“ਸਰਕਾਰ ਵੱਲੋਂ ਸਿੱਖ ਨੌਜਵਾਨਾਂ ਦਾ ਭਵਿੱਖ ਬਰਬਾਦ ਕੀਤਾ ਜਾ ਰਿਹੈ : ਰਣਜੀਤ ਸਿੰਘ ਦਮਦਮੀ ਟਕਸਾਲ”
ਅੰਮ੍ਰਿਤਸਰ, 9 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਅੱਜ ਤਿਹਾੜ ਜੇਲ੍ਹ ‘ਚ ਨਜ਼ਰਬੰਦ ਭਾਈ ਜਗਤਾਰ ਸਿੰਘ ਜੱਗੀ ਜੌਹਲ ਤੇ ਸਮੂਹ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ। ਇਸ ਮੌਕੇ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਅਤੇ ਐੱਨ.ਆਈ.ਏ. ਵਰਗੀਆਂ ਏਜੰਸੀਆਂ ਵੱਲੋਂ ਡੂੰਘੀ ਸਾਜਿਸ਼ ਤਹਿਤ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ‘ਚ ਉਲਝਾ ਕੇ ਉਹਨਾਂ ਦਾ ਭਵਿੱਖ ਬਰਬਾਦ ਕੀਤਾ ਜਾ ਰਿਹਾ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਬ੍ਰਿਟਿਸ਼ ਨਾਗਰਿਕ ਭਾਈ ਜਗਤਾਰ ਸਿੰਘ ਜੱਗੀ ਜੌਹਲ ਜਦ ਪੰਜਾਬ ਆਇਆ ਸੀ ਤਾਂ ਉਸ ਦੇ ਵਿਆਹ ਤੋਂ ਕੁਝ ਦਿਨਾਂ ਬਾਅਦ 4 ਨਵੰਬਰ 2017 ਨੂੰ ਜਲੰਧਰ ਦੀ ਰਾਮਾਮੰਡੀ ਵਿਖੇ ਆਪਣੀ ਘਰਵਾਲੀ ਨਾਲ ਖਰੀਦੋਦਾਰੀ ਕਰਦਿਆਂ ਪੁਲਿਸ ਨੇ ਬੜੇ ਖਤਰਨਾਕ ਢੰਗ ਨਾਲ ਉਸ ਨੂੰ ਅਗਵਾ ਕਰ ਲਿਆ ਸੀ ਜਿਸ ਮਗਰੋਂ ਉਸ ਉੱਤੇ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ। ਉਸ ਸਮੇਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉਸ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਸੀ ਅਤੇ ਇੰਗਲੈਂਡ ਦੀ ਪਾਰਲੀਮੈਂਟ ਅਤੇ ਹੋਰ ਦੇਸ਼ਾਂ ‘ਚ ਵੀ ਇਹ ਮੁੱਦਾ ਜ਼ੋਰ-ਸ਼ੋਰ ਨਾਲ ਉੱਠਿਆ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਤਸ਼ੱਦਦ ਕਰਕੇ ਸਿੱਖ ਨੌਜਵਾਨਾਂ ‘ਤੇ ਝੂਠੇ ਜੁਰਮ ਕਬੂਲਣ ਲਈ ਦਬਾਅ ਪਾਇਆ ਜਾਂਦਾ ਹੈ ਤਾਂ ਜੋ ਕੇਸਾਂ ‘ਚ ਫਸਾਇਆ ਜਾ ਸਕੇ। ਉਹਨਾਂ ਕਿਹਾ ਕਿ ਜੱਗੀ ਜੌਹਲ ਨਿਰਦੋਸ਼ ਹੈ, ਉਸ ਉੱਤੇ ਪਾਏ ਕੇਸ ਪੁਲਿਸ ਅਤੇ ਐੱਨ ਆਈ ਏ ਅੱਜ-ਤਕ ਸਾਬਤ ਨਹੀਂ ਕਰ ਸਕੀ, ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਹਿੰਦੂ ਲੀਡਰਾਂ ਦੇ ਹੋਏ ਕਤਲ ਵਿੱਚ ਜੱਗੀ ਜੌਹਲ ਵੱਲੋਂ ਨੌਜਵਾਨਾਂ ਦੀ ਪੈਸੇ ਦੀ ਮਦਦ ਕਰਨ ਦੀ ਪੁਲਿਸ ਵੱਲੋਂ ਘੜੀ ਕਹਾਣੀ ਝੂਠੀ ਹੈ। ਉਹਨਾਂ ਕਿਹਾ ਕਿ ਭਾਰਤ ‘ਚ ਸਿੱਖਾਂ ਦੇ ਮਨੁੱਖੀ ਮਨੁੱਖੀ ਹੱਕਾਂ ਦਾ ਸ਼ਰ੍ਹੇਆਮ ਘਾਣ ਹੋ ਰਿਹਾ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ ਆਦਿ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਕਿਤਾਬਾਂ ਰੱਖਣ ਦੇ ਦੋਸ਼ ‘ਚ ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤਾ ਜਾਂਦੀ ਹੈ, ਭਾਈ ਜਗਮੀਤ ਸਿੰਘ ਅਤੇ ਉਸ ਦੇ ਮਾਤਾ ਜੀ ਨੂੰ ਸ਼ਾਂਤਮਈ ਢੰਗ ਨਾਲ ਕੌਮੀ ਅਜ਼ਾਦੀ ਦਾ ਪ੍ਰਚਾਰ ਕਰਨ ‘ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕਾਤਲ ਅਤੇ ਬਲਾਤਕਾਰੀ ਅਸਾਧ ਗੁਰਮੀਤ ਰਾਮ ਰਹੀਮ ਨੂੰ ਫਰਲੋ ਪੈਰੌਲ ਦੇ ਕੇ ਸਿੱਖ ਭਾਵਨਾਵਾਂ ਨੂੰ ਵਲੂੰਧਰਿਆ ਗਿਆ ਹੈ ਤੇ ਇਸ ਨਾਲ ਪੰਜਾਬ ਦਾ ਮਹੌਲ ਵੀ ਖਰਾਬ ਹੋ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ‘ਚ ਸਿੱਖਾਂ ਦਾ ਧਰਮ, ਬੋਲੀ, ਸੱਭਿਆਚਾਰ, ਪਹਿਰਾਵਾ ਖਤਰੇ ‘ਚ ਹੈ, ਸਿੱਖਾਂ ਨੂੰ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਜੱਗੀ ਜੌਹਲ ਦੇ ਮਾਸੀ ਜੀ ਬੀਬੀ ਮਨਜੀਤ ਕੌਰ, ਭੁਪਿੰਦਰ ਸਿੰਘ ਛੇ ਜੂਨ, ਗਗਨਦੀਪ ਸਿੰਘ ਸੁਲਤਾਨਵਿੰਡ, ਕਰਨਪ੍ਰੀਤ ਸਿੰਘ ਵੇਰਕਾ, ਲਖਵਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਕਿੱਟੂ, ਹਰਪ੍ਰੀਤ ਸਿੰਘ ਬੰਟੀ, ਲਖਵਿੰਦਰ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।
ਜੱਗੀ ਜੌਹਲ ਦੀ ਰਿਹਾਈ ਲਈ ਅਰਦਾਸ ਕਰਨ ਤੋਂ ਬਾਅਦ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ, ਬੀਬੀ ਮਨਜੀਤ ਕੌਰ ਤੇ ਹੋਰ।
Author: Gurbhej Singh Anandpuri
ਮੁੱਖ ਸੰਪਾਦਕ