੂਬਾ, ਐਮਰਜੈਂਸੀ ਖਿਲਾਫ਼ ਤੇ ਧਰਮ ਯੁੱਧ ਆਦਿ ਅਨੇਕਾਂ ਮੋਰਚੇ ਲਗਾਉਣ ਕਰਕੇ ਜਾਣੀ ਜਾਂਦੀ ਹੈ। ਉਹ ਪਾਰਟੀ ਇੱਕ ਆਗੂ ਦਾ ਨਸ਼ਿਆਂ ਦੇ ਵਪਾਰ ’ਚ ਨਾਮ ਆਉਣ ’ਤੇ ਉਸਦੇ ਹੱਕ ਵਿੱਚ ਧਰਨੇ ਦੇ ਰਹੀ ਹੈ। ਉਹਨਾਂ ਕਿਹਾ ਕਿ ਲੋਕ ਪੰਥਕ ਪਾਰਟੀ ਸ਼ਬਦ ਦਾ ਮਜਾਕ ਉਡਾ ਰਹੇ ਹਨ, ਜਿਸ ਦਾ ਸਾਨੂੰ ਦਿਲੋਂ ਦੁੱਖ ਲੱਗ ਰਿਹਾ ਹੈ। ਸਾਡਾ ਬਿਕਰਮ ਸਿੰਘ ਮਜੀਠੀਏ ਨਾਲ ਕੋਈ ਵੈਰ ਵਿਰੋਧ ਨਹੀਂ, ਅਸੀਂ ਉਸਨੂੰ ਦੋਸ਼ੀ ਵੀ ਕਰਾਰ ਨਹੀਂ ਦਿੰਦੇ ਅਤੇ ਨਾ ਹੀ ਸਾਡੀ ਕੋਈ ਮੰਦੀ ਭਾਵਨਾ ਹੈ ਪਰ ਸਾਡਾ ਤਾਂ ਇਹੀ ਵਿਚਾਰ ਹੈ ਕਿ ਜੇਕਰ ਬਿਕਰਮ ਸਿੰਘ ਮਜੀਠੀਏ ਨੇ ਕੁੱਝ ਨਹੀਂ ਕੀਤਾ ਤੇ ਉਹ ਸਚਮੁੱਚ ਬੇਕਸੂਰ ਹੈ ਤਾਂ ਡਰਨ ਦੀ ਕੀ ਲੋੜ ਹੈ। ਉਹ ਕਾਨੂੰਨ ਸਾਹਮਣੇ ਪੇਸ਼ ਹੋ ਕੇ ਆਪਣੀ ਦਲੀਲ ਰੱਖੇ। ਸਾਡੇ ਦੇਸ਼ ਦਾ ਕਾਨੂੰਨ ਸਭ ਲਈ ਇੱਕ ਬਰਾਬਰ ਹੈ, ਕਾਨੂੰਨ ’ਤੇ ਵਿਸ਼ਵਾਸ਼ ਕਰਨਾ ਚਾਹੀਦਾ ਹੈ ਅਤੇ ਇਨਸਾਫ਼ ਤੱਥਾਂ ਦੇ ਅਧਾਰ ਤੇ ਹੀ ਮਿਲਣਾ ਹੈ। ਸਾਡਾ ਤਾਂ ਇਹੀ ਵਿਚਾਰ ਹੈ ਕਿ ਨਸ਼ਿਆਂ ਦੇ ਮਾਮਲੇ ਤੋਂ ਪੰਥਕ ਪਾਰਟੀ ਨੂੰ ਦੂਰ ਰੱਖਣਾ ਚਾਹੀਦਾ ਹੈ। ਇਸ ਨਾਲ ਅਕਾਲੀ ਸ਼ਬਦ ’ਤੇ ਵੀ ਚਿੱਕੜ ਪੈਂਦਾ ਜਾਪ ਰਿਹਾ ਹੈ ਤੇ ਕਾਨੂੰਨ ਨੂੰ ਆਪਣੇ ਢੰਗ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ।
ਨਸ਼ਿਆਂ ਬਾਰੇ ਆਪਣੇ ਜਜਬਾਤ ਪ੍ਰਗਟਾਉਂਦੇ ਹੋਏ ਸ੍ਰ. ਟਿੱਲੂ ਤੇ ਕਾਲੀ ਪਾਇਲ ਨੇ ਕਿਹਾ ਕਿ ਨਸ਼ੇ ਸਾਡੇ ਪੰਜਾਬ ’ਤੇ ਗਹਿਰਾ ਧੱਬਾ ਸਾਬਤ ਹੋਏ ਹਨ ਅਤੇ ਇਹ ਧੱਬਾ ਅਜੇ ਵੀ ਧੋਤਾ ਨਹੀਂ ਗਿਆ। ਨਸ਼ਿਆਂ ਨੇ ਸਾਡੇ ਪੰਜਾਬ ਨੂੰ ਤਬਾਹ ਕਰ ਦਿੱਤਾ, ਘਰਾਂ ਦੇ ਘਰ ਉਜੜ ਗਏ, ਮਾਵਾਂ ਦੀਆਂ ਕੁੱਖਾਂ ਉਜੜ ਗਈਆਂ, ਭੈਣਾਂ ਦੇ ਇਕਲੌਤੇ ਭਰਾ ਨਸ਼ਿਆਂ ਦੀ ਭੇਂਟ ਚੜ ਗਏ ਅਤੇ ਕਈ ਵਿਚਾਰੀਆਂ ਜਵਾਨੀ ’ਚ ਵਿਧਵਾ ਹੋ ਗਈਆਂ, ਜਿਹਨਾਂ ਬਾਰੇ ਪੂਰੇ ਤਰਾਂ ਵੇਰਵੇ ਤੱਕ ਵੀ ਇਕੱਤਰ ਨਹੀਂ ਕੀਤੇ ਜਾ ਸਕਦੇ। ਸ੍ਰ. ਟਿੱਲੂ ਤੇ ਕਾਲੀ ਪਾਇਲ ਨੇ ਕਿਹਾ ਕਿ ਨਸ਼ਿਆਂ ਦਾ ਮੁੱਦਾ ਅਤੀ ਸੰਵੇਦਨਸ਼ੀਲ ਹੈ, ਜਿਸ ਨੇ ਸਾਡੀ ਜਵਾਨੀ ਨੂੰ ਤਬਾਹ ਕੀਤਾ ਤੇ ਸਾਡੀ ਆਰਥਿਕਤਾ ਨੂੰ ਭਾਰੀ ਸੱਟ ਮਾਰੀ। ਨਸ਼ਿਆਂ ਦੇ ਸੌਦਾਗਰਾਂ ਦਾ ਪਰਦਾਫਾਸ਼ ਹੋਣਾ ਜਰੂਰੀ ਹੈ ਅਤੇ ਪੰਜਾਬ ਦੇ ਲੋਕਾਂ ਦੀ ਮੁੱਖ ਮੰਗ ਹੈ ਕਿਉਂਕਿ ਸਾਡੀ ਧਰਤੀ ਪੰਜ ਦਰਿਆਵਾਂ ਦੀ ਤੇ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹੈ। ਇਸ ਧਰਤੀ ’ਤੇ ਨਸ਼ਿਆਂ ਦਾ ਵੱਧਣਾ ਫੁੱਲਣਾ ਸਾਡੀ ਧਰਤੀ, ਸਾਡੇ ਇਤਿਹਾਸ ਨੂੰ ਕਲੰਕਿਤ ਕਰਨ ਬਰਾਬਰ ਹੈ ਪਰ ਸਰਕਾਰਾਂ ਵੱਲੋਂ ਵਾਅਦੇ ਕਰਨ ਦੇ ਬਾਵਜੂਦ ਵੀ ਨਸ਼ਿਆਂ ਦੇ ਕਾਰੋਬਾਰੀਆਂ, ਸੌਦਾਗਰਾਂ ਨੂੰ ਕਾਬੂ ਕਰਨ ਤੇ ਨਸ਼ਿਆਂ ਦੇ ਫੈਲਾਅ ਨੂੰ ਰੋਕਣ ’ਚ ਨਾਕਾਮ ਰਹਿਣ ਕਾਰਨ ਲੋਕਾਂ ’ਚ ਰੋਹ ਵੱਧ ਰਿਹਾ ਹੈ। ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਨਾਕਾਮ ਰਹੀਆਂ ਹਨ ਅਤੇ ਇਹ ਸਵਾਲ ਵੀ ਅੱਜ ਵੀ ਬੜਾ ਗੁੰਝਲਦਾਰ ਬਣਿਆ ਰਿਹਾ ਕਿ ਆਖਰ ਉਹ ਕੌਣ ਹੈ? ਉਹਨਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ’ਤੇ ਪੂਰੀ, ਸਹੀ, ਪਾਰਦਰਸ਼ੀ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਅਸਲ ਦੋਸ਼ੀਆਂ ਨੂੰ ਕਟਹਿਰੇ ’ਚ ਖੜਾ ਕਰਨਾ ਚਾਹੀਦਾ ਹੈ।
ਉਹਨਾਂ ਨਾਲ ਹੀ ਤੰਜ ਕੱਸਦੇ ਕਿਹਾ ਕਿ ਵੈਸੇ ਅੱਜ ਐਸਐਸਪੀ ਦਫਤਰ ਖੰਨਾ ਬਾਹਰ ਅਕਾਲੀ ਦਲ ਬਾਦਲ ਦਾ ਧਰਨਾ ਦੇਖਕੇ ਤਾਂ ਇਉਂ ਹੀ ਜਾਪ ਰਿਹਾ ਹੈ, ਜਿਵੇਂ ਪੰਜਾਬ ਦੇ ਨਾਲ ਨਾਲ ਖੰਨਾ ਹਲਕੇ ’ਚੋਂ ਅਕਾਲੀ ਦਲ ਦਾ ਬਿਸਤਰਾ ਗੋਲ ਹੋ ਰਿਹਾ ਹੈ, ਕਿਉਂਕਿ ਖੰਨੇ ’ਚ ਧਰਨੇ ’ਚ ਆਗੂਆਂ ਤੇ ਵਰਕਰਾਂ ਸਮੇਤ ਕੁੱਲ 144 ਲੋਕ ਸ਼ਾਮਲ ਸਨ। ਇਹ ਵੱਖਰੀ ਗੱਲ ਹੈ ਕਿ ਲੁਧਿਆਣਾ ਜਿਲੇ ’ਚ ਦਫਾ ਵੀ 144 ਹੀ ਲੱਗੀ ਹੋਈ ਸੀ, ਜਿਸ ਦੀ ਪ੍ਰਵਾਹ ਨਾ ਕਰਦੇ ਹੋਏ ਬਾਦਲ ਦਲ ਵਾਲਿਆਂ ਨੇ ਇਹ ਧਰਨਾ ਦਿੱਤਾ ਹੈ। ਖੈਰ, ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ, ਉਹਨਾਂ ਨੇ ਹੀ ਦੇਖਣਾ ਹੈ ਪਰ ਐਨਾ ਜਰੂਰ ਹੈ ਕਿ ਆਉਂਦੀਆਂ ਚੋਣਾਂ ’ਚ ਖੰਨਾ ਹਲਕੇ ਚੋਂ ਬਾਦਲ ਦਲ ਦੀ ਫੱਟੀ ਲੋਕਾਂ ਨੇ ਜਰੂਰ ਪੋਚ ਦੇਣੀ ਹੈ। ਇਸ ਮੌਕੇ ਰਿਟਾਇਰਡ ਜੇਈ ਰਾਣਾ ਜੀ ਵੀ ਹਾਜ਼ਰ ਸਨ I