ਨਸ਼ਿਆਂ ਅਤੇ ਪਤਿਤਪੁਣੇ ਦਾ ਤਿਆਗ ਕਰਕੇ ਬਾਣੀ-ਬਾਣੇ ਦੇ ਧਾਰਨੀ ਹੋ ਕੇ ਸਾਹਿਬਜ਼ਾਦਿਆਂ ਦੇ ਅਸਲ ਵਾਰਸ ਬਣਨ ਨੌਜਵਾਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

38

ਅੰਮ੍ਰਿਤਸਰ, 28 ਦਸੰਬਰ (ਚਰਨਜੀਤ ਸਿੰਘ) ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਪੰਥਕ ਸਫ਼ਾਂ ‘ਚ ਸਰਗਰਮ ਜੁਝਾਰੂ ਨੌਜਵਾਨ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਤੀਰ ਵਾਲੇ ਭੁਝੰਗੀ ਭਾਈ ਭਵਨਦੀਪ ਸਿੰਘ ਖ਼ਾਲਸਾ ਵੱਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ, ਮਰਦ-ਏ-ਮੁਜ਼ਾਹਿਦ, ਬਾਬਾ-ਏ-ਕੌਮ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ, ਸਿਰੋਪਾਉ, ਮਾਲਾ, ਦੁਸ਼ਾਲਾ ਅਤੇ ਕਲਮ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਭੁਝੰਗੀ ਭਵਨਦੀਪ ਸਿੰਘ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਲਮ ਦੀ ਤਾਕਤ ਪਛਾਣਦਿਆਂ ਖ਼ਾਲਿਸਤਾਨ ਦੀ ਅਜ਼ਾਦੀ ਦੇ ਹਥਿਆਰਬੰਦ ਸੰਘਰਸ਼ ਦੀਆਂ ਪੁਸਤਕਾਂ ਕੌਮ ਦੀ ਝੋਲ਼ੀ ‘ਚ ਪਾਈਆਂ ਹਨ ਤੇ ਉਹ ਸੰਘਰਸ਼ਸ਼ੀਲ ਹੋ ਕੇ ਸਿੱਖ ਨੌਜਵਾਨਾਂ ਲਈ ਰੋਲ ਮਾਡਲ ਕੇ ਉੱਭਰੇ ਹਨ, ਖ਼ਾਲਸਾ ਪੰਥ ਨੂੰ ਉਹਨਾਂ ਤੋਂ ਬੇਹੱਦ ਆਸਾਂ ਹਨ ਕਿ ਉਹ ਪਤਿਤਪੁਣੇ ਅਤੇ ਨਸ਼ਿਆਂ ‘ਚ ਗਲਤਾਨ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਅਮੀਰ ਵਿਰਸੇ ਤੇ ਬਾਣੀ-ਬਾਣੇ ਨਾਲ ਜੋੜਦੇ ਰਹਿਣਗੇ। ਇਸ ਮੌਕੇ ਫ਼ੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸਮੁੱਚੀ ਸਿੱਖ ਕੌਮ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਧਰਮ, ਇਤਿਹਾਸ, ਸੱਭਿਆਚਾਰ, ਮਰਯਾਦਾ, ਸਿਧਾਂਤ, ਪ੍ਰੰਪਰਾਵਾਂ, ਰਵਾਇਤਾਂ, ਫ਼ਲਸਫ਼ੇ ਅਤੇ ਵਿਰਸੇ ਤੋਂ ਜਾਣੂ ਕਰਾਵਾਂਗੇ। ਸਾਡੇ ਬੱਚੇ ਅੱਜ ਘੋੜ ਸਵਾਰੀ, ਨੇਜਾ-ਬਾਜ਼ੀ, ਤੀਰ ਕਮਾਨ, ਚੋਲ਼ਾ-ਦੁਮਾਲਾ, ਸ਼ਸਤਰ ਅਤੇ ਸ਼ਾਸਤਰ ਵਿੱਦਿਆ ਤੋਂ ਪੂਰੀ ਤਰ੍ਹਾਂ ਅਨਜਾਣ ਹਨ। ਬੜੀ ਤ੍ਰਾਸਦੀ ਵਾਲ਼ੀ ਗੱਲ ਹੈ ਕਿ ਬੱਚਿਆਂ ਨੂੰ ਅੱਜ ਫ਼ਿਲਮੀ ਨਾਇਕ ਹੈਰੀ ਪੋਟਰ ਬਾਰੇ ਤਾਂ ਪਤਾ ਹੈ ਪਰ ਸਿੱਖ ਕੌਮ ਦੇ ਅਸਲੀ ਨਾਇਕਾਂ ਭਾਵ ਦੋ ਵੱਡੇ ਸਾਹਿਬਜ਼ਾਦਿਆਂ ਦੀਆਂ ਚਮਕੌਰ ਦੀ ਗੜ੍ਹੀ ‘ਚ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਨੀਂਹਾਂ ‘ਚ ਚਿਣ ਕੇ ਹੋਈਆਂ ਸ਼ਹਾਦਤਾਂ ਬਾਰੇ ਨਹੀਂ ਪਤਾ। ਬੱਚਿਆਂ ਨੂੰ ਮਿਰਜ਼ਾ ਸਾਹਿਬਾ, ਸੋਹਣੀ-ਮਹੀਵਾਲ ਅਤੇ ਸੱਸੀ-ਪੁਨੂੰ ਜਿਹੀਆਂ ਕਹਾਣੀਆਂ ਤਾਂ ਯਾਦ ਹਨ ਪਰ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ, ਜਰਨੈਲ ਹਰੀ ਸਿੰਘ ਨਲੂਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਨਹੀਂ ਪਤਾ। ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰਬਾਣੀ ਅਤੇ ਇਤਿਹਾਸ ਨਾਲ਼ ਜੋੜੀਏ ਅਤੇ ਅਸੀਂ ਸਾਰੇ ਕੇਸਾਧਾਰੀ ਤੇ ਅੰਮ੍ਰਿਤਧਾਰੀ ਹੋ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਜੂਝੀਏ ਤੇ ਨਸ਼ਿਆਂ ਅਤੇ ਪਤਿਤਪੁਣੇ ਨੂੰ ਖ਼ਤਮ ਕਰ ਕੇ ਸਾਹਿਬਜ਼ਾਦਿਆਂ ਦੇ ਸਹੀ ਸ਼ਬਦਾਂ ‘ਚ ਕੌਮੀ ਵਾਰਸ ਬਣੀਏ। ਇਸ ਮੌਕੇ ਭਾਈ ਰਾਜੇਸ਼ ਸਿੰਘ ਬੱਗਾ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਭਾਈ ਪ੍ਰਭਜੋਤ ਸਿੰਘ ਖ਼ਾਲਸਾ, ਭਾਈ ਮਨਪ੍ਰੀਤ ਸਿੰਘ ਮੰਨਾ ਤੇ ਭਾਈ ਗੁਲਸ਼ਨ ਸਿੰਘ ਪ੍ਰਿੰਸ ਆਦਿ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

× How can I help you?