ਫ਼ਤਹਿਗੜ੍ਹ ਸਾਹਿਬ, 18 ਜਨਵਰੀ ( ਨਜ਼ਰਾਨਾ ਨਿਊਜ਼ ਬਿਉਰੋ ) “ਬੀਜੇਪੀ-ਆਰ.ਐਸ.ਐਸ. ਦੇ ਗੁਲਾਮ ਬਣੇ ਅਤੇ ਉਨ੍ਹਾਂ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਉਤੇ ਹਿੰਦੂਤਵ ਪ੍ਰੌਗਰਾਮਾਂ ਨੂੰ ਲਾਗੂ ਕਰਨ ਵਾਲੇ ਕੇਜਰੀਵਾਲ ਝੂਠੇ ਲਾਰਿਆ ਅਤੇ ਵਾਅਦਿਆ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਲਝਾਕੇ ਗੁੰਮਰਾਹ ਕਰਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਵੋਟਾਂ ਪ੍ਰਾਪਤ ਕਰਨ ਦੀ ਵੱਡੀ ਲਾਲਸਾ ਰੱਖਦੇ ਹਨ । ਪਰ ਸ੍ਰੀ ਕੇਜਰੀਵਾਲ ਦਾ ਸਿੱਖ ਅਤੇ ਪੰਜਾਬ ਵਿਰੋਧੀ ਚਿਹਰਾ ਉਸ ਸਮੇ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦਾ ਹੈ ਜਦੋ 25 ਸਾਲਾਂ ਤੋ ਉਪਰ ਸਜ਼ਾ ਪੂਰੀ ਕਰ ਚੁੱਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਇਲ ਸ੍ਰੀ ਕੇਜਰੀਵਾਲ ਦੇ ਟੇਬਲ ਉਤੇ ਗਈ ਤਾਂ ਸ੍ਰੀ ਕੇਜਰੀਵਾਲ ਨੇ ਹਿੰਦੂਤਵ ਸੋਚ ਦਾ ਪੱਖ ਪੂਰਦਿਆ ਅਤੇ ਆਪਣੀ ਹਿੰਦੂ ਵੋਟ ਦਾ ਫਿਕਰ ਕਰਦਿਆ ਪ੍ਰੋ. ਭੁੱਲਰ ਦੀ ਰਿਹਾਈ ਦੀ ਫਾਇਲ ਨੂੰ ਰੱਦ ਕਰ ਦਿੱਤਾ । ਜੋ ਕਿ ਮੁਤੱਸਵੀ ਸੋਚ ਵਾਲੇ ਆਗੂਆਂ ਅਤੇ ਪਾਰਟੀਆਂ ਦੀ ਅਸਲ ਬਿੱਲੀ ਥੈਲੇ ਵਿਚੋ ਬਾਹਰ ਆ ਚੁੱਕੀ ਹੈ । ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸ੍ਰੀ ਕੇਜਰੀਵਾਲ ਜਾਂ ਉਸਦੀ ਪੰਜਾਬ ਦੇ ਸਾਧਨਾਂ ਨੂੰ ਲੁੱਟਣ ਉਤੇ ਲੱਗੀ ਨਜਰ ਵਾਲੀ ਆਮ ਆਦਮੀ ਪਾਰਟੀ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰਨਾ ਚਾਹੀਦਾ । ਬਲਕਿ ਇਨ੍ਹਾਂ ਦੇ ਬਕਸੇ ਖਾਲੀ ਭੇਜਕੇ ਜਮਾਨਤਾਂ ਜਬਤ ਕਰਵਾਉਦੇ ਹੋਏ ਪੰਜਾਬ ਤੋ ਉਸੇ ਤਰ੍ਹਾਂ ਬੇਰੰਗ ਭੇਜਣ ਦੀ ਜਿ਼ੰਮੇਵਾਰੀ ਨਿਭਾਉਣੀ ਪਵੇਗੀ ਜਿਵੇ ਪੰਜਾਬੀਆਂ ਅਤੇ ਸਿੱਖ ਕੌਮ ਨੇ ਸ੍ਰੀ ਮੋਦੀ ਨੂੰ ਫਿਰੋਜਪੁਰ ਦੀ ਰੈਲੀ ਵਿਚ ਉਸਨੂੰ ਵਾਪਸ ਭੇਜਿਆ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਅਤੇ ਪੰਜਾਬੀਆ ਤੇ ਸਿੱਖ ਕੌਮ ਨੂੰ ਲੁਭਾਣੇ ਨਾਅਰਿਆ ਰਾਹੀ ਗੁੰਮਰਾਹ ਕਰਨ ਵਾਲੀ ਆਮ ਆਦਮੀ ਪਾਰਟੀ ਅਤੇ ਇਸਦੀ ਲੀਡਰਸਿਪ ਵੱਲੋ ਸਿੱਖਾਂ ਉਤੇ ਵਿਸਵਾਸ ਨਾ ਕਰਨ ਦੇ ਅਮਲਾਂ ਦੀ ਬਦੌਲਤ ਪ੍ਰੋ. ਭੁੱਲਰ ਦੀ ਰਿਹਾਈ ਦੀ ਫਾਇਲ ਉਤੇ ਦਸਤਖਤ ਨਾ ਕਰਕੇ, ਉਸ ਰਿਹਾਈ ਨੂੰ ਰੱਦ ਕੀਤੇ ਜਾਣ ਵਾਲੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਪੰਜਾਬੀਆ ਅਤੇ ਸਿੱਖ ਕੌਮ ਨੂੰ 2022 ਦੀਆਂ ਚੋਣਾਂ ਵਿਚ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲ, ਆਮ ਆਦਮੀ ਪਾਰਟੀ ਨੂੰ ਇਸ ਪਵਿੱਤਰ ਧਰਤੀ ਤੋ ਸਦਾ ਲਈ ਖਦੇੜਨ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਕਿ ਨਾਵਾਂ ਅਤੇ ਚੋਣ ਨਿਸ਼ਾਨ ਦੇ ਭੁਲੇਖਿਆ ਦੀ ਬਦੌਲਤ ਉਪਰੋਕਤ ਮੁਤੱਸਵੀ ਜਮਾਤਾਂ ਅਤੇ ਆਗੂ ਬੇਸੱਕ ਵੱਖ-ਵੱਖ ਜਾਪਦੇ ਹਨ, ਪਰ ਇਹ ਸਭ ਜਮਾਤਾਂ ਤੇ ਆਗੂ ਫਿਰਕੂ ਸੋਚ ਅਧੀਨ ਇਥੇ ਜਾਬਰ ਕਾਨੂੰਨਾਂ ਅਤੇ ਦਹਿਸਤਗਰਦੀ ਰਾਹੀ ਹਿੰਦੂਤਵ ਸੋਚ ਨੂੰ ਲਾਗੂ ਕਰਕੇ ਅਸਲੀਅਤ ਵਿਚ ਬਹੁਗਿਣਤੀ ਤੇ ਅਧਾਰਿਤ ਹਿੰਦੂ ਰਾਸਟਰ ਕਾਇਮ ਕਰਨ ਦੀ ਮੰਦਭਾਵਨਾ ਰੱਖਦੇ ਹਨ । ਦੂਸਰਾ ਇਨ੍ਹਾਂ ਆਗੂਆਂ ਅਤੇ ਜਮਾਤਾਂ ਨੇ ਅੱਜ ਤੱਕ ਪੰਜਾਬ ਨੂੰ ਵੋਟ-ਸਿਆਸਤ ਦੀ ਇਕ ਪ੍ਰਯੋਗਸਾਲਾਾਂ ਬਣਾ ਰੱਖਿਆ ਹੈ । ਇਨ੍ਹਾਂ ਨੂੰ ਇਥੋ ਦੀ ਮੰਦੀ ਮਾਲੀ ਹਾਲਤ, ਬੇਰੁਜਗਾਰੀ, ਇਥੋ ਦੇ ਵਪਾਰ, ਸਿਹਤ, ਵਿਦਿਆ ਨੂੰ ਪ੍ਰਫੁੱਲਿਤ ਕਰਨ ਨਾਲ ਕੋਈ ਵਾਸਤਾ ਨਹੀਂ । ਇਸ ਲਈ ਅਜਿਹੀਆ ਪਾਰਟੀਆ ਤੇ ਅਜਿਹੇ ਆਗੂਆ ਨੂੰ ਕਦਾਚਿੱਤ ਵੀ ਪੰਜਾਬੀਆ ਤੇ ਸਿੱਖ ਕੌਮ ਨੂੰ ਪੰਜਾਬ ਦੀ ਹਕੂਮਤ ਦੀ ਵਾਗਡੋਰ ਤੇ ਬਿਠਾਉਣ ਦੀ ਗੁਸਤਾਖੀ ਨਹੀ ਕਰਨੀ ਚਾਹੀਦੀ । ਬਲਕਿ ਪੰਜਾਬ ਦੇ ਜੰਮਪਲ੍ਹ ਅਤੇ ਪੰਜਾਬ ਦੇ ਹਰ ਦਰਦ ਨਾਲ ਆਪਣੀ ਪਿੱਠ ਉਤੇ ਹੰਢਾਉਣ ਵਾਲੀਆ ਸਖਸ਼ੀਅਤਾਂ ਅਤੇ ਪਾਰਟੀ ਨੂੰ ਇਥੋ ਦੇ ਨਿਜਾਮ ਦੀ ਕੁਰਸੀ ਉਤੇ ਬਿਠਾਕੇ ਆਪਣੀ ਇਖਲਾਕੀ ਜਿ਼ੰਮੇਵਾਰੀ ਪੂਰਨ ਕਰਦੇ ਹੋਏ ਸਮੁੱਚੇ ਪੰਜਾਬ ਵਿਚ ਵੱਸਣ ਵਾਲੇ ਵਰਗਾਂ ਦੀ ਸਾਂਝੀ ਮਨੁੱਖਤਾ ਪੱਖੀ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ । ਪੰਜਾਬ ਤੇ ਸਿੱਖ ਕੌਮ ਨਾਲ ਧੋਖਾ ਕਰਨ ਵਾਲੇ ਉਪਰੋਕਤ ਪਾਰਟੀਆ ਤੇ ਕੇਜਰੀਵਾਲ ਵਰਗਿਆ ਨੂੰ ਵੋਟ ਹੱਕ ਦੀ ਸਹੀ ਵਰਤੋ ਕਰਕੇ ਸਬਕ ਸਿਖਾਉਣਾ ਚਾਹੀਦਾ ਹੈ ।