“ਕੀ ਅਮਿਤ ਸ਼ਾਹ ਤੋਂ ਪੁੱਛਿਆ ਕਿ ਸਿਰਸੇ ਨੂੰ ਜੇਲ੍ਹ ਦਾ ਡਰਾਵਾ ਦੇ ਕੇ ਭਾਜਪਾ ਵੱਲ ਕਿਉਂ ਖਿੱਚਿਆ ? : ਰਣਜੀਤ ਸਿੰਘ, ਅੰਗਦ ਸਿੰਘ”
ਅੰਮ੍ਰਿਤਸਰ, 15 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ): ਬਾਦਲ ਦਲ ਵੱਲੋੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਕਾਰ ਹੋਈ ਬੰਦ ਕਮਰਾ ਮੀਟਿੰਗ ‘ਤੇ ਸਵਾਲ ਚੁੱਕਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਅੰਗਦ ਸਿੰਘ ਕਸ਼ਮੀਰ ਨੇ ਕਿਹਾ ਕਿ ਜਿਸ ਦਿਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਸ਼ਾਮਿਲ ਹੋਇਆ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਦਲੀਲ ਸੀ ਕਿ “ਜਦ ਵਿਦੇਸ਼ੀ ਹਮਲਾਵਰਾਂ ਨੇ ਭਾਰਤ ‘ਤੇ ਕਬਜਾ ਕੀਤਾ ਤਾਂ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜਾਂ ਧਰਮ ਚੁਣ ਲਵੋ ਜਾਂ ਕਰਮ। ਜਿਨ੍ਹਾਂ ਨੂੰ ਧਰਮ ਪਿਆਰਾ ਸੀ ਉਹਨਾਂ ਧਰਮ ਚੁਣਿਆ ਤੇ ਜਿਨ੍ਹਾਂ ਨੂੰ ਕਰਮ ਪਿਆਰਾ ਸੀ ਉਹਨਾਂ ਕਰਮ ਚੁਣ ਲਿਆ। ਫਿਰ ਜਦ ਮੁਗਲ ਆਏ ਉਹਨਾਂ ਕਿਹਾ ਜਾਂ ਧਰਮ ਚੁਣ ਲਵੋ ਜਾਂ ਜ਼ਿੰਦਗੀ। ਕੁਝ ਲੋਕਾਂ ਨੇ ਧਰਮ ਚੁਣਿਆ ਤੇ ਕਈਆਂ ਨੇ ਜ਼ਿੰਦਗੀ। ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸੇ ਲਈ ਇੱਕ ਪਾਸੇ ਜੇਲ੍ਹ ਸੀ ਤੇ ਇੱਕ ਪਾਸੇ ਭਾਜਪਾ ਅਤੇ ਸਿਰਸੇ ਨੇ ਜੇਲ ਜਾਣ ਦੀ ਬਜਾਏ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ।” ਇਸ ਗੱਲ ਨੂੰ ਯਾਦ ਕਰਵਾਉਂਦਿਆਂ ਫ਼ੈਡਰੇਸ਼ਨ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਮਨਜਿੰਦਰ ਸਿੰਘ ਸਿਰਸੇ ਨੂੰ ਜੇਲ੍ਹ ਦੇ ਡਰਾਵੇ ਦੇਣ ਵਾਲੇ ਉਸੇ ਅਮਿਤ ਸ਼ਾਹ ਨਾਲ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦ ਕਮਰਾ ਮੀਟਿੰਗ ਹੋ ਰਹੀ ਹੈ। ਕੀ ਗਿਆਨੀ ਹਰਪ੍ਰੀਤ ਸਿੰਘ ਨੇ ਅਮਿਤ ਸ਼ਾਹ ਨੂੰ ਪੁੱਛਿਆ ਕਿ ਤੁਸੀਂ ਸਾਡੇ ਬੰਦੇ ਮਨਜਿੰਦਰ ਸਿੰਘ ਸਿਰਸੇ ਨੂੰ ਜੇਲ੍ਹ ਦਾ ਡਰਾਵਾ ਦੇ ਕੇ ਭਾਜਪਾ ਵਿੱਚ ਕਿਉਂ ਲੈ ਗਏ ? ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਕਿਉਂ ਖਿੱਚੇ ਜਾ ਰਹੇ ਹਨ ? ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਕਿਹਾ ਸੀ ਕਿ ਬੰਦੀ ਸਿੰਘ ਰਿਹਾਅ ਕਰਾਂਗੇ ਹੁਣ ਢਾਈ-ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਰਿਹਾਅ ਕਿਉਂ ਨਾ ਕੀਤੇ ? ਫ਼ੈਡਰੇਸ਼ਨ ਚੀਫ਼ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿਘ ਨੇ ਸਾਬਤ ਕਰ ਦਿੱਤਾ ਹੈ ਕਿ ਜਿਹੜਾ ਵੀ ਤਨਖਾਹਦਾਰ ਜਥੇਦਾਰ ਬਾਦਲਕਿਆਂ ਦੇ ਲਿਫ਼ਾਫ਼ੇ ਵਿੱਚੋਂ ਨਿਕਲੇਗਾ ਉਹ ਪਹਿਲੇ ਜਥੇਦਾਰਾਂ ਨਾਲੋਂ ਵੀ ਘਟੀਆ, ਬੇਈਮਾਨ, ਨਲਾਇਕ ਤੇ ਕੌਮ ਘਾਤਕ ਸਿੱਧ ਹੋਵੇਗਾ। ਉਹਨਾਂ ਕਿਹਾ ਕਿ ਗੁਜ਼ਰਾਤ ਦੇ ਹਜ਼ਾਰਾਂ ਮੁਸਲਮਾਨਾਂ ਅਤੇ ਸੱਤ ਸੌ ਸਿੱਖ ਕਿਸਾਨਾਂ ਦੇ ਕਾਤਲ ਅਮਿਤ ਸ਼ਾਹ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਸਿਰੋਪਾਓ ਦੇ ਕੇ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲੋਂ ਤਾਂ ਸੇਵਾਦਾਰ ਭਾਈ ਕੁਲਵੰਤ ਸਿੰਘ ਹਜ਼ਾਰਾਂ ਗੁਣਾਂ ਚੰਗੇ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ‘ਚ ਐਲ ਕੇ ਅਡਵਾਨੀ ਨੂੰ ਸਿਰੋਪਾ ਨਹੀਂ ਸੀ ਦਿੱਤਾ ਤੇ ਕੌਮ ਦੀ ਰੱਖ ਵਿਖਾਈ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਤੰਜ ਕੱਸਦਿਆਂ ਕਿਹਾ ਕਿ ਆਪੇ ਰੋਗ ਲਾਉਣੇ,ਆਪੇ ਦੇਣੀਆਂ ਦੁਆਵਾਂ, ਜਾਹ ਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ। ਸੱਪਣੀ ਦੇ ਪੁੱਤ ਕਦੇ ਮਿੱਤ ਨਹੀਂ ਬਣੀਂਦੇ, ਓਏ ਇੰਝ ਨਹੀਂ ਕਰੀਂਦੇ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਫੇਸਬੁੱਕ ਖਾਤੇ ‘ਤੇ ਲਿਖੀ ਪੋਸਟ ਅਨੁਸਾਰ ਜਿਹੜੇ ਦੁੱਖਾਂ ਦਰਦਾਂ ਦੀ ਦਾਸਤਾਨ ਉਹਨਾਂ ਨੇ ਮੁਲਕ ਦੇ ਮਾਲਕਾਂ ਨਾਲ ਸਾਂਝੀ ਕੀਤੀ ਹੈ ਇਹ ਜਖਮ ਇਨ੍ਹਾਂ ਹਿੰਦੂ ਹਾਕਮਾਂ ਨੇ ਹੀ ਲਾਏ ਨੇ। ਜਦ ਚਾਹੁਣ ਜਖਮਾਂ ਉੱਤੇ ਮਲ੍ਹਮ ਲਾ ਕੇ ਸਾਡੀ ਕੌਮ ਨੂੰ ਭਰਮਾ ਸਕਦੇ ਨੇ, ਆਪੇ ਮਸਲੇ ਖੜ੍ਹੇ ਕਰਕੇ ਫੇਰ ਆਪੇ ਹੀ ਇਲਾਜ ਕਰਨੇ ਇਹੋ ਚਾਣਕਿਆ ਨੀਤੀ ਹੈ।