ਸਿਮਰਜੀਤ ਸਿੰਘ ਬੈਂਸ ਗ੍ਰਿਫ਼ਤਾਰ, ਧਾਰਾ 307 ਦੇ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ; ਕਾਂਗਰਸ ਉਮੀਦਵਾਰ ਕੜਵਲ ਧੜੇ ’ਤੇ ਹਮਲੇ ਦਾ ਦੋਸ਼

20

ਲੁਧਿਆਣਾ, 9 ਫ਼ਰਵਰੀ, 2022:
ਪੰਜਾਬ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਦੇ ਮੌਜੂਦਾ ਵਿਧਾਇਕ ਅਤੇ ਉਮੀਦਵਾਰ ਸ: ਸਿਮਰਜੀਤ ਸਿੰਘ ਬੈਂਸ ਨੂੰ ਅੱਜ ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ: ਬੈਂਸ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਇੰਜ ਕਰਕੇ ਕਾਂਗਰਸ ਪਾਰਟੀ ਚੋਣ ਪ੍ਰਕ੍ਰਿਆ ਨੂੰ ‘ਹਾਈਜੈਕ’ ਕਰ ਰਹੀ ਹੈ।

ਇਹ ਗ੍ਰਿਫ਼ਤਾਰੀ ਉਨ੍ਹਾਂ ਖਿਲਾਫ਼ ਅੱਜ ਹੀ ਦਰਜ ਹੋਈ ਇਰਾਦਾ-ਏ-ਕਤਲ ਦੀ ਇਕ ਐਫ.ਆਈ.ਆਰ. ਦੇ ਸੰਬੰਧ ਵਿੱਚ ਕੀਤੀ ਗਈ ਹੈ।
ਸ: ਬੈਂਸ ਨੂੰ ਅੱਜ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਅੰਦਰਲੇ ਬਾਰ ਰੂਮ ਦੇ ਬਾਹਰ ਗ੍ਰਿਫ਼ਤਾਰ ਕੀਤਾ ਗਿਆ। ਸ: ਬੈਂਸ ਅੱਜ ਵਕੀਲਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਨ ਬਾਰ ਰੂਮ ਪਹੁੰਚੇ ਸਨ। ਇਸ ਦੌਰਾਨ ਪੁਲਿਸ ਬਾਰ ਰੂਮ ਦੇ ਅੰਦਰ ਪਹੁੰਚ ਗਈ ਪਰ ਵਕੀਲਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ’ਤੇ ਪੁਲਿਸ ਬਾਹਰ ਆ ਗਈ ਅਤੇ ਜਿਵੇਂ ਹੀ ਸ: ਬੈਂਸ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਸ: ਬੈਂਸ ਨੂੰ ਗ੍ਰਿਫ਼ਤਾਰ ਕਰਕੇ ਏ.ਡੀ.ਸੀ.ਪੀ.-1 ਸ: ਰਵਚਰਨ ਸਿੰਘ ਬਰਾੜ ਆਪ ਜਿਪਸੀ ਚਲਾ ਕੇ ਬਾਹਰ ਨਿਕਲ ਰਹੇ ਸਨ ਤਾਂ ਸ:ਬੈਂਸ ਦੇ ਸਮਰਥਕਾਂ ਨੇ ਭਾਰੀ ਹੰਗਾਮਾ ਅਤੇ ਨਾਅਰੇਬਾਜ਼ੀ ਕੀਤੀ ਅਤੇ ਕੁਝ ਲੋਕ ਜਿਪਸੀ ਦੇ ਅੱਗੇ ਲੇਟ ਗਏ ਜਿਨ੍ਹਾ ਨੂੰ ਪੁਲਿਸ ਵੱਲੋਂ ਹਲਕਾ ਬਲ ਪ੍ਰਯੋਗ ਕਰਦੇ ਹੋਏ ਹਟਾਇਆ ਗਿਆ।

ਜ਼ਿਕਰਯੋਗ ਹੈ ਕਿ ਸ: ਬੈਂਸ ’ਤੇ ਦੋਸ਼ ਸੀ ਕਿ ਬੀਤੀ ਰਾਤ ਬੀਤੀ ਰਾਤ ਕੀਤੇ ਗਏ ਹਮਲੇ ਦੇ ਮਾਮਲੇ ਵਿੱਚ ਸ: ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਭਰਾ ਸ:ਪਰਮਜੀਤ ਸਿੰਘ ਬੈਂਸ ਅਤੇ ਬੇਟੇ ਅਜੇਪ੍ਰੀਤ ਸਿੰਘ ਬੈਂਸ ਸਣੇ 33 ਲੋਕਾਂ ਨੂੰ ਨਾਮਜ਼ਦ ਕਰਦਿਆਂ ਅਤੇ 100 ਤੋਂ 150 ਹੋਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸੰਬੰਧੀ ਥਾਣਾ ਸ਼ਿਮਲਾਪੁਰੀ ਵਿੱਚ ਐਫ.ਆਈ.ਆਰ. ਨੰਬਰ 19 ਅੱਜ ਦਰਜ ਕੀਤੀ ਗਈ ਹੈ। ਇਹ ਪਰਚਾ ਧਾਰਾ 307, 427, 148, 149, 506, 188 ਆਈ.ਪੀ.ਸੀ., 25,27 ਆਰਮਜ਼ ਐਕਟ, 51 ਡਿਜ਼ਾਸਟਰ ਮੈਨੇਜਮੈਂਟ ਐਕਟ, 3 ਐਪੀਡੈਮਿਕ ਡਿਸੀਜ਼ ਐਕਟ ਅਤੇ 127 ਰੀਪਰੈਸੈਂਟੇਸ਼ਨ ਆਫ਼ ਪੀਪਲ ਐਕਟ 1951 ਅਤੇ 1988 ਤਹਿਤ ਦਰਜ ਕੀਤਾ ਗਿਆ ਹੈ।

ਸ: ਬੈਂਸ ਅਤੇ ਸ: ਕੜਵਲ ਆਤਮ ਨਗਰ ਹਲਕੇ ਤੋਂ ਆਹਮੋ ਸਾਹਮਣੇ ਹਨ ਅਤੇ ਬੀਤੀ ਰਾਤ ਕੜਵਲ ਧੜੇ ਨੇ ਇਹ ਦੋਸ਼ ਲਗਾਇਆ ਸੀ ਕਿ ਬੈਂਸ ਧੜੇ ਨੇ ਹਲਕੇ ਵਿੱਚ ਹੀ ਉਨ੍ਹਾਂ ’ਤੇ ਹਮਲਾ ਬੋਲ ਦਿੱਤਾ ਜਿਸ ਵਿੱਚ ਨਾ ਕੇਵਲ ਪੱਥਰਬਾਜ਼ੀ ਅਤੇ ਕੁੱਟਮਾਰ ਕੀਤੀ ਗਈ ਸਗੋਂ ਗੋਲੀਆਂ ਵੀ ਚਲਾਈਆਂ ਗਈਆਂ। ਇਸ ਤੋਂ ਇਲਾਵਾ ਵੱਡੀ ਪੱਧਰ ’ਤੇ ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ।

ਇਸ ਸੰਬੰਧੀ ਵਾਇਰਲ ਹੋਏ ਇਕ ਵੀਡੀਓ ਵਿੱਚ ਗੱਡੀਆਂ ਦੀ ਭੰਨਤੋੜ ਅਤੇ ਪੱਥਰਬਾਜ਼ੀ ਤਾਂ ਸਪਸ਼ਟ ਹੈ ਅਤੇ ਇਕ ਵਿਅਕਤੀ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ 3 ਗੋਲੀਆਂ ਬੈਂਸ ਧੜੇ ਵੱਲੋਂ ਵੀ ਚਲਾਈਆਂ ਗਈਆਂ। ਕੜਵਲ ਧੜੇ ਦਾ ਇਕ ਵਿਅਕਤੀ ਇਹ ਵੀ ਕਹਿੰਦਾ ਨਜ਼ਰ ਆਉਂਦਾ ਹੈ ਕਿ ਅਸੀਂ ਵੀ ਜਵਾਬ ਦਿੱਤਾ। ‘ਉਨ੍ਹਾਂ ਨੇ ਐਕਸ਼ਨ ਕੀਤਾ ਤਾਂ ਅਸੀਂ ਵੀ ਰਿਐਕਸ਼ਨ ਕੀਤਾ।’

ਇਹ ਮਾਮਲਾ ਦਰਜ ਹੋਣ ਨਾਲ ਸ: ਬੈਂਸ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਇਆ ਹੈ ਅਤੇ ਹੁਣ ਵੇਖ਼ਣਾ ਹੋਵੇਗਾ ਕਿ ਉਹ ਇਸ ਸੰਬੰਧੀ ਕੀ ਚਾਰਾਜੋਈ ਕਰਦੇ ਹਨ।

ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਆਪਣਾ ਪੱਖ ਰੱਖਦਿਆਂ ਸ: ਬੈਂਸ ਨੇ ਕਿਹਾ ਕਿ ਕਾਂਗਰਸ ਪਾਰਟੀ ‘ਅਜ਼ਾਦ ਅਤੇ ਨਿਰਪੱਖ’ ਚੋਣ ਪ੍ਰਕ੍ਰਿਆ ਨੂੰ ਹਾਈਜੈਕ ਕਰਨਾ ਚਾਹੁੁੰਦੀ ਹੈ ਅਤੇ ਇਸੇ ਤਹਿਤ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਖਿਲਾਫ਼ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਸਵਾਲ ਕੀਤਾ ਕਿ ਚੋਣ ਕਮਿਸ਼ਨ ਦੱਸੇ ਕਿ ਵੋਟਾਂ ਦਾ ਕੰਮ ਚੋਣ ਕਮਿਸ਼ਨ ਨੇ ਕਰਵਾਉਣਾ ਹੈ ਜਾਂ ਫ਼ਿਰ ਕਾਂਗਰਸ ਸਰਕਾਰ?

ਉਨ੍ਹਾਂ ਕਿਹਾ ਕਿ ਬੀਤੀ ਰਾਤ ਜਦ ਉਹ ਪ੍ਰਚਾਰ ਕਰ ਰਹੇ ਸਨ ਤਾਂ ਯੋਜਨਾਬੱਧ ਤਰੀਕੇ ਨਾਲ ਇਕ ਕੋਠੇ ਤੋਂ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਬੋਤਲਾਂ ਪੱਥਰ ਵਰ੍ਹਾਏ ਗਏ ਅਤੇ ਉਨ੍ਹਾਂ ’ਤੇ ਫ਼ਾਇਰਿੰਗ ਵੀ ਕੀਤੀ ਗਈ। ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਥਾਂ ਪੁਲਿਸ ਨੇ ਸਾਰੀ ਰਾਤ ਉਨ੍ਹਾਂ ਨਾਲ ਸੰਬੰਧਤ ਕੌਂਸਲਰਾਂ ਅਤੇ ਹੋਰ ਸਾਥੀਆਂ ਦੇ ਘਰਾਂ ’ਤੇ ਕੰਧਾਂ ਕੋਠੇ ਟੱਪ ਕੇ ਛਾਪੇਮਾਰੀ ਕੀਤੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights