ਬਟਾਲਾ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ’ਚ ਹੁਣ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਬਾਜਵਾ ਭਰਾਵਾਂ ਦਰਮਿਆਨ ਹੁਣ ਸਿਆਸੀ ਜੰਗ ਨਹੀਂ ਹੋਵੇਗੀ। ਕਿਉਂਕਿ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਨੇ ਫਤਿਹਜੰਗ ਸਿੰਘ ਬਾਜਵਾ ਨੂੰ ਟਿਕਟ ਨਹੀਂ ਦਿੱਤੀ ਜਦਕਿ ਕਾਂਗਰਸ ਪਾਰਟੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਾਦੀਆਂ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਪਹਿਲਾਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਬਾਜਵਾ ਭਰਾ ਆਹਮੋ-ਸਾਹਮਣੇ ਹੋਣਗੇ ਪ੍ਰੰਤੂ ਲੰਘੇ ਕੱਲ੍ਹ ਭਾਜਪਾ ਵੱਲੋਂ ਜਾਰੀ ਕੀਤੀ ਗਈ 34 ਉਮੀਦਵਾਰਾਂ ਦੀ ਸੂਚੀ ਅਨੁਸਾਰ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਗੱਠਜੋੜ ਦੇ ਤਹਿਤ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਨੇ ਮਾਸਟਰ ਜਗੀਰ ਸਿੰਘ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਫਤਹਿਜੰਗ ਸਿੰਘ ਬਾਜਵਾ ਕਿਸ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਦੀ ਹੈ। ਕਾਦੀਆਂ ’ਚ ਬਾਜਵਾ ਭਰਾਵਾਂ ਦੀ ਇਹ ਜੰਗ ਨਵੀਂ ਨਹੀਂ ਹੈ।
2012 ਤੱਕ ਇਥੋਂ ਪ੍ਰਤਾਪ ਸਿੰਘ ਬਾਜਵਾ ਚੋਣ ਲੜਦੇ ਰਹੇ ਹਨ ਜਦਕਿ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਬਾਜਵਾ ’ਚ ਵੀ ਇਥੋਂ ਐਮ ਐਲ ਏ ਰਹਿ ਚੁੱਕੇ ਹਨ। ਪ੍ਰੰਤੂ 2017 ’ਚ ਕਾਂਗਰਸ ਹਾਈ ਕਮਾਂਡ ਨੇ 2017 ’ਚ ਇਹ ਸੀਟ ਫਤਿਹਜੰਗ ਬਾਜਵਾ ਨੂੰ ਦੇ ਦਿੱਤੀ ਅਤੇ ਉਹ ਚੋਣ ਜਿੱਤ ਗਏ। ਪ੍ਰੰਤੂ ਹੁਣ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਇਥੋਂ ਚੋਣ ਲੜਨ ਦਾ ਫੈਸਲਾ ਕਰ ਲਿਆ। ਜਦੋਂ ਫਤਿਹਜੰਗ ਨੂੰ ਇਹ ਪਤਾ ਲੱਗਿਆ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਦੇ ਭਰਾ ਦੀ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਟਿਕਟ ਪੱਕੀ ਕਰ ਦਿੱਤੀ ਹੈ ਤਾਂ ਫਤਿਹਜੰਗ ਬਾਜਵਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਹੁਣ ਦੋਵੇਂ ਭਰਾਵਾਂ ਦੇ ਸਿਆਸੀ ਰਸਤੇ ਬੇਸ਼ੱਕ ਵੱਖ-ਵੱਖ ਹੋ ਗਏ ਹਨ ਪ੍ਰੰਤੂ ਦੋਵੇਂ ਭਰਾ ਇਕੋ ਹੀ ਕੋਠੀ ਵਿਚ ਰਹਿ ਰਹੇ ਹਨ। ਇਕ ਹੀ ਕੋਠੀ ’ਤੇ ਦੋਵੇਂ ਸਿਆਸੀ ਪਾਰਟੀਆਂ ਦੇ ਝੰਡੇ ਝੂਲਦੇ ਹੋਏ ਦਿਖਾਈ ਦੇ ਰਹੇ ਹਨ।
Author: Gurbhej Singh Anandpuri
ਮੁੱਖ ਸੰਪਾਦਕ