ਭੋਗਪੁਰ 21 ਜਨਵਰੀ(ਸੁਖਵਿੰਦਰ ਜੰਡੀਰ)
ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਗਰਸ ਪਾਰਟੀ ਦੀ ਜਿੱਤ ਲਈ ਪਾਰਟੀ ਦੀ ਇਕਜੁੱਟਤਾ ਬਹੁਤ ਜ਼ਰੂਰੀ ਹੈ । ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾ ਕੇ ਇਸ ਵਕਤ ਪਾਰਟੀ ਦੀ ਜਿੱਤ ਲਈ ਸਾਰੇ ਵਰਕਰਾਂ ਨੂੰ ਇੱਕ ਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ, ਇਹ ਵਿਚਾਰ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਉੱਪ ਪ੍ਰਧਾਨ ਮਹਿੰਦਰ ਸਿੰਘ ਸੈਂਹਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਮੇਂ-ਸਮੇਂ ਤੇ ਦਿੱਤੇ ਮਾਣ ਸਨਮਾਨ ਦਾ ਸਤਿਕਾਰ ਕਰਦਿਆਂ ਪਾਰਟੀ ਆਗੂਆਂ ਨੂੰ ਪਾਰਟੀ ਹਾਈਕਮਾਂਡ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਪੇਸ਼ ਕੀਤੇ ਗਏ ਉਮੀਦਵਾਰਾਂ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ।
ਸਮੇਂ ਦੀ ਮੰਗ ਅਨੁਸਾਰ ਪਾਰਟੀ ਵਿੱਚ ਨਵੇਂ ਚਿਹਰਿਆਂ ਨੂੰ ਜਗ੍ਹਾ ਦੇਣੀ ਬਹੁਤ ਜ਼ਰੂਰੀ ਹੈ । ਨਵੀਂ ਪਨੀਰੀ ਨੂੰ ਪੈਦਾ ਕਰਨ ਲਈ ਪਾਰਟੀ ਨੂੰ ਹਰ ਹਾਲ ਨੌਜਵਾਨਾਂ ਨੂੰ ਅੱਗੇ ਲਿਆਉਣਾ ਹੀ ਪੈਣਾ ਹੈ । ਇਸ ਕਾਰਣ ਪਾਰਟੀ ਦੇ ਵੱਖ ਵੱਖ ਅਹੁਦਿਆ ਤੇ ਕੰਮ ਕਰ ਚੁੱਕੇ ਅਤੇ ਪਾਰਟੀ ਦੀ ਪ੍ਰਤੀਨਿਧਤਾ ਕਰ ਚੁੱਕੇ ਨੇਤਾਵਾਂ ਨੂੰ ਹੁਣ ਪਾਰਟੀ ਦੇ ਫੈਸਲੇ ਸਵੀਕਾਰ ਕਰਨੇ ਚਾਹੀਦੇ ਹਨ । ਪਾਰਟੀ ਵੱਲੋਂ ਦਿੱਤੇ ਅਹੁਦਿਆਂ ਵਿਧਾਇਕਪਨ ਅਤੇ ਮੈਂਬਰ ਪਾਰਲੀਮੈਂਟ ਦਾ ਨਿੱਘ ਮਾਣ ਚੁੱਕੇ ,ਹੁਣ ਬਜ਼ੁਰਗ ਹੋ ਚੁੱਕੇ ਲੀਡਰਾਂ ਨੂੰ ਨੌਜਵਾਨ ਪੀੜ੍ਹੀ ਦੀ ਹਿੱਕ ਠੋਕ ਕੇ ਮੱਦਦ ਕਰਨੀ ਚਾਹੀਦੀ ਹੈ ।ਨਾ ਕਿ ਉਨ੍ਹਾਂ ਦੇ ਰਾਹ ਵਿੱਚ ਆਪਣੀ ਹੈਂਕੜ ਤੇ ਕੰਡੇ ਵਿਛਾਉਣੇ ਚਾਹੀਦੇ ਨੇ ।ਅਜਿਹਾ ਕਰਕੇ ਉਹ ਇਕ ਤਾਂ ਪਾਰਟੀ ਪ੍ਰਤੀ ਆਪਣੀ ਵਫਾਦਾਰੀ ਨਿਭਾਉਣ ਵਿੱਚ ਅਸਫਲ ਹੋ ਰਹੇ ਹਨ, ਤੇ ਨਾਲ ਦੀ ਨਾਲ ਉਹ ਅਜਿਹੇ ਫ਼ੈਸਲਿਆਂ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਬਲ ਬਖਸ਼ ਰਹੇ ਹਨ। ਜਿਸ ਕਾਰਨ ਪਾਰਟੀ ਦਾ ਉਹ ਦੋਹਰਾ ਨੁਕਸਾਨ ਕਰ ਰਹੇ ਹਨ ।ਚੋਣਾਂ ਮੌਕੇ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਪਾਰਟੀ ਲੀਡਰਾਂ ਵਿਰੁੱਧ ਪਾਰਟੀ ਹਾਈਕਮਾਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਹੀ ਬਰਖਾਸਤ ਕਰ ਦੇਣਾ ਪਾਰਟੀ ਦੀ ਬਿਹਤਰੀ ਹੋਵੇਗਾ। ਹਾਈਕਮਾਨ ਤੋਂ ਮੰਗ ਕੀਤੀ ਕਿ ਅਜਿਹੇ ਬੁੱਕਲ ਦੇ ਸੱਪਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।