ਨਵੀਂ ਦਿੱਲੀ, 13 ਜਨਵਰੀ, 2022:
ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਕੀਤੀ ਗਈ ਵਰਚੂਅਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਦੀ 5 ਜਨਵਰੀ ਦੀ ਪੰਜਾਬ ਫ਼ੇਰੀ ਦੌਰਾਨ ਵਾਪਰੇ ਘਟਨਾਕ੍ਰਮ ਲਈ ਖ਼ੇਦ ਪ੍ਰਗਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੇ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ, ਲੈਫ਼ਟੀਨੈਂਟ ਗਵਰਨਰਾਂ ਅਤੇ ਪ੍ਰਸ਼ਾਸਕਾਂ ਨਾਲ ਸਮੀਖ਼ਿਆ ਮੀਟਿੰਗ ਕੀਤੀ ਸੀ ਜਿਸ ਵਿੱਚ ਸਾਰੇ ਪਾਸੇ ਚੱਲ ਰਹੀ ਕੋਵਿਡ ਟੀਕਾਕਰਨ ਮੁਹਿੰਮ ਦਾ ਵੀ ਜਾਇਜ਼ਾ ਲਿਆ ਗਿਆ
ਇਸ ਮੌਕੇ ਸ: ਚੰਨੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ, ‘ਜੋ ਹੂਆ ਉਸਕੇ ਲੀਏ ਮੁਝੇ ਖ਼ੇਦ ਹੈ।’
ਸੂਤਰਾਂ ਅਨੁਸਾਰ ਸ:ਚੰਨੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਵੀ ਕਾਮਨਾ ਕੀਤੀ।
ਉਹਨਾਂ ਕਿਹਾ, ‘ਤੁਮ ਸਲਾਮਤ ਰਹੋ ਕਯਾਮਤ ਤਕ, ਔਰ ਖੁਦਾ ਕਰੇ ਕਯਾਮਤ ਨਾ ਹੋ।’
ਯਾਦ ਰਹੇ ਕਿ ਸ: ਚੰਨੀ ਨੇ ਪਹਿਲਾਂ ਵੀ ਇਹ ਸਪਸ਼ਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫ਼ੇਰੀ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸੁਰੱਖ਼ਿਆ ਅਣਗਹਿਲੀ ਨਹੀਂ ਹੋਈ ਸੀ ਅਤੇ ਉਨ੍ਹਾਂ ਦੀ ਫ਼ੇਰੀ ਦੌਰਾਨ ਉਨ੍ਹਾਂ ’ਤੇ ਹਮਲੇ ਜਿਹੀ ਜਾਂ ਫ਼ਿਰ ਉਨ੍ਹਾਂ ਨੂੰ ਕਿਸੇ ਖ਼ਤਰੇ ਜਿਹੀ ਕੋਈ ਸਥਿਤੀ ਪੈਦਾ ਨਹੀਂ ਹੋਈ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਸਤਿਕਾਰਯੋਗ ਹਨ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਪੁੱਜਣ ਤੋਂ ਪਹਿਲਾਂ ਮੇਰਾ ਖ਼ੂਨ ਡੁਲ੍ਹੇਗਾ।
Author: Gurbhej Singh Anandpuri
ਮੁੱਖ ਸੰਪਾਦਕ