ਮੋਦੀ ਨੂੰ ਪੰਜਾਬ ਖ਼ਿਲਾਫ਼ ਮਹੌਲ ਸਿਰਜਣ ਦੀ ਕੀਮਤ ਤਾਰਨੀ ਪਵੇਗੀ – ਰਣਜੀਤ ਸਿੰਘ, ਭੁਪਿੰਦਰ ਸਿੰਘ
ਅੰਮ੍ਰਿਤਸਰ, 6 ਜਨਵਰੀ ( ਮੰਗਲ ਸਿੰਘ ) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ‘ਚੋਂ ਜਿਉਂਦੇ ਮੁੜਨ ਦੀ ਨਜਾਇਜ਼ ਗੱਲ ਕਰਕੇ ਸਾਰੇ ਦੇਸ਼ ਨੂੰ ਪੰਜਾਬ ਖ਼ਿਲਾਫ਼ ਖੜ੍ਹਾ ਕਰ ਦਿੱਤਾ ਹੈ ਜਦ ਕਿ ਮੋਦੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ। ਹਕੀਕਤ ਇਹ ਹੈ ਕਿ ਹਜ਼ਾਰਾਂ-ਲੱਖਾਂ ਦੀ ਭੀੜ ‘ਚ ਬੋਲਣ ਵਾਲ਼ੇ ਮੋਦੀ ਨੂੰ ਜਦ ਪਤਾ ਲੱਗਾ ਕਿ ਫ਼ਿਰੋਜ਼ਪੁਰ ਰੈਲ਼ੀ ਵਿੱਚ ਇੱਕ ਹਜ਼ਾਰ ਤੋਂ ਵੀ ਘੱਟ ਦਾ ਇਕੱਠ ਹੈ ਤਾਂ ਬੇਇਜ਼ਤੀ ਡਰੋਂ ਉਸ ਨੇ ਦਿੱਲੀ ਮੁੜਨ ਦਾ ਫੈਸਲਾ ਲਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਭਾਈ ਮਨਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਹੱਕ-ਸੱਚ ਦੀ ਲੜਾਈ ਲੜੀ ਸੀ, ਇੰਦਰਾ ਗਾਂਧੀ ਨੇ ਸਾਨੂੰ ਬਦਨਾਮ ਕਰਕੇ ਮਾਰਨਾ ਚਾਹਿਆ ਪਰ ਫਿਰ ਹਸ਼ਰ ਭੁਗਤਿਆ। ਹੁਣ ਮੋਦੀ/ਭਾਜਪਾ ਨਾਲ਼ ਜੋ ਕੁਝ ਵਾਪਰਿਆ ਇਸ ਦੇ ਲਈ ਅਸਲ ਦੋਸ਼ੀ ਮੋਦੀ ਹੈ ਤੇ ਉਸ ਨੂੰ ਪੰਜਾਬ ਖਿਲਾਫ ਮਹੌਲ ਸਿਰਜਣ ਦੀ ਕੀਮਤ ਤਾਰਨੀ ਪਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੇ ਮੋਦੀ ਦਾ ਵਿਰੋਧ ਕਰਕੇ ਆਪਣਾ ਬਣਦਾ ਫ਼ਰਜ਼ ਨਿਭਾਇਆ ਅਤੇ ਪੰਜਾਬ ਦੇ ਲੋਕਾਂ ਨੇ ਮੋਦੀ ਦੀ ਰੈਲ਼ੀ ‘ਚ ਨਾ ਜਾ ਕੇ ਮੋਦੀ ਸਰਕਾਰ ਨੂੰ ਇਸ ਦੇ ਕਾਰਿਆ ਦਾ ਕਰਾਰਾ ਜਵਾਬ ਦਿੱਤਾ ਹੈ ਤੇ ਪੰਜਾਬ ਨੂੰ ਹਿੰਦੂ ਰਾਸ਼ਟਰ ਦਾ ਹਿੱਸਾ ਨਾ ਬਣਨ ਦਾ ਇਤਿਹਾਸਕ ਫ਼ੈਸਲਾ ਸੁਣਾ ਦਿੱਤਾ ਹੈ। ਉਹਨਾਂ ਕਿਹਾ ਕਿ ਮੋਦੀ ਪੰਜਾਬ ‘ਚ ਨਾਇਕ ਬਣਨ ਆਇਆ ਸੀ ਤੇ ਖਲਨਾਇਕ ਬਣ ਕੇ ਮੁੜ ਗਿਆ। ਉਹਨਾਂ ਕਿਹਾ ਕਿ ਇਹ ਪੰਜਾਬ ਗੁਰੂਆਂ, ਸੂਰਬੀਰਾਂ, ਸ਼ਹੀਦਾਂ, ਅਣਖ਼ੀ ਅਤੇ ਬਹਾਦਰ ਲੋਕਾਂ ਦੀ ਧਰਤੀ ਹੈ, ਅਸੀਂ ਪੰਜਾਬ ਲਈ ਵੱਧ ਪੈਕੇਜ਼ ਭੀਖ ‘ਚ ਨਹੀਂ ਮੰਗਦੇ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਾਂ। ਉਹਨਾਂ ਕਿਹਾ ਕਿ ਪੰਜਾਬ ਤੋਂ ਬਾਹਰ ਦੇ ਹਿੰਦੂ/ਭਗਵੇਂ ਬ੍ਰਿਗੇਡ ਨੇ ਨਫਰਤ ਦਾ ਪ੍ਰਗਟਾਵਾ ਕਰਦਿਆਂ ਤੇ ਮੋਦੀ ਨੂੰ ਹਿੰਦੂਆਂ ਦਾ ਪ੍ਰਧਾਨ ਮੰਤਰੀ ਮੰਨਦਿਆਂ ਉਸ ਦੀ ਰੈਲ਼ੀ ਅਸਫਲ ਹੋਣ ਦੀ ਸਜ਼ਾ ਵਜੋਂ ਸਿੱਖਾਂ ਨੂੰ 1984 ਦੁਹਰਾਉਣ ਦੀਆਂ ਧਮਕੀਆਂ ਦਿੱਤੀਆਂ। ਪਰ ਇਸ ਦੌਰਾਨ ਪੰਜਾਬੀ ਹਿੰਦੂਆਂ ਨੇ ਵੀ ਸਾਂਝੀ ਪੰਜਾਬੀ ਆਵਾਜ਼ ਨਾਲ ਇਕਸੁਰਤਾ ਤੇ ਇਕਮੁੱਠਤਾ ਵਿਖਾਈ ਤੇ ਪੰਜਾਬੀ ਹਿੰਦੂਆਂ ਨੇ ਵੀ ਭਾਜਪਾ ਨੂੰ ਰੱਦ ਕਰਦਿਆਂ ਮੋਦੀ ਦਾ ਬਾਈਕਾਟ ਕੀਤਾ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਭਾਜਪਾਈਆਂ ਨੂੰ ਵੀ ਘੇਰਨਾ ਚਾਹੀਦਾ ਹੈ ਕਿ ਉਹ 1984 ਦੁਹਰਾਉਣ ਦੀ ਧਮਕੀ ਦੇਣ ਵਾਲੇ ਭਗਵੇਂ ਬ੍ਰਿਗੇਡ ਬਾਰੇ ਕੀ ਸੋਚਦੇ ਹਨ। ਫ਼ੈਡਰੇਸ਼ਨ ਆਗੂਆਂ ਨੇ ਰਾਸ਼ਟਰਪਤੀ ਰਾਜ ਲਾਗੂ ਹੋਣ ਦੀ ਗੱਲ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਜ ਚਾਹੇ ਇੰਦਰਾ ਦਾ ਹੋਵੇ ਜਾਂ ਮੋਦੀ, ਵਾਜਪਾਈ ਤੇ ਮਨਮੋਹਨ ਸਿੰਘ ਦਾ ਜਾਂ ਮੁੱਖ ਮੰਤਰੀ ਚੰਨੀ ਹੋਵੇ ਜਾਂ ਕੈਪਟਨ, ਬਾਦਲ, ਬਰਨਾਲਾ, ਬੁੱਚੜ ਬੇਅੰਤ ਸਿਹੁੰ ਇਹ ਸਾਰੇ ਹੀ ਪੰਥ ਅਤੇ ਪੰਜਾਬ ਦਾ ਘਾਣ ਕਰਨ ਦੇ ਦੋਸ਼ੀ ਹਨ।
Author: Gurbhej Singh Anandpuri
ਮੁੱਖ ਸੰਪਾਦਕ