ਬੱਲੂਆਣਾ ਤੋਂ ਸਨ ਅਕਾਲੀ ਉਮੀਦਵਾਰ।
ਚਰਚਾ ਕਿ ਅਕਾਲੀ ਘੱਟ,ਤੇ ਡੇਰਾ ਪ੍ਰੇਮੀ ਲਗਦਾ ਸੀ ਜ਼ਿਆਦਾ ?
ਭਦੌੜ ਤੋਂ ਕਿਸਾਨ ਮੋਰਚੇ ਦਾ ਉਮੀਦਵਾਰ ਵੀ ਭੱਜਿਆ ?
ਬਰਨਾਲਾ/ਬੱਲੂਆਣਾ/ਭਦੌੜ , ਨਜ਼ਰਾਨਾ ਟੀਵੀ ਨਿਊਜ਼ ( ਰਜਿੰਦਰ ਸਿੰਘ ਕੋਟਲਾ ) ਬੱਲੂਆਣਾ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਦੇਵ ਸਿੰਘ ਮੇਘ ਨੇ ਸੌਦਾ ਸਾਧ ਦੇ ਡੇਰੇ ਪੁੱਜ ਕੇ ਨਾ ਸਿਰਫ਼ ਰਾਮ ਰਹੀਮ ਦੇ ਸੋਹਲੇ ਗਾਏ ਸਨ,ਬਲਕਿ ਬਾਬੇ ਅਤੇ ਡੇਰੇ ਵਿਚਲੇ ਪ੍ਰੇਮੀਆਂ ਨੂੰ ਮਹਾਨ ਦੱਸਦਿਆਂ ਵੋਟ ਮੰਗਣ ਨੂੰ ਆਪਣਾ ਹੱਕ ਦੱਸਿਆ ਸੀ। ਉਸ ਤੋਂ ਤੁਰੰਤ ਬਾਅਦ ਸਿਆਸੀ ਹਲਕਿਆਂ ਵਿਚ ਹੜਕੰਪ ਮਚ ਗਿਆ ਸੀ ਅਤੇ ਅਕਾਲੀ ਦਲ ਨੂੰ ਇਸ ਦਾ ਸੇਕ ਝੱਲਣਾ ਪੈ ਸਕਦਾ ਸੀ,ਲੇਕਿਨ ਲਗਦਾ ਹੈ,ਕਿ ਅਕਾਲੀ ਦਲ ਨੇ ਸਮਾਂ ਰਹਿੰਦੇ ਚੰਗਾ ਫੈਸਲਾ ਲੈ ਲਿਆ ਹੈ,ਕਿਉਂਕਿ ਉਸਦੇ ਉਮੀਦਵਾਰ ਹਰਦੇਵ ਸਿੰਘ ਮੇਘ ਨੇ ਅੱਜ ਖੁਦ ਹੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ,ਅਤੇ ਉਨ੍ਹਾਂ ਦੀ ਜਗ੍ਹਾ ਪਾਰਟੀ ਨੇ ਪ੍ਰਿਥੀ ਰਾਮ ਮੇਘਵਾਲ ਨੂੰ ਨਵਾਂ ਉਮੀਦਵਾਰ ਐਲਾਨਿਆ ਹੈ। ਚਾਹੇ ਉਨ੍ਹਾਂ ਇਸ ਨੂੰ ਪਰਿਵਾਰਕ ਕਾਰਨਾਂ ਦਾ ਨਾਮ ਦਿੱਤਾ,ਲੇਕਿਨ ਚਰਚਾਵਾਂ ਮੁਤਾਬਕ ਪਾਰਟੀ ਦੇ ਇਸ਼ਾਰੇ ਤੇ ਹੀ ਸ: ਮੇਘ ਨੇ ਇਹ ਐਲਾਨ ਕੀਤਾ ਹੈ। ਉਧਰ ਕਥਿਤ ਚਰਚਾ ਸੀ ਕੇ,ਜਿਸ ਤਰ੍ਹਾਂ ਹਰਦੇਵ ਸਿੰਘ ਸੌਦਾ ਸਾਧ ਦੇ ਡੇਰੇ ਪੁੱਜ ਕੇ ਬਾਬੇ ਅਤੇ ਡੇਰੇ ਦੀ ਜੈ-ਜੈ ਕਾਰ ਕਰ ਰਿਹਾ ਸੀ,ਉਸ ਤੋਂ ਉਹ ਅਕਾਲੀ ਘੱਟ ਤੇ ਡੇਰਾ ਪ੍ਰੇਮੀ ਜ਼ਿਆਦਾ ਦਿਸ ਰਿਹਾ ਸੀ, ਜਿਹੜਾ ਕਿ ਅਕਾਲੀ ਦਲ ਲਈ ਆਉਂਦੇ ਦਿਨਾਂ ਵਿੱਚ ਘਾਤਕ ਸਿੱਧ ਹੋ ਸਕਦਾ ਸੀ,ਕਿਉਂਕਿ ਅਕਾਲੀ ਦਲ ਵਾਲੇ ਖੁਦ ਲਈ ਇਕੋ-ਇੱਕ ਪੰਜਾਬੀ ਅਤੇ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦੇ ਹਨ,ਜਿਸ ਕਰਕੇ ਸਿਆਸੀ ਹਲਕਿਆਂ ਵਿੱਚ ਉਨ੍ਹਾਂ ਨੂੰ ਜਵਾਬ ਦੇਣਾ ਔਖਾ ਹੋ ਰਿਹਾ ਸੀ। ਉਧਰ ਇਹ ਵੀ ਪਤਾ ਲੱਗਾ ਹੈ,ਕਿ ਕਿਸਾਨ ਮੋਰਚੇ ਨੂੰ ਵੀ ਵੱਡਾ ਝਟਕਾ ਦਿੰਦੇ ਹੋਏ,ਉਸ ਦੇ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਤੌ ਉਮੀਦਵਾਰ ਭਗਵੰਤ ਸਿੰਘ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ।
Author: Gurbhej Singh Anandpuri
ਮੁੱਖ ਸੰਪਾਦਕ