ਅੰਮ੍ਰਿਤਸਰ, 21 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਜਿਸ਼ ਤਹਿਤ ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਵਾਜ਼ ਬੁਲੰਦ ਕਰਨ ਲਈ ਭਾਈ ਹਰਮਿੰਦਰ ਸਿੰਘ ਪਾਇਲ ਵੱਲੋਂ ਅੱਜ ਪੰਜ ਤਖ਼ਤਾਂ ਦੀ ਸਤਵੀਂ ਪੈਦਲ ਯਾਤਰਾ ਅਰੰਭ ਕੀਤੀ ਗਈ।
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ, ਜਥਾ ਸਿਰਲੱਥ ਖ਼ਾਲਸਾ ਦੇ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਬੀਬੀ ਮਨਿੰਦਰ ਕੌਰ ਵੱਲੋਂ ਭਾਈ ਹਰਮਿੰਦਰ ਸਿੰਘ ਪਾਇਲ ਨੂੰ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ‘ਚ ਸਿਰੋਪਾਉ ਪਾ ਕੇ ਸਨਮਾਨਿਤ ਕਰਦਿਆਂ ਰਵਾਨਾ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਰਕਾਰਾਂ ਬਿਲਕੁਲ ਵੀ ਗੰਭੀਰ ਨਹੀਂ ਹਨ ਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਾਵਨ ਸਰੂਪ ਗਾਇਬ ਕਰਨ ਵਾਲੇ ਦੋਸ਼ੀਆਂ ‘ਤੇ ਪਰਚੇ ਦਰਜ ਨਹੀਂ ਕਰਵਾਏ ਉਲਟਾ ਇਨਸਾਫ਼ ਮੰਗਦੇ ਗੁਰਸਿੱਖਾਂ ‘ਤੇ ਜ਼ੁਲਮ-ਤਸ਼ੱਦਦ ਢਾਹਿਆ। ਡੇਢ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਨਹੀਂ ਦੱਸਿਆ ਕਿ ਪਾਵਨ ਸਰੂਪ ਕੀਹਨੂੰ, ਕੀਹਦੇ ਕਹਿਣ ‘ਤੇ, ਕਿਉਂ ਅਤੇ ਕਿੱਥੇ ਦਿੱਤੇ, ਹੁਣ ਪਾਵਨ ਸਰੂਪਾਂ ਕਿਹੜੇ ਹਲਾਤਾਂ ‘ਚ ਹਨ। ਆਗੂਆਂ ਨੇ ਕਿਹਾ ਕਿ ਪਾਵਨ ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨੂੰ ਇਨਸਾਫ਼ ਨਾ ਦੇ ਕੇ ਆਪਣੇ ‘ਤੇ ਇਤਿਹਾਸਕ ਕਲੰਕ ਲਵਾ ਲਿਆ ਹੈ ਤੇ ਉਹ ਇਨਸਾਫ਼ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੀ ਸਿਆਸਤ ਚਮਕਾਉਣ ਲਈ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਦੁਰ-ਉਪਯੋਗ ਕੀਤਾ ਹੈ, ਬਾਦਲਾਂ ਨੇ ਸੰਸਥਾਵਾਂ ਨੂੰ ਗੰਧਲਾ ਅਤੇ ਤਹਿਸ-ਨਹਿਸ ਕਰਦਿਆਂ ਸਾਡੇ ਧਰਮ ਦੇ ਸਿਧਾਂਤਾਂ ਨਾਲ ਖਿਲਵਾੜ ਕੀਤਾ ਹੈ ਜੋ ਨਾ ਬਖ਼ਸ਼ਣਯੋਗ ਕਾਰਾ ਹੈ। ਉਹਨਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਪਾਵਨ ਸਰੂਪ ਦੇ ਮਾਮਲੇ ‘ਚ ਹਿਸਾਬ ਨਾ ਦੇਣ ਵਾਲੇ ਬਾਦਲਕਿਆਂ ਨੂੰ ਥਾਂ-ਥਾਂ ‘ਤੇ ਘੇਰ ਕੇ ਜਵਾਬਤਲਬੀ ਕੀਤੀ ਜਾਵੇ। ਉਹਨਾਂ ਕਿਹਾ ਕਿ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾ ਕੇ ਚੰਗੇ ਗੁਰਸਿੱਖਾਂ ਹੱਥ ਪ੍ਰਬੰਧ ਸੌਂਪਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਸ਼ਮਸ਼ੇਰ ਸਿੰਘ ਨਾਰੰਗਵਾਲ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਦੀਪ ਸਿੰਘ ਖੈੜਾ ਆਦਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਤੁਰੰਤ ਕੀਤਾ ਜਾਵੇ, ਨਹੀਂ ਤਾਂ ਕੇਜਰੀਵਾਲ ਤੇ ਭਾਜਪਾਈਆਂ ਨੂੰ ਘੇਰਿਆ ਜਾਏਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਹਰਮਿੰਦਰ ਸਿੰਘ ਪਾਇਲ ਸਾਰੇ ਧਰਮਾਂ ਦੀ ਚੜ੍ਹਦੀ ਕਲਾ ਵਾਸਤੇ ਪੰਜ ਯਾਤਰਾਵਾਂ ਅਤੇ ਛੇਵੀਂ ਯਾਤਰਾ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਰ ਚੁੱਕੇ ਹਨ। ਇਸ ਮੌਕੇ ਭਾਈ ਸੁਖਦੇਵ ਸਿੰਘ ਹਰੀਆਂ, ਭਾਈ ਪ੍ਰਣਾਮ ਸਿੰਘ, ਭਾਈ ਕੁਲਦੀਪ ਸਿੰਘ ਬਿੱਟੂ ਆਦਿ ਹਾਜ਼ਰ ਸਨ।