ਸੰਵਿਧਾਨਿਕ ਵਿਤਕਰਿਆਂ ਤੇ ਬੇਇਨਸਾਫ਼ੀਆਂ ਵਿਰੁੱਧ ਪੰਥਕ ਨੌਜਵਾਨ ਜਥੇਬੰਦੀਆਂ 26 ਨੂੰ ਮਨਾਉਣਗੀਆਂ ਕਾਲ਼ਾ ਦਿਨ

18

ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਅਤੇ ਬਹਿਬਲ ਗੋਲ਼ੀ ਕਾਂਡ‘ਚ ਇਨਸਾਫ ਨਾਲ ਖਿਲਵਾੜ ਕਰਨ ਵਿਰੁੱਧ ਕੀਤਾ ਜਾਏਗਾ ਮੁਜਾਹਰਾ

ਨੌਜਵਾਨ ਜਥੇਬੰਦੀਆਂ ਨੇ ਅਰਵਿੰਦਰ ਕੇਜਰੀਵਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸਾਧਿਆ ਨਿਸ਼ਾਨਾ

ਜੇਕਰ ਬੰਦੀ ਸਿੰਘ ਰਿਹਾਅ ਨਾ ਹੋਏ ਤਾਂ ਆਪ ਦੇ ਨਾਲ਼ ਭਾਜਪਾ ਦਾ ਵੀ ਹੋਵੇਗਾ ਪੰਜਾਬ ‘ਚ ਜਬਰਦਸਤ ਵਿਰੋਧ

ਅੰਮ੍ਰਿਤਸਰ, 20 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ) 72 ਸਾਲਾਂ ਦੀ ਸੰਵਿਧਾਨਕ ਗੁਲਾਮੀ, ਸ਼ੋਸ਼ਣ, ਜ਼ਿਆਦਤੀਆਂ ਤੇ ਬੇਇਨਸਾਫੀ ਵਿਰੁੱਧ ਦਲ ਖਾਲਸਾ ਨਾਲ ਸਬੰਧਿਤ ਨੌਜਵਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਰੋਹ ਭਰਪੂਰ ਮੁਜ਼ਾਹਰਾ ਅਤੇ ਮਾਰਚ ਕੀਤਾ ਜਾਵੇਗਾ।

ਇਸ ਸਬੰਧੀ ਅੱਜ ਦਲ ਖਾਲਸਾ ਦੇ ਦਫਤਰ ਵਿਖੇ ਸਿੱਖ ਯੂਥ ਆਫ਼ ਪੰਜਾਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਆਗੂਆਂ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਅਤੇ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਗੋਪਾਲਾ ਨੇ ਵੀ ਹਿੱਸਾ ਲਿਆ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਮੂਨਕਾਂ, ਕੰਵਰ ਚੜ੍ਹਤ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰਨ, ਨੌਜਵਾਨਾਂ ਨੂੰ ਮਨਘੜਤ ਕੇਸਾਂ ਵਿੱਚ ਫਸਾਉਣ/ਉਲਝਾਉਣ, ਯੂ.ਏ.ਪੀ.ਏ ਤੇ ਦੇਸ਼-ਧ੍ਰੋਹ ਵਰਗੇ ਕਾਲੇ ਕਾਨੂੰਨਾਂ ਅਤੇ ਐਨ.ਆਈ.ਏ ਵਰਗੀ ਜਾਂਚ ਏਜੰਸੀ ਦੀ ਦੁਰਵਰਤੋਂ, ਸੁਰੱਖਿਆ ਫੋਰਸਾਂ ਨੂੰ ਅੰਨ੍ਹੀਆਂ ਤਾਕਤਾਂ ਦੇਣ ਅਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਇਨਸਾਫ ਨਾਲ ਖਿਲਵਾੜ ਕਰਨ ਵਿਰੁੱਧ ਮੁਜ਼ਾਹਰਾ ਕੀਤਾ ਜਾਵੇਗਾ।

ਉਹਨਾਂ ਅੱਗੇ ਦੱਸਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੀ ਰਿਹਾਈ ਫਾਈਲ ਨੂੰ 2020 ਵਿੱਚ ਰੱਦ ਕਰਨ ਦੀਆਂ ਖਬਰਾਂ ਨਾਲ ਸਿੱਖ ਪੰਥ ਅੰਦਰ ਗੁੱਸੇ ਤੇ ਰੋਹ ਭਰੇ ਜਜ਼ਬਾਤ ਜਾਗੇ ਹਨ।

ਉਹਨਾਂ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਸਿੱਖਾਂ ਅੰਦਰ ਉੱਠੀ ਰੋਹ ਦੀ ਲਹਿਰ ਦੇ ਬਾਵਜੂਦ ਅਰਵਿੰਦ ਕੇਜਰੀਵਲ ਨੇ ਭੇਦਭਰੀ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਉਹਨਾਂ ਕੇਜਰੀਵਾਲ ਨੂੰ ਆਪਣੀ ਖਾਮੋਸ਼ੀ ਤੋੜਣ ਲਈ ਵੰਗਾਰ ਪਾਈ।

ਪਰਮਜੀਤ ਸਿੰਘ ਮੰਡ ਨੇ 26 ਜਨਵਰੀ ਨੂੰ ਕਾਲਾ ਗਣਤੰਤਰ ਦਿਵਸ ਦੱਸਦਿਆਂ ਕਿਹਾ ਕਿ 72 ਸਾਲਾਂ ਤੋਂ ਸਿੱਖ ਸੰਵਿਧਾਨਕ ਬੇਇਨਸਾਫੀਆਂ ਅਤੇ ਸ਼ੋਸ਼ਣ ਦਾ ਸ਼ਿਕਾਰ ਹਨ। ਉਹਨਾਂ ਕਿਹਾ ਕਿ ਤਮਾਮ ਸਰਕਾਰਾਂ ਨੇ ਸੰਵਿਧਾਨ ਵਿੱਚ ਤਰਮੀਮਾਂ ਕਰਕੇ ਲੋਕਾਂ ਖਾਸਕਰ ਘੱਟ-ਗਿਣਤੀਆਂ ਦੇ ਹੱਕਾਂ, ਰਾਜਸੀ ਇੱਛਾਵਾਂ ਅਤੇ ਅੱਡਰੀ ਪਛਾਣ ਨੂੰ ਦਰੜਿਆ ਹੈ ਜਿਸ ਵਿੱਚ ਸਵੈ-ਨਿਰਣੇ ਦਾ ਹੱਕ ਵੀ ਸ਼ਾਮਿਲ ਹੈ।

ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਰਤ ਦੇ ਮੌਜੂਦਾ ਸੰਵਿਧਾਨ ਨੇ ਸਾਡੀ ਅੱਡਰੀ ਪਛਾਣ ਖੋਹ ਲਈ, ਇੱਕ ਹੱਥ ਹੱਕ ਦਿੱਤੇ ਤੇ ਦੂਜੇ ਹੱਥ ਸੰਵਿਧਾਨ ‘ਚ ਸੋਧਾਂ ਕਰਕੇ ਤੇ ਮਾਰੂ ਧਾਰਾਵਾਂ ਹੇਠ ਦਿੱਤੇ ਹੱਕ ਫਿਰ ਵਾਪਸ ਖੋਹ ਲਏ। ਸਾਡੇ ਲਈ 26 ਜਨਵਰੀ ਦੇ ਜਸ਼ਨ ਕੋਈ ਅਰਥ ਨਹੀਂ ਰੱਖਦੇ।

ਉਹਨਾਂ ਕਿਹਾ ਕਿ ਸ਼ਹਿਰ ਦੇ ਭੰਡਾਰੀ ਪੁਲ ਤੇ 12 ਤੋਂ 1 ਵਜੇ ਤੱਕ ਮੁਜ਼ਾਹਰਾ ਕੀਤਾ ਜਾਵੇਗਾ, ਉਪਰੰਤ ਦਰਬਾਰ ਸਾਹਿਬ ਤੱਕ ਮਾਰਚ ਹੋਵੇਗਾ। ਉਹਨਾਂ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬਣਨ ਦਾ ਸੱਦਾ ਦਿੰਦਿਆਂ 26 ਦੇ ਮੁਜ਼ਾਹਰੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਜਸਵਿੰਦਰ ਸਿੰਘ, ਧਰਮਿੰਦਰ ਸਿੰਘ ਨਿਜ਼ਾਮਪੁਰ, ਰਮਨਪ੍ਰੀਤ ਸਿੰਘ ਵੇਰਕਾ, ਜਸ਼ਨਪ੍ਰੀਤ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?