ਫਿਰੋਜ਼ਪੁਰ 17 ਜਨਵਰੀ 2022 (ਨਜ਼ਰਾਨਾ ਨਿਊਜ਼ ਬਿਉਰੋ ) ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਰਿਜੈਕਟ ਕਰਨ ਦਾ ਮਸਲਾ ਨੰਗਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਬਗਾਵਤ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ । ਜਿਸ ਦੇ ਪਹਿਲਕਦਮੀ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਆਸ਼ੂ ਬੰਗੜ ਵੱਲੋਂ ਪਾਰਟੀ ਦੀ ਉਮੀਦਵਾਰੀ ਸਮੇਤ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ । ਆਸ਼ੂ ਬੰਗੜ ਨੇ ਆਪਣੇ ਅਸਤੀਫੇ ਦੇ ਕਾਰਨਾਂ ਦੇ ਵਿੱਚ ਕੇਜਰੀਵਾਲ ਵੱਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਰਿਜੈਕਟ ਕਰਨ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਹੈ । ਉਨ੍ਹਾਂ ਨੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਨੂੰ ਰਿਜੈਕਟ ਕਰਨ ਦੇ ਫੈਸਲੇ ਦੇ ਬਾਰੇ ਜ਼ਿਕਰ ਕਰਦਿਆਂ ਹੋਇਆਂ ਲਿਖਿਆ ਕਿ ਕੇਜਰੀਵਾਲ ਸਾਬ੍ਹ ਤੁਸੀਂ ਮਨੁੱਖੀ ਅਧਿਕਾਰਾਂ ਦੀ ਸੰਵੇਦਨਸ਼ੀਲਤਾ ਤੋਂ ਕੋਰੇ ਹੋ । ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਵਿੱਚੋਂ ਕੱਢੇ ਗਏ ਜਾਂ ਨੁੱਕਰੇ ਲਾਏ ਗਏ ਆਗੂਆਂ ਸ ਸੁੱਚਾ ਸਿੰਘ ਛੋਟੇਪੁਰ ਗੁਰਪ੍ਰੀਤ ਸਿੰਘ ਘੁੱਗੀ ਸ ਸੁਖਪਾਲ ਸਿੰਘ ਖਹਿਰਾ ਧਰਮਵੀਰ ਗਾਂਧੀ ਅਤੇ ਕੰਵਰ ਸੰਧੂ ਦਾ ਜ਼ਿਕਰ ਕਰਦਿਆਂ ਹੋਇਆਂ ਪੰਜਾਬ ਹਿਤੈਸ਼ੀਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰਨ ਦਾ ਦੋਸ਼ ਵੀ ਲਾਇਆ ਹੈ । ਇਸ ਤੋਂ ਇਲਾਵਾ ਆਸ਼ੂ ਬੰਗੜ ਨੇ ਦੂਜੀਆਂ ਪਾਰਟੀਆਂ ਵਿੱਚੋਂ ਕੁਝ ਦਿਨ ਪਹਿਲਾਂ ਆਏ ਹੋਏ ਲੀਡਰਾਂ ਨੂੰ ਟਿਕਟਾਂ ਦੇਣ ਦੇ ਮਸਲੇ ਦੇ ਉੱਤੇ ਲਿਖਿਆ ਹੈ ਕਿ ਤੁਸੀਂ ਦਲ ਬਦਲੂਆਂ ਨੂੰ ਟਿਕਟਾਂ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਤੁਹਾਡੀ ਪਾਰਟੀ ਆਮ ਆਦਮੀ ਦੀ ਪਾਰਟੀ ਨਹੀਂ ਸਗੋਂ ਦਲ ਬਦਲੂਆਂ ਦੀ ਪਾਰਟੀ ਬਣ ਗਈ ਹੈ । ਜਿਸ ਅੰਦੋਲਨ ਦੇ ਵਿਚੋਂ ਇਹ ਪਾਰਟੀ ਨਿਕਲੀ ਹੈ ਉਸ ਅੰਦੋਲਨ ਦਾ ਜ਼ਿਕਰ ਵੀ ਆਸ਼ੂ ਬੰਗੜ ਨੇ ਆਪਣੇ ਅਸਤੀਫੇ ਦੇ ਕਾਰਨਾਂ ਵਿਚ ਕੀਤਾ ਹੈ ਪੜ੍ਹੋ ਆਸ਼ੂ ਬੰਗੜ ਵੱਲੋਂ ਦਿੱਤੇ ਗਏ ਅਸਤੀਫੇ ਦੀਆਂ ਕਾਪੀਆਂ